ਫਸਲੀ ਵਿੰਭਿਨਤਾ ‘ਤੇ ਜ਼ੋਰ ਦਿੰਦੇ ਹੋਏ ਜ਼ਿਲ੍ਹੇ ਵਿੱਚ ਝੋਨੇ ਹੇਠੋਂ ਰਕਬਾ ਕੱਢ ਕੇ ਬਾਸਮਤੀ ਅਤੇ ਹੋਰ ਫਸਲਾਂ ਅਧੀਨ ਲਿਆਂਦਾ ਗਿਆ-ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਫਸਲੀ ਵਿੰਭਿਨਤਾ ‘ਤੇ ਜ਼ੋਰ ਦਿੰਦੇ ਹੋਏ ਜ਼ਿਲ੍ਹੇ ਵਿੱਚ ਝੋਨੇ ਹੇਠੋਂ ਰਕਬਾ ਕੱਢ ਕੇ ਬਾਸਮਤੀ ਅਤੇ ਹੋਰ ਫਸਲਾਂ ਅਧੀਨ ਲਿਆਂਦਾ ਗਿਆ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ‘ਚ ਪਿਛਲੇ ਸਾਲ ਨਾਲੋਂ 36 ਫੀਸਦੀ ਆਈ ਕਮੀ
ਸਾਲ 2023-24 ਦੌਰਾਨ ਕਿਸਾਨਾਂ ਨੂੰ ਖੇਤੀ ਮਸ਼ੀਨਾਂ ‘ਤੇ ਜਾਰੀ ਕੀਤੀ ਗਈ 4 ਕਰੋੜ 05 ਲੱਖ 79 ਹਜ਼ਾਰ 440 ਰੁਪਏ ਦੀ ਸਬਸਿਡੀ ਰਾਸ਼ੀ
ਤਰਨ ਤਾਰਨ, 30 ਜਨਵਰੀ :
ਸਾਲ 2023-24 ਵਿੱਚ ਫਸਲੀ ਵਿੰਭਿਨਤਾ ‘ਤੇ ਜ਼ੋਰ ਦਿੰਦੇ ਹੋਏ ਜ਼ਿਲ੍ਹਾ ਤਰਨ ਤਾਰਨ ਵਿੱਚ ਝੋਨੇ ਹੇਠੋਂ ਰਕਬਾ ਕੱਢ ਕੇ ਬਾਸਮਤੀ ਅਤੇ ਹੋਰ ਫਸਲਾਂ ਅਧੀਨ ਲਿਆਂਦਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਬਾਸਮਤੀ ਅਧੀਨ ਰਕਬਾ 35,909 ਹੈਕਟੇਅਰ ਸੀ, ਇਸ ਸਾਲ 52,000 ਹੈਕਟੇਅਰ ਰਕਬਾ ਬਾਸਮਤੀ ਅਧੀਨ ਲਿਆਂਦਾ ਗਿਆ ਹੈ ।
ਉਹਨਾਂ ਦੱਸਿਆ ਕਿ ਜ਼ਿਲਾ ਤਰਨਤਾਰਨ ਦਾ ਕੁੱਲ ਭੂਗੋਲਿਕ ਰਕਬਾ 241000 ਹੈਕਟੇਅਰ ਹੈ ਅਤੇ ਇਸ ਰਕਬੇ ਵਿੱਚੋਂ ਵਾਹੀਯੋਗ ਰਕਬਾ 215000 ਹੈਕਟੇਅਰ ਹੈ। ਜ਼ਿਲਾ ਤਰਨਤਾਰਨ ਵਿੱਚ ਜ਼ਿਆਦਾਤਰ ਕਿਸਾਨ ਕਣਕਝੋਨੇ ਦੀ ਖੇਤੀ ਕਰਦੇ ਹਨ, ਜਿਸ ਕਰਕੇ ਜ਼ਿਲੇ ਵਿੱਚ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਸਾੜਣ ਦੀ ਮੁਸ਼ਕਿਲ ਰਹਿੰਦੀ ਹੈ।ਪਰ ਜ਼ਿਲਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਜੋ ਕਿ ਪਿਛਲੇ ਸਾਲ 3184 ਸਨ ਤੋਂ ਇਸ ਸਾਲ ਘੱਟ ਕੇ 2026 ਰਹਿ ਗਈਆਂ ਹਨ ਜੋ ਕਿ ਪਿਛਲੇ ਸਾਲ ਨਾਲੋਂ 36 ਫੀਸਦੀ ਘੱਟ ਹਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਸਾਲ 2022-23 ਦੌਰਾਨ ਕਿਸਾਨਾਂ ਨੂੰ 1183 ਖੇਤੀ ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਗਈਆਂ ਹਨ ਅਤੇ 13 ਕੋਰੜ 03 ਲੱਖ 42 ਹਜ਼ਾਰ 340 ਰੁਪਏ ਦੀ ਰਾਸ਼ੀ ਦੀ ਸਬਸਿਡੀ ਜਾਰੀ ਕੀਤੀ ਗਈ ।ਇਸੇ ਤਰ੍ਹਾਂ ਸਾਲ 2023-24 ਵਿੱਚ ਕਿਸਾਨਾਂ ਨੂੰ 837 ਖੇਤੀ ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਗਈਆਂ ਹਨ ਅਤੇ ਹੁਣ ਤੱਕ 4 ਕਰੋੜ 05 ਲੱਖ 79 ਹਜ਼ਾਰ 440 ਰੁਪਏ ਰਾਸ਼ੀ ਦੀ ਸਬਸਿਡੀ ਜਾਰੀ ਕੀਤੀ ਜਾ ਚੁੱਕੀ ਹੈ ।
ਉਹਨਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਸਬੰਧੀ ਸੀ. ਆਰ. ਐਮ , ਆਈ. ਈ. ਸੀ ਗਤੀਵਿਧੀਆਂ ਅਧੀਨ ਖੇਤੀ ਪ੍ਰਸਾਰ ਸੇਵਾਵਾਂ ਜਿਵੇਂ ਕਿ 160 ਕਿਸਾਨ ਸਿਖਲਾਈ ਕੈਂਪ, 10 ਆਸ਼ਾ ਵਰਕਰ ਕੈਂਪ, 30 ਪਰਾਲੀ ਪ੍ਰਬੰਧਨ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ, 450 ਪਰਾਲੀ ਪ੍ਰਬੰਧਨ ਦੇ ਸਲੋਗਨਾਂ ਦੀਆਂ ਦੀਵਾਰ ਪੇਟਿੰਗਾਂ, 8 ਜਾਗਰੂਕਤਾ ਵੈਨਾਂ 15 ਦਿਨਾਂ ਚਲਾਈਆਂ ਗਈਆਂ ਹਨ।
ਉਹਨਾਂ ਕਿਹਾ ਕਿ ਪਾਣੀ ਅਤੇ ਲੇਬਰ ਦੀ ਬੱਚਤ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਤਰਨਤਾਰਨ ਵਿੱਚ 303 ਕਿਸਾਨ ਵੱਲੋਂ 1790 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ।ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਮਾਣਭੱਤਾ ਦਿੱਤਾ ਜਾ ਰਿਹਾ ਹੈ, ਇਸੇ ਲੜੀ ਤਹਿਤ ਜ਼ਿਲਾ ਤਰਨਤਾਰਨ ਦੇ ਕਿਸਾਨਾਂ ਨੂੰ 26 ਲੱਖ 85 ਹਜ਼ਾਰ ਰੁਪਏ ਸਿੱਧੀ ਬਿਜਾਈ ਦਾ ਮਾਣਭੱਤਾ ਦਿੱਤਾ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਖੇਤੀ ਪ੍ਰਸਾਰ ਸੇਵਾਵਾਂ ਅਧੀਨ ਆਤਮਾ ਸਕੀਮ ਤਹਿਤ ਪੰਜਾਬ ਸਰਕਾਰ ਕਿਸਾਨ ਮਿਲਣੀ ਪੀ. ਏ. ਯੂ ਲੁਧਿਆਣਾ ਵਿਖੇ 200 ਕਿਸਾਨਾਂ ਦੀ ਸ਼ਮੂਲੀਅਤ, ਬਾਸਮਤੀ ਪ੍ਰਮੋਸ਼ਨ ਲਈ 160 ਕੈਂਪ, 16 ਬਲਾਕ ਪੱਧਰੀ ਕੈਂਪ ਅਤੇ 80 ਝੋਨੇ ਦੀ ਸਿੱਧੀ ਬਿਜਾਈ ਦੀਆਂ ਪ੍ਰਦਰਸ਼ਨੀਆਂ, ਬਾਸਮਤੀ ਦੀ ਫਸਲ ਤੇ 10 ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਨਾ ਕਰਨ ਸਬੰਧੀ 120 ਜਾਗਰੂਕਤਾ ਕੈਂਪ ਲਗਾਏ ਗਏ ਹਨ ।