ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਜ਼ਿਲ੍ਹੇ ਵਿਚ ਰੁੱਖ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰੈਸ ਨੋਟ
ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਜ਼ਿਲ੍ਹੇ ਵਿਚ ਰੁੱਖ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼
ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿਚ ਲਗਾਏ ਗਏ ਬੂਟੇ
ਰੁੱਖ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਪਾਲਣਾ ਵੀ ਜ਼ਰੂਰੀ –ਡਿਪਟੀ ਕਮਿਸ਼ਨਰ
ਤਰਨ ਤਾਰਨ 15 ਜੁਲਾਈ ()- ਪੰਜਾਬ ਸਰਕਾਰ ਵੱਲੋਂ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਅੰਦਰ ਫ਼ਲਦਾਰ ਅਤੇ ਛਾਂਦਾਰ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਵੱਲੋਂ ਬੂਟੇ ਲਗਾ ਕੇ ਕੀਤੀ ਗਈ। ਇਸ ਮੌਕੇ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਹਰਭਗਵੰਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਜਗਵਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਪਰਮਜੀਤ ਸਿੰਘ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਣ ਹਿੱਤ ਰੁੱਖ ਲਗਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਿਰਫ ਰੁੱਖ ਲਗਾਉਣਾ ਹੀ ਮਕਸਦ ਨਹੀਂ ਹੈ ਬਲਕਿ ਇਸ ਦੀ ਸਾਂਭ ਸੰਭਾਲ ਅਤੇ ਪਾਲਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਹਰ ਵਿਅਕਤੀ ਰੁੱਖ ਤਾਂ ਲਗਾਵੇ ਹੀ ਪਰ ਉਸ ਦੀ ਸਾਂਭ ਸੰਭਾਲ ਵੀ ਜ਼ਰੂਰ ਕਰੇ। ਉਨ੍ਹਾਂ ਕਿਹਾ ਕਿ ਇਸ ਸੀਜਨ ਵਿਚ ਵੱਧ ਤੋਂ ਵੱਧ ਹਰ ਹਲਕੇ ਵਿਚ ਰੁੱਖ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਹ ਰੁੱਖ ਸਾਡੇ ਭਵਿੱਖ ਦਾ ਸਰਮਾਇਆ ਹਨ ਅਤੇ ਸਾਨੂੰ ਇਸ ਸਰਮਾਏ ਨੂੰ ਬਚਾ ਕੇ ਰਖਣਾ ਹੈ ।
ਇਸਤੋਂ ਇਲਾਵਾ ਵੱਖ ਵੱਖ ਬਲਾਕਾਂ ਦੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ ਵੱਲੋਂ ਸਕੂਲਾਂ ਵਿੱਚ ਰੁੱਖ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ । ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਹਰਭਗਵੰਤ ਸਿੰਘ ਨੇ ਕਿਹਾ ਕਿ ਇਸ ਸਮੇਂ ਅਧਿਆਪਕ ਸਹਿਬਾਨ ਆਪਣੇ ਸਕੂਲਾਂ ਦੇ ਨਾਲ ਨਾਲ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਸਹਾਇਤਾ ਨਾਲ ਆਮ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ । ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਜਗਵਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਪਰਮਜੀਤ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਅਲਾਦੀਨਪੁਰ ਵਿਖੇ ਰੁੱਖ ਲਗਾਏ ਅਤੇ ਅਧਿਆਪਕ ਸਹਿਬਾਨ ਨੂੰ ਇਹਨਾਂ ਰੁੱਖਾਂ ਨੂੰ ਬੱਚਿਆਂ ਵਾਂਗ ਪਾਲਣ ਲਈ ਪ੍ਰੇਰਿਤ ਕੀਤਾ ।