ਬੰਦ ਕਰੋ

ਤਰਨਤਾਰਨ ਅਧੀਨ ਆਉਦੇ ਦੁੱਧ ਸ਼ੀਤਲ ਕੇਂਦਰਾਂ ਵਿਖੇ ਲਗਾਏ ਗਏ ਵੱਖ-ਵੱਖ ਕਿਸਮ ਦੇ ਰੁੱਖ

ਪ੍ਰਕਾਸ਼ਨ ਦੀ ਮਿਤੀ : 16/06/2021

ਤਰਨਤਾਰਨ ਅਧੀਨ ਆਉਦੇ ਦੁੱਧ ਸ਼ੀਤਲ ਕੇਂਦਰਾਂ ਵਿਖੇ ਲਗਾਏ ਗਏ ਵੱਖ-ਵੱਖ ਕਿਸਮ ਦੇ ਰੁੱਖ
ਤਰਨ ਤਾਰਨ, 11 ਜੂਨ :
ਆਧੁਨਿਕਤਾ ਦੀ ਦੌੜ ਵਿੱਚ ਚੱਲ ਰਹੇ ਹਰੇਕ ਦੇਸ਼ ਵਿੱਚ ਪ੍ਰਦੂੂਸ਼ਣ ਹਰ ਦਿਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।ਜਿਸ ਦੇ ਨਤੀਜੇ ਸਾਨੂੰ ਸਮੇਂ ਸਮੇਂ ਤੇ ਵੇਖਣ ਨੂੰ ਮਿਲਦੇ ਹਨ। ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਨ ਦੇ ਪੱਧਰ ਕਾਰਨ ਤਾਪਮਾਨ ਵਿੱਚ ਵੀ ਦਿਨ ਪ੍ਰਤੀ ਦਿਨ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜੋ ਕਿ ਵਾਤਾਵਰਣ ਦੇ ਨਾਲ ਨਾਲ ਮਨੁੱਖਤਾਂ ਲਈ ਵੀ ਖਤਰਾ ਬਣਦਾ ਜਾ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਜਾਨਵਰ ਵੀ ਅਲੋਪ ਹੁੰਦੇ ਜਾ ਰਹੇ ਹਨ। ਇਸ ਦੇ ਨਾਲ ਹੀ ਇਨਸਾਨਾ ਨੂੰ ਵੀ ਕਈ ਕਿਸਮ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਲਈ ਵਾਤਾਵਰਣ ਨੂੰ ਬਚਾਉਣ ਵਾਸਤੇ, ਲੋਕਾਂ ਨੂੰ ਵਾਤਾਵਰਣ ਅਤੇ ਪ੍ਰਦੂਸ਼ਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਵਾਸਤੇ ਹਰ ਸਾਲ 5 ਜੂਨ ਨੂੰ ਵਿਸ਼ਵ ਭਰ ਵਿੱਚ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈੈ।
ਇਸ ਸਬੰਧ ਵਿੱਚ ਵੇਰਕਾ ਅੰਮ੍ਰਿਤਸਰ ਡੇਅਰੀ ਵਿਖੇ ਵੀ ਵਾਤਾਵਰਣ ਦਿਵਸ ਮਨਾਇਆ ਗਿਆ। ਜਿਸ ਦੌਰਾਨ ਵੇਰਕਾ ਅੰਮ੍ਰਿਤਸਰ ਡੇਅਰੀ ਅਤੇ ਇਸ ਦੇ ਨਾਲ ਜੁੜੇ ਹੋਏ ਜਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਅਧੀਨ ਆਉਦੇ ਦੁੱਧ ਸ਼ੀਤਲ ਕੇਂਦਰਾਂ ਵਿਖੇ ਵੱਖ ਵੱਖ ਕਿਸਮ ਦੇ ਰੁੱਖ ਲਗਾਏ ਗਏ।
