ਬੰਦ ਕਰੋ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਆਰੰਭੀ ਗਈ ਫ਼ੈਸਲਾਕੁਨ ਲੜਾਈ-ਡਾ. ਕਸ਼ਮੀਰ ਸਿੰਘ ਸੋਹਲ

ਪ੍ਰਕਾਸ਼ਨ ਦੀ ਮਿਤੀ : 22/05/2025

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਆਰੰਭੀ ਗਈ ਫ਼ੈਸਲਾਕੁਨ ਲੜਾਈ-ਡਾ. ਕਸ਼ਮੀਰ ਸਿੰਘ ਸੋਹਲ
ਪੰਜਾਬ ਸਰਕਾਰ ਨਸ਼ੇ ਤੋਂ ਪੀੜਤ ਲੋਕਾਂ ਦਾ ਕਰਵਾ ਰਹੀ ਹੈ ਮੁਫਤ ਇਲਾਜ-ਸ. ਸਰਵਨ ਸਿੰਘ ਧੁੰਨ
ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਨੇ “ਨਸ਼ਾ ਮੁਕਤੀ ਯਾਤਰਾ” ਵਿੱਚ ਦੌਰਾਨ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਦਿੱਤਾ ਸੁਨੇਹਾ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਕੱਢੀ ਗਈ “ਨਸ਼ਾ ਮੁਕਤੀ ਯਾਤਰਾ”
ਤਰਨ ਤਾਰਨ, 21 ਮਈ :
ਪੰਜਾਬ ‘ਚੋ ਨਸ਼ਿਆਂ ਦੇ ਮੁਕਮੰਲ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਹਲਕਾ ਵਿਧਾਇਕਾਂ ਦੀ ਅਗਵਾਈ ਹੇਠ “ਨਸ਼ਾ ਮੁਕਤੀ ਯਾਤਰਾ” ਕੱਢੀ ਗਈ, ਜਿੰਨ੍ਹਾਂ ਵਿੱਚ ਪਿੰਡਾਂ ਦੇ ਪੰਚਾਂ-ਸਰਪੰਚਾਂ, ਮੋਹਤਬਰ ਵਿਅਕਤੀਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ।
ਇਸ ਦੌਰਾਨ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਪਿੰਡ ਛੀਨਾ ਬਿਧੀ ਚੰਦ, ਬੀੜ ਰਾਜਾ ਤੇਜਾ ਸਿੰਘ ਅਤੇ ਹਵੇਲੀਆ ਵਿਖੇ ‘ਨਸ਼ਾ ਮੁਕਤੀ ਯਾਤਰਾ’ ਕੱਢੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਫ਼ੈਸਲਾਕੁਨ ਲੜਾਈ ਅਰੰਭੀ ਗਈ ਹੈ ਅਤੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ `ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਤਾਂ ਹੀ ਸਫਲ ਸਾਬਤ ਹੋ ਸਕਦੇ ਹਨ ਜੇਕਰ ਹਰੇਕ ਨਾਗਰਿਕ ਆਪਣਾ ਸਹਿਯੋਗ ਦੇਵੇ, ਕਿਉਂਕਿ ਨਸ਼ਿਆਂ ਦੀ ਭੈੜੀ ਲਾਹਨਤ ਦਾ ਖ਼ਾਤਮਾ ਸਾਰਿਆਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਹਲਕਾ ਵਿਧਾਇਕ ਖੇਮਕਰਨ ਸ੍ਰ. ਸਰਵਨ ਸਿੰਘ ਧੁੰਨ ਵੱਲੋਂ ਪਿੰਡ ਠੱਠਾ, ਘਰਿਆਲਾ ਦਾਸੂਵਾਲ ਅਤੇ ਘਰਿਆਲੀ ਅਰਾਈਆਂ ਵਿਖੇ ‘ਨਸ਼ਾ ਮੁਕਤੀ ਯਾਤਰਾ’ ਦੀ ਅਗਵਾਈ ਕਰਦਿਆਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਤੰਦਰੁਸਤ ਕਰ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਹਰੇਕ ਵਿਅਕਤੀ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਉਹਨਾਂ ਕਿਹਾ ਕਿ ਨਸ਼ੇ ਕਰਨ ਵਾਲਾ ਹੋਰਨਾਂ ਬਿਮਾਰੀਆਂ ਵਾਂਗ ਬਿਮਾਰੀ ਤੋਂ ਪੀੜਿਤ ਵਿਅਕਤੀ ਵਾਂਗ ਹੁੰਦਾ ਹੈ ਅਤੇ ਉਸਦਾ ਇਲਾਜ ਸੰਭਵ ਹੈ। ਪੰਜਾਬ ਸਰਕਾਰ ਨਸ਼ੇ ਤੋਂ ਪੀੜਤ ਲੋਕਾਂ ਦਾ ਮੁਫਤ ਇਲਾਜ ਕਰਵਾ ਰਹੀ ਹੈ।
ਇਸ ਮੌਕੇ ਸ. ਸਰਵਨ ਸਿੰਘ ਧੁੰਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਿੰਡ ਵਿੱਚ ਕੋਈ ਨਸ਼ੇ ਵੇਚਦਾ ਹੈ ਤਾਂ ਉਸਦੀ ਸੂਚਨਾ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖਦੇ ਹੋਏ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ੇ ਦੀ ਸਮਾਪਤੀ ਲਈ ਕੋਈ ਉਪਰਾਲਾ ਨਹੀਂ ਕੀਤਾ ਅਤੇ ਉਨਾਂ ਸਰਕਾਰਾਂ ਸਮੇਂ ਨਸ਼ਾ ਤਸਕਰਾਂ ਨੂੰ ਸਰਪਰਸਤੀ ਮਿਲਦੀ ਰਹੀ ਹੈ, ਪਰ ਹੁਣ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਵਿੱਡੀ ਗਈ ਹੈ ਅਤੇ ਇਸ ਦੇ ਸਾਰਥਕ ਨਤੀਜੇ ਵੀ ਨਿਕਲਣ ਲੱਗੇ ਹਨ।
ਇਸ ਤੋਂ ਇਲਾਵਾ ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਨੇ ਪਿੰਡ ਗੁਲਾਲੀਪੁਰ, ਸ਼ਹਿਬਾਜ਼ਪੁਰ ਖੁਰਦ ਅਤੇ ਸ਼ਹਿਬਾਜ਼ਪੁਰ ਵਿਖੇ “ਨਸ਼ਾ ਮੁਕਤੀ ਯਾਤਰਾ” ਵਿੱਚ ਸ਼ਾਮਲ ਹੋਣ ਉਪਰੰਤ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੁਨੇਹਾ ਦਿੱਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਮੇਤ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਲਈ ਚਲਾਏ ਜਾ ਰਹੇ ਇਸ ਸਾਂਝੇ ਯਤਨ ਨੂੰ ਲੋਕਾਂ ਦਾ ਵੀ ਪੂਰਨ ਸਮਰਥਨ ਮਿਲ ਰਿਹਾ ਹੈ।
ਉਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਵਟਸ ਨੰਬਰ 9779-100-200 ਤੇ ਦਿੱਤੀ ਜਾਵੇ। ਉਨਾਂ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖਦਿਆਂ ਹੋਇਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਮੁਕਤੀ ਯਾਤਰਾ ਦਾ ਮਕਸਦ ਕੇਵਲ ਨਸ਼ਾ ਵਿਰੋਧੀ ਜਾਗਰੂਕਤਾ ਨਹੀਂ, ਸਗੋਂ ਸਮਾਜ ਵਿੱਚ ਸਕਾਰਾਤਮਕ ਮਾਹੌਲ ਪੈਦਾ ਕਰਨਾ ਹੈ। ਇਸ ਦੌਰਾਨ ਉਹਨਾਂ ਪਿੰਡ ਵਾਸੀਆਂ ਨੂੰ ਨਸ਼ਾ ਵਿਕਣ ਤੋਂ ਰੋਕਣ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਸਹੁੰ ਵੀ ਚੁਕਵਾਈ।