ਬੰਦ ਕਰੋ

ਪੰਜਾਬ ਡੇਅਰੀ ਵਿਕਾਸ ਵਿਭਾਗ ਵਲੋਂ 13 ਜਨਵਰੀ, 2020 ਤੋਂ ਸੁਰੂ ਹੋਵੇਗੀ ਡੇਅਰੀ ਉੱਦਮ ਸਿਖਲਾਈ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 18/12/2019
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਡੇਅਰੀ ਵਿਕਾਸ ਵਿਭਾਗ ਵਲੋਂ 13 ਜਨਵਰੀ, 2020 ਤੋਂ ਸੁਰੂ ਹੋਵੇਗੀ ਡੇਅਰੀ ਉੱਦਮ ਸਿਖਲਾਈ-ਡਿਪਟੀ ਕਮਿਸ਼ਨਰ
4 ਹਫਤੇ ਦੀ ਸਿਖਲਾਈ ਦੌਰਾਨ ਵਿਗਿਆਨਕ ਤਕਨੀਕਾਂ ਰਾਹੀਂ ਡੇਅਰੀ ਫਾਰਮ ਨੂੰ ਵਿਕਸਤ ਕਰਨ ਦੇ ਸਿਖਾਏ ਜਾਣਗੇ ਗੁਰ
ਤਰਨ ਤਾਰਨ, 18 ਦਸੰਬਰ :
ਡੇਅਰੀ ਧੰਦੇ ਦੇ ਪ੍ਰਬੰਧਕੀ ਗੁਰ ਦੱਸਣ ਲਈ ਡੇਅਰੀ ਉੱਦਮ ਵਿਕਾਸ ਸਿਖਲਾਈ ਪੰਜਾਬ ਵਿੱਚ ਸਾਰੇ ਕੇਂਦਰਾਂ ਉੱਤੇ ਮਿਤੀ 13 ਜਨਵਰੀ, 2020 ਤੋਂ ਸੁਰੂ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਕੋਈ ਵੀ ਦਸਵੀਂ ਪਾਸ ਬੇਰੁਜ਼ਗਾਰ ਨੌਜਵਾਨ ਲੜਕਾ/ ਲੜਕੀ ਜਿਸ ਦੀ ਉਮਰ 45 ਸਾਲ ਤੋਂ ਘੱਟ ਹੋਵੇ ਅਤੇ ਉਹ ਡੇਅਰੀ ਧੰਦੇ ਨਾਲ ਜੁੜਿਆ ਹੋਵੇ, 4 ਹਫਤੇ ਦੀ ਇਹ ਵਿਗਿਆਨਕ ਢੰਗ ਦੀ ਸਿਖਲਾਈ ਲੈ ਕੇ ਆਪਣੇ ਡੇਅਰੀ ਫਾਰਮ ਨੂੰ ਵਿਕਸਤ ਕਰ ਸਕਦਾ ਹੈ। 
ਉਨ੍ਹਾਂ ਦੱਸਿਆ ਕਿ ਇਹ ਇੱਕ ਨਿਰੋਲ ਪ੍ਰੈਕਟੀਕਲ ਸਿਖਲਾਈ ਹੈ, ਜਿਸ ਲਈ ਦਾਖਲਾ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਉੱਤੇ ਹੋਣਾ ਹੈ। ਇਸ ਸਿਖਲਾਈ ਦੀ ਕਾਊਂਸਲਿੰਗ ਮਿਤੀ 06 ਜਨਵਰੀ, 2019 ਨੂੰ ਸਾਰੇ ਸਿਖਲਾਈ ਕੇਂਦਰਾਂ ‘ਤੇ ਹੋਣੀ ਹੈ। ਚਾਹਵਾਨ ਵਿਅਕਤੀ ਹੋਰ ਜਾਣਕਾਰੀ ਲੈਣ ਲਈ ਵਿਭਾਗੀ ਹੈਲਪਲਾਈਨ: 0172-5027285 ਜਾਂ ਜਿ਼ਲੇ੍ਹ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦਾ ਹੈ।  
