ਪੋਸ਼ਣ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਜ਼ਿਲ੍ਹੇ ਦੇ ਵੱਖ=ਵੱਖ ਪਿੰਡਾਂ ਵਿੱਚ ਕੱਢੀਆਂ ਜਾ ਰਹੀਆਂ ਹਨ ਜਾਗਰੂਕਤਾ ਰੈਲੀਆਂ-ਡਿਪਟੀ ਕਮਿਸ਼ਨਰ ਤਰਨ ਤਾਰਨ
ਪ੍ਰਕਾਸ਼ਨ ਦੀ ਮਿਤੀ : 11/09/2019
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੋਸ਼ਣ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਜ਼ਿਲ੍ਹੇ ਦੇ ਵੱਖ=ਵੱਖ ਪਿੰਡਾਂ ਵਿੱਚ ਕੱਢੀਆਂ ਜਾ ਰਹੀਆਂ ਹਨ ਜਾਗਰੂਕਤਾ ਰੈਲੀਆਂ-ਡਿਪਟੀ ਕਮਿਸ਼ਨਰ
ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਖਤਰਨਾਕ ਸਮੱਸਿਆਵਾਂ ਨਾਲ ਲੜਨ ਲਈ ਕੀਤਾ ਜਾ ਰਿਹਾ ਹੈ ਜਾਗਰੂਕ
ਪੋਸ਼ਣ ਅਭਿਆਨ ਦਾ ਉਦੇਸ਼ ਗਰਭਵਤੀ ਅੋਰਤਾਂ ਅਤੇ ਕਮਜ਼ੋਰ ਬੱਚਿਆਂ ਦੀ ਦੇਖਭਾਲ ਕਰਨਾ ਤੇ ਅਨੀਮੀਆ ਦੀ ਬਿਮਾਰੀ ਨੂੰ ਖਤਮ ਕਰਨਾ
ਤਰਨ ਤਾਰਨ, 11 ਸਤੰਬਰ :
ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਖਤਰਨਾਕ ਸਮੱਸਿਆਵਾਂ ਦੇ ਖਾਤਮੇ ਲਈ, ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਪੋਸ਼ਣ ਸਕੀਮ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਦੇਸ਼ਭਰ ਵਿਚ ਪੋਸ਼ਣ ਮਹੀਨੇ ਦੀ ਸ਼ੁਰੂਆਤ ਪਹਿਲੀ ਸਤੰਬਰ ਤੋਂ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਸਤੰਬਰ ਮਹੀਨੇ ਦੌਰਾਨ ਪੋਸ਼ਣ ਅਭਿਆਨ ਤਹਿਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਹੁਣ ਤੱਕ ਜ਼ਿਲੇ ਦੇ ਕਰੀਬ 489 ਪਿੰਡਾਂ ਵਿੱਚ ਲੋਕਾਂ ਨੂੰ ਸੰਤੁਲਿਤ ਆਹਾਰ, ਡਾਇਰੀਆ ਕੰਟਰੋਲ, ਅਨੀਮੀਆ ਅਤੇ ਸੈਨੀਟੇਸ਼ਨ ਆਦਿ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ 9634 ਗਤੀਵਿਧੀਆਂ ਰਾਹੀਂ ਜਾਗਰੂਕ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਖ਼ਾਸਕਰ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਏ. ਐਨ. ਐਮਜ਼, ਪਿੰਡ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ ਹਨ।