ਪੂਸਾ-44 ਅਤੇ ਹਾਈਬ੍ਰਿਡ ਝੋਨੇ ਦੀ ਬਿਜਾਈ ਨਾ ਕੀਤੀ ਜਾਵੇ–ਡਿਪਟੀ ਕਮਿਸ਼ਨਰ
ਪੂਸਾ-44 ਅਤੇ ਹਾਈਬ੍ਰਿਡ ਝੋਨੇ ਦੀ ਬਿਜਾਈ ਨਾ ਕੀਤੀ ਜਾਵੇ–ਡਿਪਟੀ ਕਮਿਸ਼ਨਰ
ਤਰਨ ਤਾਰਨ, 09 ਜੂਨ:
ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਰਾਹੁਲ ਨੇ ਜ਼ਿਲੇ ਦੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪੂਸਾ-44 ਕਿਸਮ ਅਤੇ ਹਾਈਬ੍ਰਿਡ ਝੋਨੇ ਦੀ ਬਿਜਾਈ ‘ਤੇ ਪੂਰੀ ਪਾਬੰਦੀ ਲਗਾਈ ਗਈ ਹੈ।
ਉਹਨਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਰਾਜ ਨੂੰ ਤਿੰਨ ਜ਼ੋਨ ਵਿੱਚ ਵੰਡ ਕੇ ਝੋਨੇ ਦੀ ਬਿਜਾਈ ਲਈ ਤਰੀਕਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਡਾ. ਹਰਪਾਲ ਸਿੰਘ ਪੰਨੂ, ਮੁੱਖ ਖੇਤੀਬਾੜੀ ਅਫਸਰ, ਤਰਨਤਾਰਨ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਵਿੱਚ ਕੁੱਲ 1,03,000 ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਹੇਠ ਲਿਆਂਦਾ ਜਾਵੇਗਾ ਅਤੇ 75,000 ਹੈਕਟੇਅਰ ਬਾਸਮਤੀ ਦੀ ਕਾਸ਼ਤ ਦਾ ਟੀਚਾ ਰੱਖਿਆ ਗਿਆ ਹੈ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪੂਸਾ-44 ਅਤੇ ਹਾਈਬ੍ਰਿਡ ਕਿਸਮਾਂ ‘ਤੇ ਪੂਰਨ ਪਾਬੰਦੀ ਲਾਈ ਗਈ ਹੈ, ਜਿਸ ਕਰਕੇ ਇਨ੍ਹਾਂ ਦੀ ਖਰੀਦ ਨਹੀਂ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਵੱਲੋਂ ਖੇਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਕਿਸਾਨ ਪੂਸਾ-44 ਜਾਂ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਨਾ ਕਰੇ।
ਇਸ ਤੋਂ ਇਲਾਵਾ, ਪਿੰਡਾਂ ਵਿੱਚ ਗੁਰਦੁਆਰਿਆਂ ਰਾਹੀਂ ਅਨਾਊਂਸਮੈਂਟ ਕਰਵਾ ਕੇ ਅਤੇ ਨਿੱਜੀ ਤਾਲਮੇਲ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।