ਪਹਿਲੀ ਮਾਰਚ ਤੋਂ ਜ਼ਿਲ੍ਹੇ ਦੀ ਹਦੂਦ ਅੰਦਰ ਇਨਡੋਰ 100 ਵਿਅਕਤੀਆਂ ਅਤੇ ਆਊਟਡੋਰ 200 ਵਿਅਕਤੀਆਂ ਦਾ ਕੀਤਾ ਜਾ ਸਕੇਗਾ ਇਕੱਠ- ਜ਼ਿਲ੍ਹਾ ਮੈਜਿਸਟਰੇਟ
ਪ੍ਰਕਾਸ਼ਨ ਦੀ ਮਿਤੀ : 10/03/2021

ਪਹਿਲੀ ਮਾਰਚ ਤੋਂ ਜ਼ਿਲ੍ਹੇ ਦੀ ਹਦੂਦ ਅੰਦਰ ਇਨਡੋਰ 100 ਵਿਅਕਤੀਆਂ ਅਤੇ ਆਊਟਡੋਰ 200 ਵਿਅਕਤੀਆਂ ਦਾ ਕੀਤਾ ਜਾ ਸਕੇਗਾ ਇਕੱਠ- ਜ਼ਿਲ੍ਹਾ ਮੈਜਿਸਟਰੇਟ
ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਅਤੇ ਜਨਤਕ ਥਾਵਾਂ ‘ਤੇ ਥੁੱਕਣ ‘ਤੇ ਹੋਵੇਗਾ ਜੁਰਮਾਨਾ
ਤਰਨ ਤਾਰਨ, 28 ਫਰਵਰੀ :
ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਮਹਾਂਮਾਰੀ ਦੇ ਸੰਕਰਮਣ ਤੋਂ ਬਚਾਏ ਰੱਖਣ ਲਈ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ 01 ਮਾਰਚ, 2021 ਤੋਂ ਅਗਲੇ ਹੁਕਮਾਂ ਤੱਕ ਸਮਾਜਿਕ, ਧਾਰਮਿਕ, ਖੇਡ, ਮਨੋਰੰਜਨ, ਵਿੱਦਿਅਕ ਅਤੇ ਸੱਭਿਆਚਾਰਕ ਇਨਡੋਰ ਸਮਾਰੋਹ ਲਈ ਵੱਧ ਤੋਂ ਵੱਧ 100 ਵਿਅਕਤੀਆਂ ਅਤੇ ਆਊਟਡੋਰ ਸਮਾਰੋਹ ਲਈ ਵੱਧ ਤੋਂ ਵੱਧ 200 ਵਿਅਕਤੀਆਂ ਦੇ ਇਕੱਠ ਨੂੰ ਮਨਜੂਰੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਇਸ ਸਥਿਤੀ ‘ਤੇ ਕਾਬੂ ਪਾਉਣ ਲਈ ਸਬੰਧਿਤ ਅਧਿਕਾਰੀ ਸ਼ਾਦੀ ਹਾਲਾਂ, ਰੈਸਟੋਰੈਂਟਾਂ ਆਦਿ ਵਿੱਚ ਹੋ ਰਹੇ ਇਕੱਠਾਂ ਵਿੱਚ ਕੋਵਿਡ-19 ਸਬੰਧੀ ਲੋੜੀਂਦੇ ਇਤਹਿਆਤਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਮਾਰਕਿਟ ਅਤੇ ਪਬਲਿਕ ਟਰਾਂਸਪੋਰਟ ਵਿੱਚ ਕੋਵਿਡ ਸਬੰਧੀ ਜਾਰੀ ਹਦਾਇਤਾਂ ਜਿਵੇਂ ਸਮਾਜਿਕ ਦੂਰੀ (ਦੋ ਵਿਅਕਤੀਆਂ ਵਿਚਕਾਰ ਘੱਟੋ ਘੱਟ 6 ਫੁੱਟ ਦੀ ਦੂਰੀ), ਮਾਸਕ ਨਾ ਪਹਿਨਣ ਅਤੇ ਜਨਤਕ ਥਾਵਾਂ ‘ਤੇ ਥੁੱਕਣ ਤੇ ਜੁਰਮਾਨਾ ਹੋਵੇਗਾ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਇੱਕ ਵਿਅਕਤੀ ਮਾਸਕ ਪਹਿਨਣ, ਸਮਾਜਿਕ ਦੂਰੀ ਬਰਕਰਾਰ ਰੱਖਣ, ਜਨਤਕ ਥਾਵਾਂ ‘ਤੇ ਥੁੱਕਣ ਤੋਂ ਪਰਹੇਜ਼ ਕਰਨ ਆਦਿ ਸਾਵਧਾਨੀਆਂ ਨੂੰ ਲਾਜ਼ਮੀ ਤੌਰ ‘ਤੇ ਅਪਨਾਵੇ।ਉਨ੍ਹਾਂ ਕਿਹਾ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।