ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਅੱਜ (20 ਫਰਵਰੀ) ਤੋਂ ਸ਼ੁਰੂ
ਪ੍ਰਕਾਸ਼ਨ ਦੀ ਮਿਤੀ : 20/02/2023
ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਅੱਜ (20 ਫਰਵਰੀ) ਤੋਂ ਸ਼ੁਰੂ
ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ – ਸਤਨਾਮ ਸਿੰਘ ਬਾਠ
ਨਕਲ ਰਹਿਤ ਪੇਪਰ ਕਰਵਾਉਣ ਲਈ ਲਗਾਏ ਗਏ 12 ਉੱਡਣ ਦਸਤੇ- ਗੁਰਬਚਨ ਸਿੰਘ ਲਾਲੀ
ਤਰਨ ਤਾਰਨ 19 ਫਰਵਰੀ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਨਾਮ ਸਿੰਘ ਬਾਠ ਨੇ ਗੱਲਬਾਤ ਦੌਰਾਨ ਕੀਤਾ । ਉਹਨਾਂ ਕਿਹਾ ਕਿ ਬਾਰ੍ਹਵੀਂ ਜਮਾਤ ਦਾ ਜਨਰਲ ਪੰਜਾਬੀ ਦਾ ਪੇਪਰ 20 ਫਰਵਰੀ 2023 ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਸਬੰਧੀ ਸੁਪਰਡੈਂਟ , ਡਿਪਟੀ ਸੁਪਰਡੈਂਟ ਅਤੇ ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ । ਇਥੇ ਇਹ ਵਰਨਣਯੋਗ ਹੈ ਕਿ ਅੱਠਵੀਂ ਸ਼੍ਰੇਣੀ ਦੇ ਪੇਪਰ 25 ਫਰਵਰੀ ਅਤੇ ਦਸਵੀਂ ਸ਼੍ਰੇਣੀ ਦੇ ਪੇਪਰ 24 ਮਾਰਚ ਤੋਂ ਆਰੰਭ ਹੋ ਰਹੇ ਹਨ ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਨੋਡਲ ਅਫ਼ਸਰ ਪ੍ਰੀਖਿਆਵਾਂ ਸ੍ਰ ਗੁਰਬਚਨ ਸਿੰਘ ਨੇ ਕਿਹਾ ਕਿ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ ਬਾਰ੍ਹਵੀਂ ਜਮਾਤ ਦੇ 13499, ਦਸਵੀਂ ਜਮਾਤ ਦੇ 13640 ਅਤੇ ਅੱਠਵੀਂ ਜਮਾਤ ਦੇ 14018 ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ । ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਬਾਰ੍ਹਵੀਂ ਜਮਾਤ ਦੇ 105 ਪ੍ਰੀਖਿਆ ਕੇਂਦਰ ਬਣਾਏ ਹਨ, ਜਿੰਨਾ ਵਿੱਚ 128 ਸੁਪਰਡੈਂਟ ਅਤੇ 128 ਡਿਪਟੀ ਸੁਪਰਡੈਂਟ ਲਗਾਏ ਗਏ ਹਨ। ਉਹਨਾਂ ਕਿਹਾ ਕਿ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਜ਼ਿਲ੍ਹੇ ਵਿੱਚ 12 ਉੱਡਣ ਦਸਤੇ ਲਗਾਏ ਗਏ ਹਨ । ਉਹਨਾਂ ਕਿਹਾ ਕਿ ਡਿਊਟੀ ਦੌਰਾਨ ਗੈਰ ਸੰਜੀਦਗੀ ਵਰਤਣ ਵਾਲੇ ਕਰਮਚਾਰੀਆਂ ਵਿਰੁੱਧ ਸਿੱਖਿਆ ਵਿਭਾਗ ਸਖ਼ਤ ਕਾਰਵਾਈ ਕਰੇਗਾ । ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਬਾਠ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨ ਨੂੰ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਪ੍ਰੇਰਿਤ ਕਰਦਿਆਂ ਪੇਪਰਾਂ ਲਈ ਸ਼ੁਭ ਇੱਛਾਵਾਂ ਦਿੱਤੀਆਂ ।
ਇਸ ਮੌਕੇ ਨਰਿੰਦਰ ਭੱਲਾ ਸੁਪਰਡੈਂਟ ,ਤਰਸੇਮ ਸਿੰਘ ਡੀਲਿੰਗ ਹੈਂਡ, ਇਕਬਾਲ ਸਿੰਘ, ਵਰੁਨ ਰੰਧਾਵਾ, ਬਲਵਿੰਦਰ ਸਿੰਘ, ਸੰਦੀਪ ਸਿੰਘ, ਬਿਕਰਮ ਸਿੰਘ,ਅਤੇ ਸੁਖਬੀਰ ਸਿੰਘ ਕੰਗ ਹਾਜਰ ਸਨ ।