ਨਾੜ ਤੇ ਪਰਾਲੀ ਪ੍ਰਬੰਧਨ ਸਬੰਧੀ ਐਕਸ਼ਨ ਪਲਾਨ ਅਨੁਸਾਰ ਦਿੱਤੀਆਂ ਗਈਆਂ ਡਿਊਟੀਆਂ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤੀ ਜਾਵੇ-ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਨਾੜ ਤੇ ਪਰਾਲੀ ਪ੍ਰਬੰਧਨ ਸਬੰਧੀ ਐਕਸ਼ਨ ਪਲਾਨ ਅਨੁਸਾਰ ਦਿੱਤੀਆਂ ਗਈਆਂ ਡਿਊਟੀਆਂ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤੀ ਜਾਵੇ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਨਾੜ ਤੇ ਪਰਾਲੀ ਪ੍ਰਬੰਧਨ ਸਬੰਧੀ ਵਿਸ਼ੇਸ ਮੀਟਿੰਗ
ਤਰਨ ਤਾਰਨ, 14 ਫਰਵਰੀ :
ਨਾੜ ਅਤੇ ਪਰਾਲੀ ਪ੍ਰਬੰਧਨ ਸਬੰਧੀ ਅਗਾਂਹੂ ਐਕਸ਼ਨ ਪਲਾਨ ਤਿਆਰ ਕਰਨ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੀ ਪ੍ਰਧਾਨਗੀ ਹੇਠ ਸਬੰਧਿਤ ਵਿਭਾਗਾਂ ਦੀ ਵਿਸ਼ੇਸ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਐੱਸ.ਡੀ .ਐੱਮ. ਪੱਟੀ ਸ੍ਰੀ ਅਮਨਪ੍ਰੀਤ ਸਿੰਘ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਦਪਕ ਭਾਟੀਆ, ਜ਼ਿਲ੍ਹਾ ਮਾਲ ਅਫ਼ਸਰ ਤਰਨ ਤਾਰਨ ਸ੍ਰੀ ਅਦਿਤਿਆ ਗੁਪਤਾ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਤੋਂ ਇਲਾਵਾ ਸੀਨੀਅਰ ਪੁਲਿਸ ਕਪਤਾਨ ਦੇ ਨੁਮਾਇੰਦੇ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਭੂਮੀ ਰੱਖਿਆ ਵਿਭਾਗ, ਬਿਜਲੀ ਬੋਰਡ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਡਿਪਟੀ ਡਾਇਰੈਕਟਰ ਪਸ਼ੂ ਪਾਲਣ , ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਕੋਆਪਰੇਟਿਵ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਮੁੱਖ ਖੇਤੀਬਾੜੀ ਡਾ: ਸੁਰਿੰਦਰ ਸਿੰਘ ਵੱਲੋਂ ਬਤੌਰ ਕੰਨਵੀਨਰ ਵਜੋਂ ਮੀਟਿੰਗ ਦੀ ਸ਼ੁਰੂਆਤ ਕੀਤੀ ਅਤੇ ਪੰਜਾਬ ਸਰਕਾਰ ਵੱਲੋ ਦਿੱਤੇ ਗਏ ਐਕਸ਼ਨ ਪਲਾਨ ਅਤੇ ਵੱਖਰੇ- ਵੱਖਰੇ ਵਿਭਾਗਾਂ ਦੇ ਕੰਮਾਂ ਬਾਰੇ ਹਾਊਸ ਨੂੰ ਵਿਸਥਾਰ ਜਾਣਕਾਰੀ ਦਿੱਤੀ। ਉਹਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਤੁਰੰਤ ਆਪਣੇ ਵਿਭਾਗ ਦੇ ਮੋਜੂਦਾ ਅਧਿਕਾਰੀਆਂ/ਕਰਮਚਾਰੀਆਂ ਦੀ ਲਿਸਟਾਂ ਭੇਜੀਆਂ ਜਾਣ ਤਾਂ ਜੋ ਜਿਲ੍ਹਾ ਤਰਨਤਾਰਨ ਦੇ ਵਿੱਚ ਕਲੱਸਟਰ ਅਤੇ ਨੋਡਲ ਅਫਸਰਾਂ ਦੀਆਂ ਡਿਊਟੀਆਂ ਲਗਾ ਕੇ ਐਕਸ਼ਨ ਪਲਾਨ ਸਮੇਤ ਪੰਜਾਬ ਸਰਕਾਰ ਨੂੰ ਭੇਜੀਆਂ ਜਾ ਸਕਣ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਕਣਕ ਦੇ ਨਾੜ, ਝੋਨੇ ਦੀ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਸਬੰਧੀ ਸਾਡੀ ਸਮਾਜਿਕ ਅਤੇ ਨੈਤਿਕ ਜਿੰਮੇਵਾਰੀ ਬਣਦੀ ਹੈ ਇਸ ਕਰਕੇ ਐਕਸ਼ਨ ਪਲਾਨ ਅਨੁਸਾਰ ਦਿੱਤੀਆਂ ਗਈਆਂ ਡਿਊਟੀਆਂ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤੀ ਜਾਵੇ। ਉਹਨਾਂ ਮੁੱਖ ਖੇਤੀਬਾੜੀ ਅਫਸਰ ਅਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸਾਂਝੇ ਤੌਰ ‘ਤੇ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਪਰਾਲੀ ਨੂੰ ਅਤੇ ਪਰਾਲੀ ਦੀਆਂ ਗੰਢਾਂ ਨੂੰ ਸਟੋਰ ਕਰਨ ਵਾਸਤੇ ਸ਼ਾਮਲਾਟ ਅਤੇ ਪ੍ਰਾਈਵੇਟ ਜਮੀਨਾਂ ਦੀ ਸ਼ਨਾਖਤ ਕੀਤੀ ਜਾਵੇ ਤਾਂ ਜੋ ਇਹਨਾਂ ਥਾਵਾਂ ਤੇ ਪਰਾਲੀ ਸਟੋਰ ਕੀਤੀ ਜਾ ਸਕੇ।
ਉਹਨਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਕਿਹਾ ਕਿ ਡੇਅਰੀ ਫਾਰਮਰਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਕੀਤੀ ਜਾਵੇ ਕਿ ਕਿਸਾਨ ਝੋਨੇ ਅਤੇ ਬਾਸਮਤੀ ਦੇ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਦੇ ਤੌਰ ‘ਤੇ ਵਰਤਣ। ਉਹਨਾਂ ਬਿਜਲੀ ਬੋਰਡ ਤੋ ਆਏ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਇੱਟਾਂ ਦੇ ਭੱਠਿਆਂ ਅਤੇ ਥਰਮਲ ਪਲਾਂਟਾਂ ਨੂੰ ਸਪੈਸ਼ਲ ਤੌਰ ਤੇ ਗੋਇਦਵਾਲ ਸਾਹਿਬ ਥਰਮਲ ਪਲਾਂਟ ਵਿਖੇ ਤੁਰੰਤ ਸੰਪਰਕ ਕੀਤਾ ਜਾਵੇ ਤਾਂ ਜੋ ਇਸ ਥਰਮਲ ਪਲਾਂਟ ਵਿਖੇ ਕੋਲੇ ਦੀ ਜਗਾਂ੍ਹ ਤੇ ਪਰਾਲੀ ਨੂੰ ਬਾਲਣ ਦੇ ਤੌਰ ‘ਤੇ ਵਰਤਿਆ ਜਾ ਸਕੇ।
ਉਹਨਾਂ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਨੂੰ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਪਿਛਲੇ ਸਾਲਾਂ ਤੋਂ ਖੇਤਾਂ ਵਿੱਚ ਅੱਗ ਨਹੀਂ ਲਗਾਈ, ਉਸ ਕਿਸਾਨ ਦੇ ਖੇਤਾਂ ਵਿੱਚ ਵੱਧ ਤੋਂ ਵੱਧ ਕਿਸਾਨਾਂ ਦੇ ਦੌਰੇ ਕਰਵਾਏ ਜਾਣ ਤਾਂ ਜੋ ਕਿਸਾਨਾਂ ਨੂੰ ਕਿਸਾਨ ਦੇ ਮੂੰਹੋਂ ਪਰਾਲੀ ਨਾ ਸਾੜਣ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਉਹਨਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਸਰਕਾਰੀ ਮੁਲਾਜਮ ਨਾੜ/ਪਰਾਲੀ ਨੂੰ ਅੱਗ ਨਾ ਲਗਾਵੇ। ਜੇਕਰ ਕੋਈ ਮੁਲਾਜ਼ਮ ਅਜਿਹਾ ਕਰਦਾ ਪਾਇਆ ਜਾਵੇਗਾ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਅਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।