ਬੰਦ ਕਰੋ

ਡਿਪਟੀ ਕਮਿਸ਼ਨਰ ਨੇ ਵਿਸ਼ੇਸ ਜ਼ਰੂਰਤਾਂ ਵਾਲੇ ਬੱਚਿਆਂ ਨਾਲ ਮਨਾਈ ਦੀਵਾਲੀ

ਪ੍ਰਕਾਸ਼ਨ ਦੀ ਮਿਤੀ : 24/10/2019
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਨੇ ਵਿਸ਼ੇਸ ਜ਼ਰੂਰਤਾਂ ਵਾਲੇ ਬੱਚਿਆਂ ਨਾਲ ਮਨਾਈ ਦੀਵਾਲੀ
ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਬੱਚਿਆਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕਰਨ ਵਾਸਤੇ ਦਿੱਤਾ 2 ਲੱਖ ਰੁਪਏ ਦਾ ਚੈੱਕ
ਜ਼ਿਲਾ ਵਾਸੀਆਂ ਨੂੰ ਪ੍ਰਦੁਸ਼ਣ ਰਹਿਤ ਤਰੀਕੇ ਨਾਲ ਦੀਵਾਲੀ ਮਨਾਉਣ ਦੀ ਕੀਤੀ ਅਪੀਲ
ਤਰਨ ਤਾਰਨ, 24 ਅਕਤੂਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਸਮਰਪਣ ਸਪੈਸ਼ਲ ਸਕੂਲ ਤਰਨ ਤਾਰਨ ਵਿਖੇ ਵਿਸ਼ੇਸ ਜ਼ਰੂਤਤਾਂ ਵਾਲੇ ਬੱਚਿਆਂ ਨਾਲ ਦੀਵਾਲੀ ਮਨਾਈ ਅਤੇ ਉਹਨਾਂ ਨੂੰ ਫਲ਼ ਤੇ ਮਠਿਆਈਆਂ ਵੰਡੀਆਂ।ਇਸ ਮੌਕੇ ਸਕੱਤਰ ਜ਼ਿਲਾ ਰੈੱਡ ਕਰਾਸ ਸੋਸਾਇਟੀ ਸ੍ਰੀ ਤਜਿੰਦਰ ਸਿੰਘ ਰਾਜਾ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਬੱਚਿਆਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕਰਨ ਵਾਸਤੇ 2 ਲੱਖ ਰੁਪਏ ਦਾ ਚੈੱਕ ਦੇਣ ਦਾ ਵੀ ਐਲਾਨ ਕੀਤਾ।ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। 
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਤਿਓਹਾਰ ਖੁਸ਼ੀਆ ਅਤੇ ਖੇੜਿਆਂ ਦਾ ਸਰੋਤ ਹੋਇਆ ਕਰਦੇ ਸਨ, ਪਰ ਵਕਤ ਦੇ ਨਾਲ-ਨਾਲ ਮਨੁੱਖ ਨੇ ਇੰਨਾਂ ਨੂੰ ਪ੍ਰਦੂੁਸ਼ਣ ਦੇ ਕਾਰਨ ਬਣਾ ਕੇ ਰੱਖ ਦਿੱਤਾ ਹੈ। ਉਨਾਂ ਨੇ ਕਿਹਾ ਕਿ ਅਜਿਹਾ ਹੋਣ ਨਾਲ ਨਾ ਕੇਵਲ ਵਾਤਾਵਰਨ ਗੰਦਲਾ ਹੋ ਰਿਹਾ ਹੈ, ਸਗੋਂ ਮਨੁੱਖੀ ਮਨਾਂ ਨੂੰ ਸੱਚੀ ਖੁਸ਼ੀ ਨਹੀਂ ਮਿਲਦੀ ਹੈ ਅਤੇ ਤਿਓਹਾਰਾਂ ਦੀ ਵਿਰਾਸਤੀ ਦਿੱਖ ਹੀ ਵਿਗੜ ਗਈ ਹੈ। 
ਉਹਨਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਮਨੁੱਖ ਕੁਦਰਤ ਨਾਲ ਆਪਣੀ ਟੁੱਟੀ ਸਾਂਝ ਨੂੰ ਮੁੜ ਜੋੜੇ ਅਤੇ ਤਿਓਹਾਰਾਂ ਨੂੰ ਵਿਰਾਸਤੀ ਤਰੀਕੇ ਨਾਲ ਮਨਾਇਆ ਜਾਵੇ। ਉਨਾਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਵਿਰਾਸਤੀ ਤੰਦਾਂ ਨਾਲ ਜੁੜਾਂਗੇ ਤਾਂ ਕੁਦਰਤ ਨਾਲ ਸਾਡੀ ਨੇੜਤਾ ਆਪਣੇ ਆਪ ਹੀ ਹੋ ਜਾਵੇਗੀ।ਉਨਾਂ ਨੇ ਕਿਹਾ ਕਿ ਦੀਵਾਲੀ ਰੌਸ਼ਨੀਆਂ ਦਾ ਤਿਓਹਾਰ ਹੈ, ਪਟਾਕਿਆਂ ਕਾਰਨ ਨਾ ਕੇਵਲ ਹਵਾ ਅਤੇ ਸ਼ੋਰ ਪ੍ਰਦੁਸ਼ਣ ਹੁੰਦਾ ਹੈ, ਸਗੋਂ ਕਈ ਵਾਰ ਇੰਨਾਂ ਕਾਰਨ ਵਾਪਰਨ ਵਾਲੇ ਭਿਆਨਕ ਹਾਦਸੇ ਮਨੁੱਖੀ ਜਾਨਾਂ ਦੇ ਵੀ ਖੌਅ ਬਣ ਜਾਂਦੇ ਹਨ। 
ਇਸ ਮੌਕੇ ਉਹਨਾਂ ਜ਼ਿਲਾ ਵਾਸੀਆਂ ਨੂੰ ਇਸ ਮੌਕੇ ਅਪੀਲ ਕੀਤੀ ਕਿ ਉਹ ਦੀਵਾਲੀ ਨੂੰ ਪ੍ਰਦੁਸ਼ਣ ਮੁਕਤ ਤਰੀਕੇ ਨਾਲ ਮਨਾਉਣ ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਪ੍ਰਦੁਸ਼ਣ ਮੁਕਤ ਰੱਖ ਸਕੀਏ ਅਤੇ ਸਾਡੇ ਮਨਾਂ ਵਿਚ ਚੰਗੇ ਵਿਚਾਰਾਂ ਦਾ ਚਾਣਨ ਫੈਲੇ। 
———–