ਬੰਦ ਕਰੋ

ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਦੀ ਅਗਵਾਈ ਹੇਠ ਹੋਈ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ

ਪ੍ਰਕਾਸ਼ਨ ਦੀ ਮਿਤੀ : 24/01/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਦੀ ਅਗਵਾਈ ਹੇਠ ਹੋਈ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਅਦਾ ਕਰਨਗੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ
ਤਰਨ ਤਾਰਨ, 24 ਜਨਵਰੀ 
ਗਣਤੰਤਰ ਦਿਵਸ ਦੇ ਮੌਕੇ ‘ਤੇ 26 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਅੱਜ ਪੁਲਿਸ ਲਾਈਨ ਗਰਾਊਂਡ ਤਰਨ ਤਾਰਨ ਵਿਖੇ ਹੋਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ. ਏ. ਐਸ. ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਪਰੇਡ ਦਾ ਨਿਰੀਖਣ ਕੀਤਾ  ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।

ਡਿਪਟੀ ਕਮਿਸ਼ਨਰ ਵੱਲੋਂ ਪਰੇਡ ਦਾ ਮੁਆਇਨਾ ਕਰਨ ਤੋਂ ਉਪਰੰਤ ਪਰੇਡ ਕਮਾਂਡਰ ਸ਼੍ਰੀ ਆਸ਼ੋਕ ਮੀਨਾ ਆਈ. ਪੀ. ਐਸ. ਦੀ ਕਮਾਂਡ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਪੰਜਾਬ ਪੁਲਿਸ ਦੀ ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਐੱਨ. ਸੀ. ਸੀ. ਕੈਡਿਟਾਂ, ਪੰਜਾਬ ਪੁਲਿਸ ਬੈਂਡ ਅਤੇ ਸਕੂਲੀ ਵਿਦਿਆਰਥੀਆਂ ਦੇ ਬੈਂਡ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਇਸ ਤੋਂ ਬਾਅਦ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਸੱਭਿਆਚਾਰਕ ਪ੍ਰੋਗਰਾਮ  ਅਤੇ ਪੰਜਾਬ ਦਾ ਲੋਕ ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ।
ਫੁੱਲ ਡਰੈੱਸ ਰਿਹਰਸਲ ਤੋਂ ਬਾਅਦ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ 26 ਜਨਵਰੀ ਨੂੰ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ, ਜਿਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਝਾਕੀਆਂ ਦੀ ਵੀ ਪੇਸ਼ਕਾਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਜਿਲ੍ਹਾ ਪੱਧਰੀ ਸਮਾਗਮ ਨੂੰ  ਸੁਚੱਜੇ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਹਦਾਇਤ ਕੀਤੀ ਕਿ ਗਣਤੰਤਰ ਦਿਵਸ ਸਮਾਗਮ ਵਿੱਚ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਲਾਜ਼ਮੀ ਹੈ ਅਤੇ ਸਾਰੇ ਆਪਣਾ ਫ਼ਰਜ ਸਮਝਦੇ ਹੋਏ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸੁਰੱਖਿਆ, ਟ੍ਰੈਫਿਕ, ਪਾਰਕਿੰਗ ਸਮੇਤ ਸਾਰੇ ਲੋੜੀਂਦੇ ਇੰਤਜ਼ਾਮ ਪੁਖ਼ਤਾ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋ ਕੇ ਰੌਣਕਾਂ ਨੂੰ ਵਧਾਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੰਜੀਵ ਸ਼ਰਮਾ, ਐਸ. ਡੀ. ਐਮ ਤਰਨ ਤਾਰਨ ਸ੍ਰੀ ਅਰਵਿੰਦਰਪਾਲ ਸਿੰਘ, ਸਿਵਲ ਸਰਜਨ ਡਾ.ਗੁਰਪ੍ਰੀਤ ਸਿੰਘ ਰਾਏ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਹਰਜਿੰਦਰ ਸਿੰਘ ਸੰਧੂ  ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।