ਇਸ ਮੌਕੇ ‘ਤੇ ਬੋਲਦਿਆਂ ਵੇਰਕਾ ਅੰਮ੍ਰਿਤਸਰ ਡੇਅਰੀ ਦੇ ਜਨਰਲ ਮੈਨੇਜਰ ਸ. ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਵੇਰਕਾ ਅੰਮ੍ਰਿਤਸਰ ਡੇਅਰੀ ਵਾਤਾਵਰਨ ਦੀ ਸਾਂਭ ਸੰਭਾਲ ਦੇ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦੋਰਾਨ ਉਨ੍ਹਾਂ ਵੱਲੋ ਇਹ ਵੀ ਕਿਹਾ ਗਿਆ ਕਿ ਸਾਡੇ ਆਲੇ ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣ ਨਾਲ, ਆਪਣੇ ਆਲੇ ਦੁਆਲੇ ਨੂੰ ਸਾਫ ਸੁੱਥਰਾ ਰੱਖਣ ਦੀਆਂ ਗਤੀਵਿੱਧੀਆਂ, ਪਾਣੀ ਦੀ ਬਰਬਾਦੀ ਤੋਂ ਬਚਣ, ਘੱਟ ਊਰਜਾਂ ਖਰਚ ਕਰਨ ਵਾਲੇ ਉਪਕਰਣਾ ਅਤੇ ਨਵਿਆਉਣਯੋਗ ਊਰਜ਼ਾ ਦੇ ਸਰੋਤਾਂ ਦੀ ਵਰਤੋਂ ਕਰਨ ਨਾਲ ਸਾਡੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸੰਭਾਲਿਆ ਜਾ ਸਕਦਾ ਹੈ।
ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਕੋਵਿਡ-19 ਦੀ ਮਹਾਂਮਾਰੀ ਦੌਰਾਨ, ਦੁਨੀਆਂ ਭਰ ਦੇ ਲੋਕਾਂ ਨੇ ਆਕਸੀਜਨ ਦੀ ਘਾਟ ਵੇਖੀ ਹੈ, ਅਤੇ ਰੁੱਖ ਆਕਸੀਜਨ ਦਾ ਕੁਦਰਤੀ ਸਰੋਤ ਹਨ, ਜੋ ਕਿ ਪ੍ਰਮਾਤਮਾ ਵੱਲੋ ਸਾਨੂੰ ਦਾਤ ਹੈ। ਇਸ ਸਬੰਧੀ ਉਨ੍ਹਾਂ ਨੇ ਲੋਕਾਂ ਨੂੰ ਰੁੱਖਾਂ ਦੀ ਮਹੱਤਤਾ ਦੱਸਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਆ, ਹਵਾ ਪ੍ਰਦੂਸ਼ਨ ਦੀ ਰੋਕਥਾਮ ਲਈ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸਾਂਭ ਸੰਭਾਲ ਦੇ ਲਈ ਹਰ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਅਸੀ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਕੁਦਰਤੀ ਸਰੋਤ ਛੱਡ ਸਕੀਏ।
ਇਸ ਮੌਕੇ ‘ਤੇ ਸ. ਗੁਰਦੇਵ ਸਿੰਘ ਸੰਧੂ ਮੈਨੇਜਰ ਦੁੱਧ ਪ੍ਰਾਪਤੀ, ਸ਼੍ਰੀ ਸਤਿੰਦਰ ਪ੍ਰਸ਼ਾਦ ਮੈਨੇਜਰ ਕੁਆਲਟੀ ਅਸ਼ਊਰੈਂਸ, ਸ. ਹਜੂਰ ਸਿੰਘ ਮੈਨੇਜਰ ਇੰਜੀਨਿਅਰਿੰਗ, ਸ. ਪ੍ਰੀਤਪਾਲ ਸਿੰਘ ਸਿਵੀਆਂ ਮੈਨੇਜਰ ਮਾਰਕੀਟਿੰਗ, ਸ਼੍ਰੀ ਵੀ ਕੇ ਗੁਪਤਾ ਇੰਚਾਰਜ ਪੋ੍ਰਡਕਸ਼ਨ, ਸ. ਅਮਰਦੀਪ ਸਿੰਘ ਸੇਖੋਂ ਇੰਨਚਾਰਜ ਪ੍ਰਚੇਜ਼, ਸ਼੍ਰੀਮਤੀ ਦਰਸ਼ਪ੍ਰੀਤ ਕੋਰ ਇੰਚਾਰਜ ਲੇਖਾ, ਸ਼੍ਰੀ ਅਸ਼ੀਸ ਅਰੋੜਾ ਇੰਚਾਰਜ ਸਕਿਓਰਟੀ ਅਤੇ ਹੋਰ ਕਰਮਚਾਰੀ ਆਦਿ ਮੌਜੂਦ ਸਨ।