ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਵੱਲੋਂ ਜ਼ਿਲ੍ਹਾ ਤਰਨਤਾਰਨ ਦਾ ਅਚਨਚੇਤ ਦੌਰਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਵੱਲੋਂ ਜ਼ਿਲ੍ਹਾ ਤਰਨਤਾਰਨ ਦਾ ਅਚਨਚੇਤ ਦੌਰਾ
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ-6 ਤਹਿਤ ਕੀਤੀ ਜਾ ਰਹੀ ਕਣਕ ਦੀ ਵੰਡ ਦਾ ਲਿਆ ਜਾਇਜ਼ਾ
ਤਰਨ ਤਾਰਨ, 27 ਜੂਨ :
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਨੇ ਸੋਮਵਾਰ ਨੂੰ ਜ਼ਿਲ੍ਹਾ ਤਰਨਤਾਰਨ ਦਾ ਅਚਨਚੇਤ ਦੌਰਾ ਕਰਕੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ-6 ਤਹਿਤ ਕੀਤੀ ਜਾ ਰਹੀ ਕਣਕ ਦੀ ਵੰਡ ਦਾ ਜਾਇਜ਼ਾ ਲਿਆ।
ਸ੍ਰੀ ਵਿਜੇ ਦੱਤ ਨੇ ਪਿੰਡ ਗੰਡੀਵਿੰਡ ਅਤੇ ਪਿੰਡ ਢੰਡ ਵਿੱਚ ਡਿਪੂ ਹੋਲਡਰਾਂ ਵੱਲੋਂ ਕੀਤੀ ਜਾ ਰਹੀ ਕਣਕ ਦੀ ਵੰਡ ਦਾ ਜਾਇਜ਼ਾ ਲੈਂਦਿਆਂ ਕਣਕ ਦੀ ਗੁਣਵੱਤਾ, ਤੋਲ ਅਤੇ ਲਾਭਪਾਤਰੀਆਂ ਤੋਂ ਕੋਈ ਵੀ ਰਕਮ ਵਸੂਲੀ ਨਾ ਹੋਣ ਦੀ ਜਾਂਚ ਕੀਤੀ।
ਸ੍ਰੀ ਦੱਤ ਨੇ ਕਿਹਾ ਕਿ ਚੈਕਿੰਗ ਦਾ ਮਕਸਦ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਐਕਟ ਨੂੰ ਜ਼ਮੀਨੀ ਪੱਧਰ `ਤੇ ਲਾਗੂ ਕਰਨਾ ਅਤੇ ਇਸ ਐਕਟ ਤਹਿਤ ਲਾਭਪਾਤਰੀਆਂ ਤੱਕ ਅਨਾਜ ਪਹੁੰਚਣਾ ਯਕੀਨੀ ਬਣਾਉਣਾ ਹੈ। ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਸੰਯੋਗਤਾ ਨੂੰ ਕਣਕ ਦੀ ਵੰਡ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਦੀ ਹਦਾਇਤ ਕਰਦਿਆਂ ਹਰ ਲੋੜਵੰਦ ਨੂੰ ਇਸ ਦਾ ਲਾਭ ਮਿਲਣਾ ਯਕੀਨੀ ਬਣਾਉਣ ਲਈ ਕਿਹਾ।
ਸ੍ਰੀ ਵਿਜੇ ਦੱਤ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਪਾਰਦਰਸ਼ਤਾ ਬਣਾਈ ਰੱਖਣ ਲਈ ਬਾਇਓਮੀਟ੍ਰਿਕ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਵੰਡ ਦੌਰਾਨ ਅੱਜ ਜਾਰੀ ਪਰਚੀ `ਤੇ ਹੀ ਵੰਡ ਨੂੰ ਯਕੀਨੀ ਬਣਾਇਆ ਜਾਵੇ। ਫੂਡ ਕਮਿਸ਼ਨ ਦੇ ਹੈੱਲਪਲਾਈਨ ਨੰਬਰ 9876764545 ਅਤੇ ਵੈੱਬਸਾਈਟ psfc.punjab.gov.in ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਮਾਰਟ ਕਾਰਡ ਧਾਰਕ ਨੂੰ ਅਨਾਜ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਉਕਤ ਨੰਬਰ `ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਸ੍ਰੀ ਵਿਜੇ ਦੱਤ ਨੇ ਦੱਸਿਆ ਕਿ ਦੌਰੇ ਦੌਰਾਨ ਪਿੰਡ ਗੰਡੀਵਿੰਡ ਵਿੱਚ ਬਣੀ ਵਿਜੀਲੈਂਸ ਕਮੇਟੀ ਦੇ ਮੈਂਬਰਾਂ ਨੇ ਸ਼ਿਕਾਇਤ ਕੀਤੀ ਕਿ ਪਿੰਡ ਦੇ ਇੱਕ ਡਿਪੂ ਹੋਲਡਰ ਨੇ ਉਨ੍ਹਾਂ ਨੂੰ ਅਨਾਜ ਵੰਡਣ ਸਮੇਂ ਹਾਜ਼ਰ ਨਹੀਂ ਹੋਣ ਦਿੱਤਾ।ਇਸ ਸ਼ਿਕਾਇਤ ’ਤੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਸੰਯੋਗਿਤਾ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਸਬੰਧਤ ਡਿਪੂ ਹੋਲਡਰ ਵੱਲੋਂ ਵਿਜੀਲੈਂਸ ਕਮੇਟੀ ਦੇ ਮੈਂਬਰਾਂ ਦੇ ਸਾਹਮਣੇ ਅਨਾਜ ਦੀ ਵੰਡ ਨਾ ਕੀਤੀ ਗਈ ਤਾਂ ਡਿਪੂ ਹੋਲਡਰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਮਿਸ਼ਨ ਨੂੰ ਇਸ ਸਬੰਧੀ ਰਿਪੋਰਟ ਭੇਜੀ ਜਾਵੇ।