ਉਹਨਾਂ ਕਿਹਾ ਕਿ ਪੰਜਾਬ ਇੱਕ ਡੇਅਰੀ ਪ੍ਰਧਾਨ ਸੂਬਾ ਹੈ। ਪ੍ਰਤੀ ਪਸ਼ੂ ਦੁੱਧ ਦੀ ਪੈਦਾਵਾਰ ਅਤੇ ਪ੍ਰਤੀ ਵਿਅਕਤੀ ਦੁੱਧ ਦੀ ਉਪਲੱਬਧਤਾ ਵਿੱਚ ਇਹ ਦੇਸ਼ ਭਰ ਵਿੱਚੋਂ ਸਭ ਤੋਂ ਅਵੱਲ ਸਥਾਨ ਤੇ ਹੈ। ਪਰ ਇਸ ਦਾ ਵਾਹੀਯੋਗ ਰਕਬਾ ਘੱਟ ਹੋਣ ਕਰਕੇ ਅਤੇ ਪ੍ਰਤੀ ਪਰਿਵਾਰ ਮਾਲਕੀ ਦਿਨ-ਬ-ਦਿਨ ਘਟਣ ਕਰਕੇ ਖੇਤੀ ਦੇ ਨਾਲ ਅਜਿਹੇ ਕਿੱਤੇ ਕਰਨੇ ਜ਼ਰੂਰੀ ਹਨ ਜੋ ਰੋਜ਼ਾਨਾ ਆਮਦਨ ਦੇ ਸਕਣ। ਡੇਅਰੀ ਧੰਦਾ ਇੱਕ ਅਜਿਹਾ ਕਿੱਤਾ ਹੈ ਜੋ ਪੰਜਾਬ ਦੇ ਮੌਜੂਦਾ ਖੇਤੀ ਅਰਥਚਾਰੇ ਵਿੱਚ ਆਈ ਖੜੋਤ ਨੂੰ ਤੋੜ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਅਰੀ ਧੰਦੇ ਦੇ ਵਿਕਾਸ ਲਈ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਵਾਤਾਵਰਨ ਅਨੁਕੂਲ ਸੈ਼ਡ, ਦੁੱਧ ਚੁਆਈ ਮਸ਼ੀਨਾਂ, ਦੁੱਧ ਠੰਢਾ ਕਰਨ ਲਈ ਯੰਤਰ, ਪਿੰਡ ਪੱਧਰ ਉੱਤੇ ਦੁੱਧ ਤੋ ਦੁੱਧ ਪਦਾਰਥ ਬਣਾਉਣ ਲਈ ਛੋਟਾ ਕਾਰਖਾਨਾ ਅਤੇ ਸ਼ਹਿਰਾਂ ਵਿੱਚ ਮੰਡੀਕਰਨ ਲਈ ਮਿਲਕ ਬਾਰ ਖੋਲ੍ਹਣ ਲਈ ਘੱਟੋ ਘੱਟ 25% ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਡੇਅਰੀ ਫਾਰਮ ਦੇ ਮਸ਼ੀਨੀਕਰਨ ਜਿਵੇਂ ਕਿ ਪੱਠੇ ਵੱਢਣ ਵਾਲੀ ਮਸ਼ੀਨਾਂ, ਼ਸਹਿਰਾਂ ਵਿੱਚ ਘਰੋ ਘਰੀਂ ਦੁੱਧ ਵੇਚਣ ਲਈ ਵੈਂਡਿੰਗ ਮਸ਼ੀਨਾਂ ਉੱਤੇ ਵੀ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਡੇਅਰੀ ਫਾਰਮਿੰਗ ਦੀ ਅਤਿ ਆਧੁਨਿਕ ਸਿਖਲਾਈ ਦੇੇਣ ਲਈ 9 ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਕੰਮ ਕਰ ਰਹੇ ਹਨ ਅਤੇ ਹਰ ਸਾਲ 7000 ਤੋਂ ਵੱਧ ਪੜ੍ਹੇ ਲਿਖੇ ਬੇਰੁਜ਼ਗਾਰ ਨੋਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਡੇਅਰੀ ਧੰਦਾ ਹੁਣ ਇੱਕ ਬਰੀਕੀ ਦਾ ਧੰਦਾ ਬਣ ਚੁੱਕਾ ਹੈ। ਸਾਡਾ ਦੇਸ਼ ਫਰੀ ਟਰੇਡ ਐਗਰੀਮੈਂਟ ਦਾ ਮੁਢਲਾ ਮੈਂਬਰ ਹੈ। ਸਾਨੂੰ ਦੁੱਧ ਦੀਆਂ ਲਾਗਤ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਤੋਂ ਇਲਾਵਾ ਦੁੱਧ ਦੀ ਕੁਆਲਟੀ ਸੁਧਾਰਨ ਲਈ ਵੀ ਕੰਮ ਕਰਨਾ ਪਵੇਗਾ। ਇਸ ਲਈ ਦੁੱਧ ਉਤਪਾਦਕ ਨੂੰ ਡੇਅਰੀ ਫਾਰਮ ਮੈਨੇਜਰ ਬਣਨਾ ਪਵੇਗਾ। 
—————