ਬੰਦ ਕਰੋ

ਪਰਾਲੀ ਨੂੰ ਅੱਗ ਲੱਗਣ ਦੀ ਸੂਰਤ ਵਿਚ ਮੌਕੇ ਉਤੇ ਪਹੁੰਚ ਕੇ ਰਿਪੋਰਟ ਕਰਨ ਅਧਿਕਾਰੀ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 06/10/2021

ਪਰਾਲੀ ਨੂੰ ਅੱਗ ਲੱਗਣ ਦੀ ਸੂਰਤ ਵਿਚ ਮੌਕੇ ਉਤੇ ਪਹੁੰਚ ਕੇ ਰਿਪੋਰਟ ਕਰਨ ਅਧਿਕਾਰੀ-ਡਿਪਟੀ ਕਮਿਸ਼ਨਰ
ਤਰਨਤਾਰਨ, 1 ਅਕਤੂਬਰ (        )-ਜਿਲ੍ਹੇ ਵਿਚ ਸ਼ੁਰੂ ਹੋਈ ਝੋਨੇ ਦੀ ਵਾਢੀ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਕਰਮਚਾਰੀ, ਜਿੰਨਾ ਦੀ ਪਰਾਲੀ ਨੂੰ ਸਾੜਨ ਸਬੰਧੀ ਰਿਪੋਰਟ ਕਰਨ ਦੀ ਡਿਊਟੀ ਲਗਾਈ ਜਾ ਚੁੱਕੀ ਹੈ, ਨੂੰ ਸਪੱਸ਼ਟ ਕਰ ਦੇਣ ਕਿ ਉਹ ਉਪਗ੍ਰਹਿ ਤੋਂ ਮਿਲਦੀ ਸੂਚਨਾ ਦੇ ਅਧਾਰ ਉਤੇ ਮੌਕੇ ਉਤੇ ਪਹੁੰਚਣ। ਉਨਾਂ ਕਿਹਾ ਕਿ ਸੁਪਰੀਮ ਕੋਰਟ ਇਸ ਮੁੱਦੇ ਉਤੇ ਬਹੁਤ ਸਖਤੀ ਦੇ ਰੌਂਅ ਵਿਚ ਹੈ ਅਤੇ ਗਰੀਨ ਟ੍ਰਿਬਿਊਨਲ ਵੀ ਇਸ ਮੌਕੇ ਦੀ ਪਲ-ਪਲ ਦੀ ਖਬਰ ਲੈ ਰਿਹਾ ਹੈ, ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਡਿਊਟੀ ਵਿਚ ਕੁਤਾਹੀ ਨਾ ਕਰਦੇ ਹੋਏ ਹਰ ਮੌਕੇ ਦੀ ਰਿਪੋਰਟ ਸਮੇਂ ਸਿਰ ਕਰੀਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਸੜਨ ਸਬੰਧੀ ਸਰਕਾਰ ਵੱਲੋਂ ਜੋ ਨਿਰਦੇਸ਼ ਪ੍ਰਾਪਤ ਹੋਏ ਹਨ, ਉਸ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
       ਉਨਾਂ ਸਾਰੇ ਐਸ ਡੀ ਐਮ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਦੀ ਨਿਗਰਾਨੀ ਕਰਦੇ ਹੋਏ ਬਿਨਾਂ ਐਸ ਐਮ ਐਸ ਤੋਂ ਕੋਈ ਕੰਬਾਇਨ ਨਾ ਚੱਲਣ ਦੇਣ, ਤਾਂ ਕਿ ਕਿਸਾਨ ਨੂੰ ਪਰਾਲੀ ਖੇਤ ਵਿਚ ਵਾਹਉਣ ਦੀ ਕੋਈ ਮੁਸ਼ਿਕਲ ਨਾ ਰਹੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਦੀ ਰਸਾਇਣਕ ਖਾਦਾਂ ਤੋਂ ਨਿਰਭਰਤਾ ਘੱਟ ਕਰਨ ਲਈ ਪਰਾਲੀ ਨੂੰ ਸਾੜਨ ਦੀ ਥਾਂ ਖੇਤ ਵਿਚ ਵਾਹਉਣ, ਤਾਂ ਕਿ ਖੇਤ ਦਾ ਜੈਵਿਕ ਮਾਦਾ ਵਧ ਸਕੇ। ਇਸ ਨਾਲ ਖੇਤੀ ਖਰਚੇ ਘੱਟ ਕਰਨ ਵਿਚ ਵੱਡੀ ਮਦਦ ਮਿਲੇਗੀ, ਜੋ ਕਿ ਸਫਲ ਖੇਤੀ ਲਈ ਜ਼ਰੂਰੀ ਹੈ। ਉਨਾਂ ਕਿਹਾ ਕਿ ਜਿਲ੍ਹੇ ਵਿਚ ਅਜਿਹੇ ਸੈਂਕੜੇ ਕਿਸਾਨ ਹਨ, ਜੋ ਕਿ ਕਈ ਸਾਲਾਂ ਤੋਂ ਪਰਾਲੀ ਨੂੰ ਖੇਤ ਵਿਚ ਵਾਹ ਰਹੇ ਹਨ, ਦੀ ਨਕਲ ਕਰੋ, ਨਾ ਕਿ ਉਸ ਗੁਆਂਢੀ ਦੀ ਜੋ ਕਿ ਹਰ ਸਾਲ ਅੱਗ ਲਗਾ ਕੇ ਆਪਣੀ ਜ਼ਮੀਨ ਨੂੰ ਬੰਜਰ ਕਰ ਰਿਹਾ ਹੈ। ਉਨਾਂ ਕਿਹਾ ਕਿ ਖੇਤੀ ਸਾਡਾ ਮੁੱਖ ਰੋਜ਼ਗਾਰ ਹੈ ਅਤੇ ਜੇਕਰ ਅਸੀਂ ਖੇਤ ਇਸੇ ਤਰਾਂ ਆਪਣੀਆਂ ਗਲਤੀਆਂ ਨਾਲ ਬੰਜ਼ਰ ਤੇ ਉਪਜਾਊ ਹੀਣ ਕਰਦੇ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਰੋਜ਼ਗਾਰ ਦੇ ਨਾਲ-ਨਾਲ ਰੋਟੀ ਤੋਂ ਵੀ ਮੁਹਤਾਜ਼ ਹੋ ਜਾਣਗੀਆਂ।