ਬਾਸਮਤੀ ਵਿੱਚ ਖੇਤੀ ਰਸਾਇਣਾਂ ਦੀ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਵਰਤੋਂ ਲਈ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਬਾਸਮਤੀ ਵਿੱਚ ਖੇਤੀ ਰਸਾਇਣਾਂ ਦੀ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਵਰਤੋਂ ਲਈ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
ਤਰਨ ਤਾਰਨ, 26 ਅਗਸਤ:
ਪੰਜਾਬ ਐਗਰੀਕਲਚਰਲ ਯੂਨੀਵਰਸਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਅੱਜ ਬਾਸਮਤੀ ਵਿਚ ਖੇਤੀ ਰਸਾਇਣਾਂ ਦੀ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਵਰਤੋਂ ਲਈ ਜਾਗਰੂਕਤਾ ਪ੍ਰੋਗਰਾਮ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 200 ਤੋਂ ਵੱਧ ਕਿਸਾਨਾਂ ਵਲੋ ਸ਼ਿਰਕਤ ਕੀਤੀ ਗਈ । ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡਾ. ਪਰਵਿੰਦਰ ਸਿੰਘ, ਇੰਚਾਰਜ਼, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੇ ਆਏ ਹੋਏ ਸਾਰੇ ਕਿਸਾਨਾਂ ਅਤੇ ਸਾਇੰਸਦਾਨਾਂ ਨੂੰ ਜੀ ਆਇਆਂ ਆਖਿਆ।
ਓਹਨਾਂ ਨੇ ਬਾਸਮਤੀ ਦੀ ਉੱਚ ਗੁਣਵੱਤਾ ਲਈ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਅਨੁਸਾਰ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਡਾ. ਪ੍ਰਮੋਦ ਕੁਮਾਰ ਤੋਮਰ, ਸਾਇੰਸਦਾਨ, ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫਾਊਂਡੇਸ਼ਨ (ਬੀ.ਈ.ਡੀ.ਐਫ) ਨੇ ਬਾਸਮਤੀ ਦੀ ਖਰੀਦ ਅਤੇ ਨਿਰਯਾਤ ਦੌਰਾਨ ਆਉਣ ਵਾਲੀਆਂ ਮੁੱਖ ਸਮੱਸਿਆਵਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਗੈਰ ਸਿਫਾਰਸ਼ ਖੇਤੀ ਰਸਾਇਣਾਂ ਦੀ ਵਰਤੋਂ ਨਾ ਕੀਤੀ ਜਾਵੇ।
ਡਾ. ਗੁਰਮੀਤ ਸਿੰਘ, ਸੀਨੀਅਰ ਪਸਾਰ ਵਿਗਿਆਨੀ (ਕੀਟ ਵਿਗਿਆਨ), ਫਾਰਮ ਸਲਾਹਕਾਰ ਸੇਵਾ ਕੇਂਦਰ, ਅੰਮ੍ਰਿਤਸਰ ਨੇ ਬਾਸਮਤੀ ਦੀ ਫ਼ਸਲ ਵਿਚ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਅਤੇ ਓਹਨਾਂ ਸਬੰਧੀ ਵਰਤੋਂ ਦੇ ਢੰਗਾਂ ਬਾਰੇ ਜਾਣਕਾਰੀ ਦਿੱਤੀ। ਡਾ. ਆਸਥਾ, ਐਸੋਸੀਏਟ ਪ੍ਰੋਫੈਸਰ (ਪੌਦ ਸੁਰੱਖਿਆ), ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਨੇ ਬਾਸਮਤੀ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਰਾਜਨ ਭੱਟ, ਐਸੋਸੀਏਟ ਪ੍ਰੋਫੈਸਰ, (ਭੂਮੀ ਵਿਗਿਆਨ) ਵੱਲੋਂ ਖਾਦਾਂ ਦੀ ਸਹੀ ਵਰਤੋਂ ਬਾਰੇ ਜ਼ਰੂਰੀ ਨੁਕਤੇ ਸਾਂਝੇ ਕੀਤੇ।
ਡਾ. ਨਵਜੋਤ ਸਿੰਘ ਬਰਾੜ, ਸਹਾਇਕ ਪ੍ਰੋਫੈਸਰ, (ਫ਼ਸਲ ਵਿਗਿਆਨ), ਕੇ ਵੀ ਕੇ, ਬੂਹ, ਤਰਨ ਤਾਰਨ ਨੇ ਨਦੀਨ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ । ਡਾ. ਜਤਿੰਦਰ ਮੰਨਣ, ਫ਼ਸਲ ਵਿਗਿਆਨੀ, ਯੂਨੀਵਰਸਿਟੀ ਬੀਜ ਫਾਰਮ, ਉਸਮਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਨੂੰ ਲਗਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ । ਡਾ. ਪਰਮਿੰਦਰ ਸਿੰਘ ਸੰਧੂ, ਜ਼ਿਲ੍ਹਾ ਪਸਾਰ ਵਿਗਿਆਨੀ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਪੀ. ਏ. ਯੂ. ਦੇ ਸਾਇੰਸਦਾਨਾਂ ਤੋਂ ਤਕਨੀਕੀ ਜਾਣਕਾਰੀ ਲੈ ਕੇ ਬਾਸਮਤੀ ਦੀ ਸੁਚੱਜੀ ਕਾਸ਼ਤ ਅਪਨਾਉਣ ਲਈ ਕਿਹਾ ।
ਡਾ. ਸਵਰੀਤ ਖਹਿਰਾ, ਜ਼ਿਲ੍ਹਾ ਪਸਾਰ ਵਿਗਿਆਨੀ (ਫ਼ਲ) ਨੇ ਕਿਸਾਨਾਂ ਨੂੰ ਘਰੇਲੂ ਬਗੀਚੀ ਵਿੱਚ ਫ਼ਲਦਾਰ ਬੂਟੇ ਲਗਉਣ ਲਈ ਪ੍ਰੇਰਿਤ ਕੀਤਾ ਅਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚੋਂ ਆਏ ਕਿਸਾਨਾਂ ਅਤੇ ਸਾਰੇ ਸਾਇੰਸਦਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਬਾਸਮਤੀ ਫ਼ਸਲ ਦੀ ਕਾਸ਼ਤ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਦੀਆਂ ਗਤੀਵਿਧੀਆਂ, ਇਨਾਮ ਜੇਤੂ ਕਿਸਾਨਾਂ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਸਰਦੀਆਂ ਦੀਆਂ ਸਬਜ਼ੀਆਂ ਦੀਆਂ ਕਿੱਟਾਂ, ਤੋਰੀਏ ਦੇ ਬੀਜ, ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਦੀ ਵਿਕਰੀ ਵੀ ਕੀਤੀ ਗਈ ।