ਨਵੇਂ ਉੱਦਮ ਬਿਨਾਂ ਚੰਗੇ ਨਤੀਜਿਆਂ ਦੀ ਆਸ ਅਸੰਭਵ-ਡਾ. ਭੁਪਿੰਦਰ ਸਿੰਘ ਏਓ
ਦਫ਼ਤਰ ਜ਼ਿਲ੍ਹਾ ਲੋਕ ਸਪਰਕ ਅਫ਼ਸਰ, ਤਰਨ ਤਾਰਨ
ਨਵੇਂ ਉੱਦਮ ਬਿਨਾਂ ਚੰਗੇ ਨਤੀਜਿਆਂ ਦੀ ਆਸ ਅਸੰਭਵ-ਡਾ. ਭੁਪਿੰਦਰ ਸਿੰਘ ਏਓ
ਪਰਾਲੀ ਪ੍ਰਬੰਧਨ ਅਤੇ ਸੁੱਕੇ ਕੱਦੂ ਨਾਲ ਲਗਾਏ ਝੋਨੇ ਦੇ ਵਧੀਆ ਨਤੀਜਾ ਮਿਲੇ-ਅਗਾਂਹਵਧੂ ਕਿਸਾਨ
ਤਰਨ ਤਾਰਨ, 11 ਨਵੰਬਰ :
ਨਵੇਂ ਉੱਦਮ ਦੀ ਸ਼ੁਰੂਆਤ ਕਰਨੀ ਭਾਵੇਂ ਥੋੜੀ ਔਖੀ ਹੁੰਦੀ ਹੈ, ਪਰ ਸ਼ੁੁਰੂਆਤ ਕੀਤੇ ਬਿਨਾਂ ਚੰਗੇ ਨਤੀਜਿਆਂ ਦੀ ਆਸ ਵੀ ਅਸੰਭਵ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਟੀ ਨੇ ਪਿੰਡ ਬੂਹ ਹਵੇਲੀਆਂ ਵਿਖੇ ਪਰਾਲੀ ਪ੍ਰਬੰਧਨ ਨਿਰੀਖਣ ਮੌਕੇ ਕੀਤਾ।
ਨਿਰੀਖਣ ਮੌਕੇ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਪ੍ਰੇਰਨਾ ਨਾਲ ਛੇ ਸਾਲ ਤੋਂ 28 ਏਕੜ ਰਕਬੇ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹਾਂ ਅਤੇ ਇਸ ਵਾਰ ਸੁਪਰ ਸੀਡਰ ਨਾਲ ਕਣਕ ਬਿਜਾਈ ਕਰਨ ਦਾ ਮਨ ਬਣਿਆ ਹੈ। ਸ਼ੁਰੂਆਤ ਸਮੇਂ ਪਰਾਲੀ ਵਿਚ ਕਣਕ ਬਿਜਾਈ ਕਰਨੀ ਔਖੀ ਲੱਗੀ ਸੀ ਪਰ ਸਮੇਂ ਦੇ ਨਾਲ ਨਾਲ ਸਾਰੇ ਤੌਖਲੇ ਦੂਰ ਹੋ ਗਏ।ਸਾਲ ਦਰ ਸਾਲ ਪਰਾਲੀ ਪ੍ਰਬੰਧਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਰਸਾਇਣਕ ਖਾਦਾਂ ਅਤੇ ਦੂਜੇ ਜ਼ਹਿਰਾਂ ਤੋਂ ਬੱਚਤ ਹੋ ਰਹੀ ਹੈ। ਜਦਕਿ ਕਣਕ ਅਤੇ ਝੋਨੇ ਦੇ ਝਾੜ ਵਿੱਚ ਵੀ ਸੁਧਾਰ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਵਾਰ ਸੁਪਰ ਐਸਐਮਐਸ ਕੰਬਾਇਨ ਨਹੀਂ ਮਿਲਣ ਤੇ ਕੰਬਾਈਨ ਵਾਲੇ ਨੂੰ ਦਿੱਤੇ ਜਾਣ ਵਾਲੇ ਵਾਧੂ ਖਰਚੇ ਵਿੱਚ ਹੀ ਮਲਚਰ ਕਰਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਆਸਾਨੀ ਨਾਲ ਹੋ ਰਹੀ ਹੈ।
ਸੁਪਰ ਐਸਐਮਐਸ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਾ ਰਹੇ ਬੂਹ ਹਵੇਲੀਆਂ ਦੇ ਹੀ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ। ਹੈਪੀ ਸੀਡਰ ਨਾਲ ਰਵਾਇਤੀ ਤਕਨੀਕ ਦੇ ਮੁਕਾਬਲੇ ਬਿਨਾਂ ਦੇਰੀ ਤੋਂ ਝੋਨੇ ਦੀ ਕਟਾਈ ਉਪਰੰਤ ਹੀ ਬਿਜਾਈ ਹੋ ਜਾਂਦੀ ਹੈ। ਪਰਾਲੀ ਦੀ ਮਿਕਦਾਰ ਅਨੁਸਾਰ ਡੀਜ਼ਲ ਦੀ ਤਿੰਨ ਤੋਂ ਚਾਰ ਲਿਟਰ ਖਪਤ ਨਾਲ ਬਹੁਤ ਘੱਟ ਸਮੇਂ ਵਿੱਚ ਬਿਜਾਈ ਹੋ ਜਾਂਦੀ ਹੈ।ਰਵਾਇਤੀ ਤਕਨੀਕ ਨਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਵਾਤਾਵਰਨ ਖਰਾਬ ਹੁੰਦਾ ਸੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਣ ਨਾਲ ਰਸਾਇਣਕ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਵੱਧ ਜਾਂਦੀ ਸੀ ਜਦ ਕਿ ਪਰਾਲੀ ਨੂੰ ਖੇਤ ਵਿੱਚ ਹੀ ਰੱਖਣ ਨਾਲ ਰਾਹਤ ਮਿਲੀ ਹੈ।
ਫਸਲੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਰੱਖ ਕੇ ਫਸਲਾਂ ਦਾ ਚੰਗਾ ਝਾੜ ਲੈ ਰਹੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਡਾ. ਦਲੇਰ ਸਿੰਘ ਤਕਨੀਕ ਨਾਲ ਸੁੱਕਾ ਕੱਦੂ ਕਰਕੇ ਸਾਢੇ ਚਾਰ ਏਕੜ ਵਿੱਚ ਝੋਨੇ ਦੀ ਲਵਾਈ ਦਾ ਨਵਾਂ ਤਜਰਬਾ ਕੀਤਾ ਹੈ।ਇਸ ਦੇ ਨਤੀਜੇ ਵਧੀਆ ਮਿਲੇ ਹਨ। ਭਵਿੱਖ ਵਿੱਚ ਉਹ ਰਵਾਇਤੀ ਕੱਦੂ ਦੀ ਬਜਾਏ ਸੁੱਕੇ ਕੱਦੂ ਅਤੇ ਡੀਐਸਆਰ ਨਾਲ ਹੀ ਝੋਨੇ ਦੀ ਬਿਜਾਈ ਨੂੰ ਤਰਜੀਹ ਦੇਵੇਗਾ।
ਇਸ ਮੌਕੇ ਗੁਰਬਰਿੰਦਰ ਸਿੰਘ ਏਡੀਓ, ਸਰਕਲ ਅਧਿਕਾਰੀ ਦਇਆਪ੍ਰੀਤ ਸਿੰਘ ਏਈਓ, ਖੇਤੀ ਉਪ ਨਿਰੀਖਕ ਗੁਰਸਿਮਰਨ ਸਿੰਘ, ਨਿਸ਼ਾਨ ਸਿੰਘ, ਗੁਰਲਾਲ ਸਿੰਘ ਫੀਲਡ ਵਰਕਰ ਨੇ ਉੱਦਮੀ ਕਿਸਾਨਾਂ ਨੂੰ ਸਨਮਾਨਿਤ ਕਰਦਿਆਂ ਦੂਜੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਤਕਨੀਕਾਂ ਨੂੰ ਸਮਝ ਕੇ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ ਤੋਂ ਕਿਨਾਰਾ ਕਰਨਾ।