ਬੰਦ ਕਰੋ

ਪੀ ਏ ਯੂ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਨੇ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੀ ਮੀਟਿੰਗ ਕਰਵਾਈ

ਪ੍ਰਕਾਸ਼ਨ ਦੀ ਮਿਤੀ : 30/10/2024
ਪੀ ਏ ਯੂ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਨੇ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੀ ਮੀਟਿੰਗ ਕਰਵਾਈ
ਤਰਨਤਾਰਨ 29 ਅਕਤੂਬਰ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੇ ਮੈਂਬਰਾਂ ਦੀ ਮੀਟਿੰਗ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਵੱਲੋਂ  ਕੀਤੀ ਗਈ। ਇਸ ਮੀਟਿੰਗ ਵਿੱਚ 70 ਤੋਂ ਵੱਧ ਮੈਂਬਰਾਂ ਨੇ ਬੜੀ ਦਿਲਚਸਪੀ ਨਾਲ ਭਾਗ ਲਿਆ। ਮੀਟਿੰਗ ਦਾ ਮੁੱਖ ਉਦੇਸ਼ ਖੋਜ ਤਜ਼ਰਬਿਆਂ ਅਤੇ ਖੇਤ ਪ੍ਰਦਰਸ਼ਨੀਆਂ ਵਿੱਚ ਨੌਜਵਾਨ ਕਿਸਾਨਾਂ ਦੀ ਸਰਗਰਮ ਭੂਮੀਕਾ ਭਾਗੀਦਾਰੀ ਲਈ ਪੰਜਾਬ ਨੌਜਵਾਨ ਕਿਸਾਨ ਸੰਸਥਾ ਨੂੰ ਮੁੜ ਸੁਰਜੀਤ ਕਰਨਾ ਸੀ ਤਾਂ ਜੋ ਉਹ ਜ਼ਿਲ੍ਹੇ ਦੇ ਹੋਰ ਕਿਸਾਨਾਂ ਤੱਕ ਪਹੁੰਚ ਸਕਣ।
 ਡਾ. ਪਰਵਿੰਦਰ ਸਿੰਘ, ਇੰਚਾਰਜ, ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਕੇਂਦਰ ਦੇ ਵਿਗਿਆਨੀਆਂ ਦੁਆਰਾ ਕੀਤੀਆਂ ਜਾ ਰਹੀਆਂ ਵਿਸਥਾਰ ਗਤੀਵਿਧੀਆਂ ਬਾਰੇ ਦੱਸਿਆ। ਉਹਨਾਂ ਨੇ ਨਵੀ ਪੀ ਏ ਯੂ ਤਕਨਾਲੋਜੀ ਨੂੰ ਅਪਣਾਉਣ ਅਤੇ ਪ੍ਰਸਾਰ ਕਰਨ ਵਿੱਚ ਪੀ ਐਨ ਕੇ ਐਸ ਮੈਂਬਰਾਂ ਦੀ ਭੂਮਿਕਾ ਬਾਰੇ ਚਰਚਾ ਕੀਤੀ ਅਤੇ ਮੈਂਬਰਾਂ ਨੂੰ ਯੂਨੀਵਰਸਿਟੀ ਬੀਜ ਫਾਰਮ, ਉਸਮਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਤੋਂ ਵੱਖ-ਵੱਖ ਫ਼ਸਲਾਂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੇ ਬੀਜ ਖਰੀਦਣ ਲਈ ਜ਼ੋਰ ਦਿੱਤਾ।