ਇਨਾਂ ਰੈਲੀਆਂ ਵਿੱਚ ਲੋਕਾਂ ਨੂੰ ਰਵਾਇਤੀ ਪੰਜਾਬੀ ਗੀਤਾਂ, ਜਾਗੋ, ਸਾਈਕਲ ਰੈਲੀਆਂ, ਸਪੋਸ਼ਿਤ ਗੋਦ ਭਰਾਈ ਆਦਿ ਰਾਹੀਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਖਤਰਨਾਕ ਸਮੱਸਿਆਵਾਂ ਨਾਲ ਲੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਯੋਜਨਾ ਦਾ ਉਦੇਸ਼ ਦੇਸ਼ ਵਿਚੋਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਖਾਤਮਾ ਕਰਨਾ ਹੈ, ਇਸ ਲਈ ਸਰਕਾਰ ਨੇ ਹੁਣ ਇਸ ਮੁਹਿੰਮ ਨੂੰ ਇਕ ਲੋਕ ਲਹਿਰ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਪੋਸ਼ਣ ਮਹੀਨਾ ਸ਼ੁਰੂ ਕੀਤਾ ਗਿਆ ਹੈ। ਮਹੀਨੇ ਭਰ ਵਿੱਚ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਨਾਂ ਗਤੀਵਿਧੀਆਂ ਤਹਿਤ ਪਿੰਡਾਂ ਵਿੱਚ ਪੰਚਾਇਤਾਂ, ਯੂਥ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਹੁੰ ਚਕਾਉਣਾ, ਰੈਲੀਆਂ ਕਰਨਾ, ਗਰਭਵਤੀ ਔਰਤਾਂ ਨਾਲ ਘਰ-ਘਰ ਜਾ ਕੇ ਮੁਲਾਕਾਤ ਕਰਨਾ, ਨੁਕੜ ਨਾਟਕਾਂ ਰਾਹੀਂ ਜਾਗਰੂਕ ਕਰਨਾ, ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਣਾ, 5 ਸਾਲ ਤੱਕ ਦੇ ਬੱਚੇ ਦੀ ਦੇਖਭਾਲ ਕਰਨਾ, ਸਿਹਤ ਚੈੱਕਅਪ, ਪੋਸਟਰ ਮੁਕਾਬਲੇ, ਸਵੱਛਤਾ ਅਭਿਆਨ ਆਦਿ ਕਰਨਾ ਹੈ।
ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਗਰਭਵਤੀ ਔਰਤਾਂ, 0 ਤੋਂ 6 ਸਾਲ ਦੇ ਬੱਚਿਆਂ ਅਤੇ ਲੜਕੀਆਂ ਉਪਰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਵਿੱਚ ਉਨਾਂ ਦੀ ਖੁਰਾਕ, ਸਿਹਤ, ਟੀਕਾਕਰਨ ਅਤੇ ਸਿੱਖਿਆ ਦਾ ਧਿਆਨ ਰੱਖਿਆ ਜਾਂਦਾ ਹੈ। ਕਿਉਂਕਿ ਇਹ ਲੜਾਈ ਕੁਪੋਸ਼ਣ ਦੇ ਵਿਰੁੱਧ ਹੈ ਇਸ ਲਈ ਗਰਭਵਤੀ ਅੋਰਤਾਂ ਦੀ ਸਿਹਤ ਦੀ ਸਮੇਂ ਸਮੇਂ ਜਾਂਚ ਕਰਵਾਈ ਜਾਂਦੀ ਹੈ। ਜਨਮ ਤੋਂ ਹੀ ਕਮਜ਼ੋਰ ਅਤੇ ਘੱਟ ਭਾਰ ਵਾਲੇ ਬੱਚਿਆਂ ਦੀ ਚੰਗੀ ਸਿਹਤ ਲਈ, ਇਸ ਯੋਜਨਾ ਦੇ ਤਹਿਤ ਉਨਾਂ ਦੇ ਇਲਾਜ ਅਤੇ ਖੁਰਾਕ ਸਮੇਤ, ਬਹੁਤ ਸਾਰੀਆਂ ਸਹਾਇਤਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਪੋਸ਼ਣ ਮਹੀਨਾ ਤਰਨ ਤਾਰਨ ਜ਼ਿਲੇ ਵਿੱਚ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ, ਕਿਉਂਕਿ ਇੱਕ ਸਰਹੱਦੀ ਜ਼ਿਲਾ ਹੋਣ ਦੇ ਨਾਤੇ ਇਸ ਖੇਤਰ ਵਿੱਚ ਇਸ ਮੁਹਿੰਮ ਦੀ ਮਹੱਤਤਾ ਵਧੇਰੇ ਵੱਧਦੀ ਹੈ। ਸਰਹੱਦੀ ਇਲਾਕੇ ਦੇ ਪਿੰਡਾਂ ਦੀਆਂ ਗਰਭਵਤੀ ਮਹਿਲਾਵਾਂ ਅਤੇ ਲੋਕਾਂ ਨੂੰ ਇਸ ਮੁਹਿੰਮ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਨ ਲਈ ਖਾਸ ਤੋਰ ‘ਤੇ ਯੋਜਨਾ ਬਣਾਈ ਗਈ ਹੈ, ਜਿਸ ਤਹਿਤ ਇਹਨਾਂ ਪਿੰਡਾਂ ‘ਤੇ ਜਿਆਦਾ ਕੇਂਦਰਿਤ ਕੀਤਾ ਜਾਵੇਗਾ।
—————