ਬੜੇ ਚਾਅ ਅਤੇ ਉਤਸ਼ਾਹ ਨਾਲ ਲਿਆ ਮਾਵਾਂ ਨੇ ਮਦਰਜ਼ ਵਰਕਸ਼ਾਪ ਵਿੱਚ ਹਿੱਸਾ
ਤਰਨ ਤਾਰਨ 27 ਮਈ 2022 – ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਮਾਪਿਆਂ ਦੀ ਭਾਗੀਦਾਰੀ ਬਣਾਉਣ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿੱਚ ਅੱਜ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਅੰਦਰ ਨੰਨ੍ਹੇ ਮੁੰਨੇ ਬੱਚਿਆਂ ਦੀਆਂ ਮਾਵਾਂ ਨੂੰ ਉਹਨਾਂ ਦੇ ਬੱਚਿਆਂ ਪ੍ਰਤੀ ਹੋਰ ਸੰਵੇਦਨਸ਼ੀਲ ਬਣਾਉਣ ਅਤੇ ਛੁੱਟੀਆਂ ਦੌਰਾਨ ਘਰ ਵਿਚ ਆਪਣੇ ਬੱਚਿਆਂ ਨੂੰ ਕੰਮ ਕਰਵਾਉਣ ਦੇ ਉਦੇਸ਼ ਨਾਲ ਮਾਵਾਂ ਨੂੰ ਸਕੂਲ ਵਿੱਚ ਬੁਲਾ ਕੇ ਕਰਵਾਈਆਂ ਜਾਂ ਵਾਲੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ । ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਜਗਵਿੰਦਰ ਸਿੰਘ ਜੀ ਨੇ ਕਿਹਾ ਕਿ ਮਦਰ ਵਰਕਸ਼ਾਪ ਦਾ ਮੁੱਖ ਉਦੇਸ਼ ਮਾਵਾਂ ਅਤੇ ਸਕੂਲ ਵਿਚਕਾਰ ਆਪਸੀ ਤਾਲਮੇਲ ਸਥਾਪਿਤ ਕਰਨਾ ਹੈ । ਇਸਦੇ ਨਾਲ ਨਾਲ ਮਾਵਾਂ ਨੂੰ ਘਰ ਵਿਚ ਬੱਚਿਆਂ ਨੂੰ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਵਰਤੇ ਜਾਂ ਵਾਲੇ ਸਮਾਨ ਬਾਰੇ ਜਾਣਕਾਰੀ ਦੇਣਾ ਹੈ । ਉਹਨਾਂ ਕਿਹਾ ਕਿ ਅੱਜ ਦੀ ਵਰਕਸ਼ਾਪ ਵਿੱਚ ਪਜ਼ਲ ਸੈੱਟ, ਲੇਸਿੰਗ ਸੈੱਟ ਅਤੇ ਟ੍ਰੇਸਿੰਗ ਸੈੱਟ ਬਣਾਉਣ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਵੱਖ ਵੱਖ ਗਤੀਵਿਧੀਆਂ ਵਿਚ ਮਾਵਾਂ ਦੀ ਭਾਗੀਦਾਰੀ ਬਣਾਈ ਗਈ । ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਪਰਮਜੀਤ ਸਿੰਘ ਜੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਤਾ ਪਿਤਾ ਸਹਿਬਾਨ ਨੂੰ ਸਕੂਲਾਂ ਨਾਲ ਜੋੜਨ ਲਈ ਸਿੱਖਿਆ ਵਿਭਾਗ ਬਿਹਤਰੀਨ ਉਪਰਾਲੇ ਕਰ ਰਹੀ ਹੈ । ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ੍ਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਮਦਰਜ਼ ਵਰਕਸ਼ਾਪ ਨਾਲ ਮਾਵਾਂ ਨੂੰ ਘਰ ਵਿਚ ਰੰਗ, ਗਿਣਤੀ, ਹਲਕਾ – ਭਾਰੀ, ਫਲ, ਸਬਜ਼ੀਆਂ ਅਤੇ ਆਲੇ ਦੁਆਲੇ ਸਬੰਧੀ ਜਾਣਕਾਰੀ ਦੇਣਾ ਹੈ । ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀ ਬਹੁਤ ਤੇਜ਼ੀ ਨਾਲ ਸਿੱਖਦੇ ਹਨ । ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਵਲਟੋਹਾ ਨੇ ਵੱਖ ਵੱਖ ਸਕੂਲਾਂ ਵਿਚ ਮਦਰਜ਼ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਅਤੇ ਮਾਵਾਂ ਨੂੰ ਵੱਧ ਤੋਂ ਵੱਧ ਸਕੂਲ ਵਿਚ ਅਧਿਆਪਕ ਸਹਿਬਾਨ ਨਾਲ ਰਾਬਤਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ । ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਭਿੱਖੀਵਿੰਡ/ਗੰਡੀਵਿੰਡ ਸ੍ਰੀਮਤੀ ਪਰਮਜੀਤ ਕੌਰ ਨੇ ਵੀ ਆਈਆਂ ਹੋਈਆਂ ਮਾਵਾਂ ਦੀਆਂ ਗਤੀਵਿਧੀਆਂ ਨੂੰ ਦੇਖਿਆ ਅਤੇ ਵੱਧ ਤੋਂ ਵੱਧ ਸਕੂਲਾਂ ਵਿਚ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ । ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਤਰਨ ਤਾਰਨ ਪਰਾਪਰ ਸ੍ਰੀਮਤੀ ਮਥੁਰਾ ਦੇਵੀ , ਬੀ.ਈ.ਈ.ਓ. ਨੂਰਦੀ ਸ੍ਰ ਹਰਜਿੰਦਰਪ੍ਰੀਤ ਸਿੰਘ ਅਤੇ ਬੀ.ਈ.ਈ.ਓ.ਨੌਸ਼ਹਿਰਾ ਪਨੂੰਆਂ /ਖਡੂਰ ਸਾਹਿਬ ਦਿਲਬਾਗ ਸਿੰਘ ਨੇ ਇਹਨਾਂ ਵਰਕਸ਼ਾਪਾਂ ਨੂੰ ਵਿਦਿਆਰਥੀਆਂ ਲਈ ਵਰਦਾਨ ਦਸਿਆ ਅਤੇ ਕਿਹਾ ਕਿ ਇਹ ਵਰਕਸ਼ਾਪ ਸਮੇਂ ਸਮੇਂ ਤੇ ਸਕੂਲਾਂ ਵਿਚ ਆਯੋਜਿਤ ਹੋਣੀਆਂ ਚਾਹੀਦੀਆਂ ਹਨ । ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸ੍ਰੀ ਅਨੂਪ ਮੈਣੀ ਨੇ ਕਿਹਾ ਕਿ ਇਹਨਾਂ ਵਰਕਸ਼ਾਪਾਂ ਦਾ ਉਦੇਸ਼ ਮਾਵਾਂ ਦੀ ਭਾਗੀਦਾਰੀ ਬਣਾ ਕੇ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਤੇਜ਼ੀ ਨਾਲ ਕਰਨਾ ਹੈ । ਉਹਨਾਂ ਕਿਹਾ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਹੀ ਲਾਹੇਵੰਦ ਹਨ । ਉਹਨਾਂ ਕਿਹਾ ਕਿ ਹੁਣ ਸਤੰਬਰ, ਦਸੰਬਰ ਅਤੇ ਮਾਰਚ ਵਿੱਚ ਹੋਣ ਵਾਲੀਆਂ ਮਦਰਜ਼ ਵਰਕਸ਼ਾਪ ਇਸ ਤੋਂ ਵੀ ਵਧੇਰੇ ਪ੍ਰਭਾਵਸ਼ਾਲੀ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ ।