ਬੰਦ ਕਰੋ

ਨਹਿਰੂ ਯੁਵਾ ਕੇਂਦਰ ਵੱਲੋਂ ਪਿੰਡ ਵਰਿਆਣਾ ਵਿਖੇ ਜ਼ਿਲ੍ਹਾ ਯੁਵਾ ਅਫ਼ਸਰ ਜਸਲੀਨ ਕੌਰ ਦੀ ਦੇਖ-ਰੇਖ ਹੇਠ ਕੀਤਾ ਗਿਆ ਸਵੱਛਤਾ ਹੀ ਸੇਵਾ ਮੁਹਿੰਮ ਦਾ ਆਯੋਜਨ

ਪ੍ਰਕਾਸ਼ਨ ਦੀ ਮਿਤੀ : 25/09/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਨਹਿਰੂ ਯੁਵਾ ਕੇਂਦਰ ਵੱਲੋਂ ਪਿੰਡ ਵਰਿਆਣਾ ਵਿਖੇ ਜ਼ਿਲ੍ਹਾ ਯੁਵਾ ਅਫ਼ਸਰ ਜਸਲੀਨ ਕੌਰ ਦੀ ਦੇਖ-ਰੇਖ ਹੇਠ ਕੀਤਾ ਗਿਆ ਸਵੱਛਤਾ ਹੀ ਸੇਵਾ ਮੁਹਿੰਮ ਦਾ ਆਯੋਜਨ
ਕਰੀਬ 200 ਕਿਲੋ ਪਲਾਸਟਿਕ ਇਕੱਠਾ ਕਰਕੇ ਕੀਤਾ ਗਿਆ ਪਲਾਸਟਿਕ ਦੇ ਕੂੜੇ ਦਾ ਨਿਪਟਾਰਾ
ਤਰਨ ਤਾਰਨ, 24 ਸਤੰਬਰ :
ਨਹਿਰੂ ਯੁਵਾ ਕੇਂਦਰ ਤਰਨਤਾਰਨ, ਭਾਰਤ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਮੰਤਰਾਲਾ ਵੱਲੋਂ ਪਿੰਡ ਵਰਿਆਣਾ ਵਿਖੇ ਜ਼ਿਲ੍ਹਾ ਯੁਵਾ ਅਫ਼ਸਰ ਜਸਲੀਨ ਕੌਰ ਦੀ ਦੇਖ-ਰੇਖ ਹੇਠ ਸਵੱਛਤਾ ਹੀ ਸੇਵਾ ਮੁਹਿੰਮ ਦਾ ਆਯੋਜਨ ਕੀਤਾ ਗਿਆ।ਇਹ ਸਫ਼ਾਈ ਮੁਹਿੰਮ ਨਾਮਧਾਰੀ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਚਲਾਈ ਗਈ।ਇਸ ਪ੍ਰੋਗਰਾਮ ਵਿੱਚ ਨਾਮਧਾਰੀ ਸਪੋਰਟਸ ਕਲੱਬ ਦੇ ਚੇਅਰਮੈਨ ਹਰਜੀਤ ਸਿੰਘ, ਨਾਮਧਾਰੀ ਸਪੋਰਟਸ ਕਲੱਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ, ਪਿੰਡ ਦੇ ਸਰਪੰਚ, ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਰੇ ਪ੍ਰਤੀਯੋਗੀਆਂ ਨੇ ਸਵੱਛਤਾ ਦਾ ਪ੍ਰਣ ਲਿਆ।ਸਹੁੰ ਚੁੱਕਣ ਉਪਰੰਤ ਸਵੱਛਤਾ ਰੈਲੀ ਦੇ ਨਾਲ ਪਿੰਡ ਵਰਿਆਣਾ ਦੀਆਂ ਗਲੀਆਂ ਵਿੱਚ ਸਫ਼ਾਈ ਮੁਹਿੰਮ ਕੱਢੀ ਗਈ। ਕਲੱਬ ਦੇ ਮੈਂਬਰਾਂ ਨੇ ਅੰਮ੍ਰਿਤ ਸਰੋਵਰ ਨੇੜੇ ਸਿੰਗਲ ਯੂਜ਼ ਪਲਾਸਟਿਕ ਵੀ ਇਕੱਠਾ ਕੀਤਾ। ਨਹਿਰੂ ਯੁਵਾ ਕੇਂਦਰ ਤਰਨਤਾਰਨ ਦੀ ਅਗਵਾਈ ਹੇਠ ਸਾਰਿਆਂ ਨੇ ਮਿਲ ਕੇ ਕਰੀਬ 200 ਕਿਲੋ ਪਲਾਸਟਿਕ ਇਕੱਠਾ ਕਰਕੇ ਇਸ ਪਲਾਸਟਿਕ ਦੇ ਕੂੜੇ ਦਾ ਨਿਪਟਾਰਾ ਕੀਤਾ।
ਜ਼ਿਲ੍ਹਾ ਯੂਥ ਅਫ਼ਸਰ ਜਸਲੀਨ ਕੌਰ ਨੇ ਦੱਸਿਆ ਕਿ ਇਹ ਸਵੱਛਤਾ ਹੀ ਸੇਵਾ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ ਭਰ ਵਿੱਚ ਚਲਾਈ ਜਾ ਰਹੀ ਹੈ, ਜਿਸ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਖਾਸ ਕਰਕੇ ਨੌਜਵਾਨ ਇਸ ਸਵੱਛਤਾ ਮੁਹਿੰਮ ਵਿੱਚ ਅੱਗੇ ਆ ਕੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਹ ਮੈਗਾ ਡਰਾਈਵ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਯੂਥ ਕਲੱਬਾਂ ਰਾਹੀਂ ਚਲਾਈ ਜਾ ਰਹੀ ਹੈ।
ਜ਼ਿਲ੍ਹਾ ਯੂਥ ਅਫ਼ਸਰ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਵੱਛ ਭਾਰਤ ਅਭਿਆਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ। ਜਸਲੀਨ ਕੌਰ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਅਤੇ ਇਸ ਦੀ ਬਜਾਏ ਧਾਤੂ ਦੀਆਂ ਬੋਤਲਾਂ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ। ਜ਼ਿਲ੍ਹਾ ਯੂਥ ਅਫ਼ਸਰ ਨੇ ਸਿੰਗਲ ਯੂਜ਼ ਪਲਾਸਟਿਕ ਤੋਂ ਵਾਤਾਵਰਨ ਅਤੇ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ।
ਜ਼ਿਲ੍ਹਾ ਯੂਥ ਅਫ਼ਸਰ ਸ੍ਰੀਮਤੀ ਜਸਲੀਨ ਕੌਰ ਨੇ ਦੱਸਿਆ ਕਿ ਹੁਣ ਤੱਕ ਨਹਿਰੂ ਯੁਵਾ ਕੇਂਦਰ ਵੱਲੋਂ ਯੂਥ ਕਲੱਬਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ 100 ਤੋਂ ਵੱਧ ਥਾਵਾਂ ’ਤੇ ਸਫ਼ਾਈ ਮੁਹਿੰਮ ਚਲਾਈ ਜਾ ਚੁੱਕੀ ਹੈ।