ਬੰਦ ਕਰੋ

ਤਰਨ ਤਾਰਨ ਜ਼ਿਲ੍ਹੇ ਵਿੱਚ ਕੋਈ ਨਵੀਂਆਂ ਛੋਟਾਂ ਨਹੀਂ ਦਿੱਤੀਆਂ-ਜ਼ਿਲ੍ਹਾ ਮੈਜਿਸਟਰੇਟ

ਪ੍ਰਕਾਸ਼ਨ ਦੀ ਮਿਤੀ : 20/04/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਤਰਨ ਤਾਰਨ ਜ਼ਿਲ੍ਹੇ ਵਿੱਚ ਕੋਈ ਨਵੀਂਆਂ ਛੋਟਾਂ ਨਹੀਂ ਦਿੱਤੀਆਂ-ਜ਼ਿਲ੍ਹਾ ਮੈਜਿਸਟਰੇਟ
ਜੋ ਦੁਕਾਨਾਂ, ਅਦਾਰੇ, ਇੰਡਸਟਰੀ ਆਦਿ ਇਸ ਸਮੇਂ ਬੰਦ ਹਨ, ਉਹ ਅਗਲੇ ਹੁਕਮਾਂ ਤੱਕ ਵੀ ਰਹਿਣਗੇ ਬੰਦ
ਸਥਾਨਕ ਹਲਾਤਾਂ ਦੀ ਸਮੀਖਿਆ ਅਨੁਸਾਰ ਸਹੀ ਸਮੇਂ ਤੇ ਲਿਆ ਜਾਵੇਗਾ ਯੋਗ ਫੈਸਲਾ
ਤਰਨ ਤਾਰਨ, 19 ਅਪ੍ਰੈਲ :
ਕਰੋਨਾ ਵਾਇਰਸ ਕਾਰਨ ਹੋਣ ਵਾਲੀ ਕੋਵਿਡ 19 ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਤਰਨ ਤਾਰਨ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਜ਼ਿਲੇ੍ਹ ਵਿੱਚ ਹਾਲ ਦੀ ਘੜ੍ਹੀ ਕੋਈ ਨਵੀਂ ਛੋਟ ਨਹੀਂ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸਥਾਨਕ ਹਲਾਤਾਂ ਦੀ ਸਮੀਖਿਆ ਤੋਂ ਬਾਅਦ ਸਹੀ ਸਮੇਂ ਤੇ ਇਸ ਸਬੰਧੀ ਯੋਗ ਫੈਸਲਾ ਕੀਤਾ ਜਾਵੇਗਾ, ਪਰ ਫਿਲਹਾਲ ਜਿਹੜੀਆਂ ਬੰਦਸ਼ਾਂ ਪਹਿਲਾਂ ਤੋਂ ਚੱਲ ਰਹੀਆਂ ਹਨ ਉਹ ਉਸੇ ਤਰਾਂ ਲਾਗੂ ਰਹਿਣਗੀਆਂ।ਉਨਾਂ ਕਿਹਾ ਕਿ ਜੋ ਦੁਕਾਨਾਂ, ਅਦਾਰੇ, ਇੰਡਸਟਰੀ ਆਦਿ ਇਸ ਸਮੇਂ ਬੰਦ ਹਨ ਉਹ ਅਗਲੇ ਹੁਕਮਾਂ ਤੱਕ ਵੀ ਬੰਦ ਹੀ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕਿ ਕਿਸੇ ਅਦਾਰੇ ਜਾਂ ਇੰਡਸਟਰੀ ਵੱਲੋਂ ਦਿੱਤੇ ਗਏ ਮੁਕੰਮਲ ਪਲਾਨ ਦੇ ਆਧਾਰ ‘ਤੇ ਹੀ ਫੈਸਲਾ ਕਰੇਗੀ ਕਿ ਉਸ ਨੂੰ ਕਰਫ਼ਿਊ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਖੁੱਲ਼ ਦਿੱਤੀ ਜਾ ਸਕਦੀ ਹੈ ਜਾਂ ਨਹੀਂ।
ਜ਼ਿਲਾ ਮੈਜਿਸਟ੍ਰੇਟ ਨੇ ਜ਼ਿਲਾ ਵਾਸੀਆਂ ਨੂੰ ਸੱਪਸ਼ਟ ਕੀਤਾ ਕਿ ਉਹ ਦੇਸ਼ ਦੇ ਦੁਸਰੇ ਜ਼ਿਲਿਆਂ ਸਬੰਧੀ ਆ ਰਹੀਆਂ ਮੀਡੀਆ ਰਿਪੋਟਾਂ ਦੇ ਅਧਾਰ ‘ਤੇ ਤਰਨ ਤਾਰਨ ਜ਼ਿਲੇ ਵਿਚ ਵੀ ਅਜਿਹੀਆਂ ਕੋਈ ਛੋਟਾਂ ਹੋਣ ਦਾ ਗਲਤ ਅਰਥ ਨਾ ਲਗਾ ਲੈਣ।ਉਨਾਂ ਨੇ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਜੇਕਰ ਕੋਈ ਛੋਟ ਦਿੱਤੀ ਤਾਂ ਇਸ ਸਬੰਧੀ ਬਕਾਇਦਾ ਹੁਕਮ ਜਾਰੀ ਕਰਕੇ ਮੀਡੀਆ ਰਾਹੀਂ ਲੋਕਾਂ ਨੂੰ ਦੱਸਿਆ ਜਾਵੇਗਾ।
ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਸਮੇਂ ਜ਼ਿਲੇ੍ਹ ਵਿਚ ਲਏ ਗਏ ਸਖ਼ਤ ਫੈਸਲਿਆਂ ਅਤੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਜ਼ਿਲੇ ਦੇ ਸਮੂਹ ਨਾਗਰਿਕਾਂ ਵੱਲੋਂ ਦਿੱਤੇ ਭਰਪੂਰ ਸਹਿਯੋਗ ਸਦਕਾ ਹੀ ਇਹ ਸੰਭਵ ਹੋਇਆ ਹੈ ਕਿ ਜ਼ਿਲੇ ਵਿਚ ਕੋਈ ਵੀ ਕਰੋਨਾ ਮਰੀਜ਼ ਨਹੀਂ ਹੈ। ਪਰ ਇਹ ਸਫਲਤਾ ਤਾਂ ਹੀ ਬਰਕਰਾਰ ਰਹਿ ਸਕਦੀ ਹੈ, ਜੇਕਰ ਅਸੀਂ ਆਉਣ ਵਾਲੇ ਕੁਝ ਦਿਨਾਂ ਤੱਕ ਹੋਰ ਇਸੇ ਤਰਾਂ ਸੰਜਮ ਬਣਾਈ ਰੱਖੀਏ ਅਤੇ ਆਪਣੇ ਘਰਾਂ ਦੇ ਅੰਦਰ ਹੀ ਰਹੀਏ।
—————–