ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ :ਐਸ ਡੀ ਐਮ ਪੱਟੀ
ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪ੍ਰਚਾਰ ਵੈਨ ਚਲਾਈ
ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ :ਐਸ ਡੀ ਐਮ ਪੱਟੀ
ਤਰਨ ਤਾਰਨ 08 ਅਕਤੂਬਰ:
ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਹੁੰਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਹਿੱਤ ਪ੍ਰਚਾਰ ਵੈਨ ਰਸਮੀ ਤੌਰ ਤੇ ਐਸਡੀਐਮ ਪੱਟੀ ਸ਼੍ਰੀ ਜੈਇੰਦਰ ਸਿੰਘ ਪੀਸੀਐਸ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ।
ਇਸ ਮੌਕੇ ਐਸਡੀਐਮ ਪੱਟੀ ਸ਼੍ਰੀ ਜੈਇੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਾਣਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਹਦਾਇਤਾਂ ਅਨੁਸਾਰ ਫਸਲਾਂ ਦੀ ਰਹਿੰਦ- ਖੂੰਹਦ ਨੂੰ ਅੱਗ ਲਾਉਣ ਤੇ ਪੂਰਨ ਪਾਬੰਧੀ ਲਗਾਈ ਗਈ ਹੈ ।ਕਿਉ ਜੋ ਪਰਾਲੀ ਨੂੰ ਅੱਗ ਲਗਾ ਦੇਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ।ਕਈ ਵਾਰ ਭਿਆਨਕ ਅਣਸੁਖਾਵੀਆਂ ਘਟਨਾਵਾਂ ਦਾ ਖਦਸ਼ਾ ਵੱਧ ਜਾਂਦਾ ਹੈ। ਪਰਾਲੀ ਦੇ ਧੂੰਏਂ ਨਾਲ ਪੈਦਾ ਹੋਈਆਂ ਜ਼ਹਿਰੀਲੀਆਂ ਗੈਸਾਂ ਸਾਹ ਦੀਆਂ ਬਿਮਾਰੀਆਂ ਵਿਚ ਵਾਧਾ ਕਰਦੀਆਂ ਹਨ । ਉਨਾ ਜਾਣਕਾਰੀ ਦਿੱਤੀ ਕਿ ਸੈਟੇਲਾਈਟ ਰਾਹੀਂ ਅੱਗ ਦੀਆਂ ਘਟਨਾਵਾਂ ਦੀ ਸ਼ਨਾਖਤ ਹੋਣ ਤੇ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਉਨਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਲਈ ਕਿਸਾਨ ਵੀਰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਦੇਣ ਜਾਂ ਖੇਤੀਬਾੜੀ ਮਾਹਿਰਾਂ ਨਾਲ ਤਾਲਮੇਲ ਕਰਕੇ ਢੁਕਵੇ ਉਪਰਾਲੇ ਕਰਨ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ, ਗੁਰਬਰਿੰਦਰ ਸਿੰਘ ਏਡੀਓ,ਰਜਿੰਦਰ ਕੁਮਾਰ ਏਈਓ, ਅਮਨਦੀਪ ਸਿੰਘ ਏਈਓ, ਦਇਆਪ੍ਰੀਤ ਸਿੰਘ ਏਈਓ, ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ, ਗੁਰਪ੍ਰੀਤ ਸਿੰਘ ਬੀਟੀਐਮ, ਸੁਖਵਿੰਦਰ ਸਿੰਘ ਸਟੈਨੋ, ਅਵਤਾਰ ਸਿੰਘ, ਕਿਸਾਨ ਹਰਚਰਨ ਸਿੰਘ ਲੋਹੁਕਾ ਨੇ ਅਪੀਲ ਕੀਤੀ ਕਿ ਕਿਸਾਨ ਭਰਾ ਹਰ ਸੰਭਵ ਯਤਨ ਕਰਦਿਆਂ ਪਿੰਡਾਂ ਵਿੱਚ ਮੌਜੂਦ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ। ਇਸ ਸਬੰਧੀ ਜੇਕਰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਸਬੰਧਤ ਸਰਕਲ ਅਧਿਕਾਰੀ ਨਾਲ ਤਾਲਮੇਲ ਕੀਤਾ ਜਾਵੇ।