ਡਾ. ਪ੍ਰਭਜੀਤ ਸਿੰਘ, ਡਿਪਟੀ ਡਾਇਰੈਕਟਰ (ਸਿਖਲਾਈ) ਕੇ ਵੀ ਕੇ, ਬੂਹ, ਤਰਨ ਤਾਰਨ ਨੇ ਕਿਸਾਨਾਂ ਨੂੰ ਡੇਅਰੀ, ਪੋਲਟਰੀ, ਬੱਕਰੀ ਅਤੇ ਸੂਰ ਪਾਲਣ ਦੇ ਧੰਦੇ ਬਾਰੇ ਜਾਣਕਾਰੀ ਲਈ ਕੇ ਵੀ ਕੇ ਦੇ ਵਿਗਿਆਨੀਆਂ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੱਛੀ ਪਾਲਣ, ਮਧੂ ਮੱਖੀ ਪਾਲਣ ਅਤੇ ਖੁੰਬਾਂ ਦੀ ਕਾਸ਼ਤ ਵਰਗੇ ਕਿੱਤਿਆਂ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ।
ਡਾ: ਨਰਿੰਦਰਪਾਲ ਸਿੰਘ, ਪ੍ਰਮੁੱਖ ਪਸਾਰ ਵਿਗਿਆਨੀ (ਫਾਰਮ ਪ੍ਰਬੰਧ), ਫਾਰਮ ਸਲਾਹਕਾਰ ਸੇਵਾ ਕੇਂਦਰ, ਅੰਮ੍ਰਿਤਸਰ ਨੇ ਖੇਤੀਬਾੜੀ ਫਸਲਾਂ ਦੇ ਰਿਕਾਰਡ ਰੱਖਣ ਅਤੇ ਵਿੱਤੀ ਪ੍ਰਬੰਧ ਬਾਰੇ ਜਾਣਕਾਰੀ ਸਾਂਝੀ ਕੀਤੀ। 
ਡਾ: ਪਰਮਿੰਦਰ ਕੌਰ, ਪੌਦਾ ਰੋਗ ਮਾਹਿਰ ਨੇ ਜ਼ਿਲ੍ਹੇ ਵਿੱਚ ਪੀ ਐਨ ਕੇ ਐਸ ਮੈਂਬਰਾਂ ਲਈ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਬਾਰੇ ਦੱਸਿਆ। ਉਹਨਾਂ ਨੇ ਹਾੜ੍ਹੀ ਦੀਆਂ ਫਸਲਾਂ ਵਿੱਚ ਬੀਜ ਸੋਧ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਵਟਸਐਪ ਗਰੁੱਪਾਂ ਰਾਹੀਂ ਖੇਤੀ ਮਾਹਿਰਾਂ ਨਾਲ ਨਿਰੰਤਰ ਸੰਪਰਕ ਵਿੱਚ ਰਹਿਣ ਦੀ ਅਪੀਲ ਕੀਤੀ। 
ਡਾ: ਪਰਮਿੰਦਰ ਸਿੰਘ ਸੰਧੂ, ਫ਼ਸਲ ਵਿਗਿਆਨੀ ਨੇ ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਸਰਫੇਸ ਸੀਡਿੰਗ ਵਿਧੀ ਰਾਹੀਂ ਕਣਕ ਬੀਜਣ ਦੀ ਸਲਾਹ ਦਿੱਤੀ ਅਤੇ ਸਿਫ਼ਾਰਸ਼ ਕੀਤੀਆਂ ਖਾਦਾਂ ਅਤੇ ਨਦੀਨ ਨਾਸ਼ਕਾਂ ਬਾਰੇ ਦੱਸਿਆ ।
ਡਾ: ਸਵਰੀਤ ਖਹਿਰਾ, ਫਲ ਵਿਗਿਆਨੀ ਨੇ ਪਰਿਵਾਰ ਦੀ ਪੋਸ਼ਣ ਸੁਰੱਖਿਆ ਲਈ ਪੌਸ਼ਟਿਕ ਬਗੀਚੀ ਵਿੱਚ ਫਲਾਂ ਦੇ ਬੂਟੇ ਲਗਾਉਣ ‘ਤੇ ਜ਼ੋਰ ਦਿੱਤਾ। ਅੰਤ ਵਿੱਚ, ਉਹਨਾਂ ਨੇ ਆਏ ਹੋਏ ਸਾਰੇ ਕਿਸਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਨੌਜਵਾਨ ਕਿਸਾਨ ਮੈਂਬਰਾਂ ਨੂੰ ਭਵਿੱਖ ਵਿੱਚ ਪੀ ਏ ਯੂ ਦੇ ਮਾਹਿਰਾਂ ਨਾਲ ਸੰਪਰਕ ਵਿੱਚ ਰਹਿਣ ਦੀ ਬੇਨਤੀ ਕੀਤੀ।