ਬੰਦ ਕਰੋ

ਬਾਗ਼ਬਾਨੀ ਵਿਭਾਗ ਤਰਨ ਤਾਰਨ ਵੱਲੋਂ ਹਰ ਸਾਲ ਤਕਰੀਬਨ 100 ਹੈਕਟੇਅਰ ਨਾਖਾਂ ਦਾ ਬਾਗ ਲਗਵਾ ਕੇ ਫਸਲੀ ਵਿਭਿੰਨਤਾ ਵਿੱਚ ਪਾਇਆ ਜਾ ਰਿਹਾ ਅਹਿਮ ਯੋਗਦਾਨ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 02/02/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬਾਗ਼ਬਾਨੀ ਵਿਭਾਗ ਤਰਨ ਤਾਰਨ ਵੱਲੋਂ ਹਰ ਸਾਲ ਤਕਰੀਬਨ 100 ਹੈਕਟੇਅਰ ਨਾਖਾਂ ਦਾ ਬਾਗ ਲਗਵਾ ਕੇ ਫਸਲੀ ਵਿਭਿੰਨਤਾ ਵਿੱਚ ਪਾਇਆ ਜਾ ਰਿਹਾ ਅਹਿਮ ਯੋਗਦਾਨ-ਡਿਪਟੀ ਕਮਿਸ਼ਨਰ
ਸਵੈ-ਰੁਜਗਾਰ ਮੁਹੱਈਆ ਕਰਵਾਉਣ ਹਿਤ ਨੌਜਵਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਪੀ. ਏ. ਯੂ. ਵਿਖੇ ਸਿਖਲਾਈ ਦੁਆ ਕੇ ਬਾਗਬਾਨੀ ਦੇ ਸਹਾਇਕ ਧੰਦਿਆ ਲਈ ਕੀਤਾ ਜਾ ਰਿਹਾ ਪ੍ਰੇਰਿਤ
ਤਰਨ ਤਾਰਨ, 30 ਜਨਵਰੀ :
ਬਾਗ਼ਬਾਨੀ ਵਿਭਾਗ ਜ਼ਿਲ੍ਹਾ ਤਰਨ ਤਾਰਨ ਵੱਲੋਂ ਕਿਸਾਨਾਂ ਨੂੰ ਫਲ਼, ਸਬਜੀਆਂ, ਫੁੱਲ, ਸ਼ਹਿਦ ਦੀਆਂ ਮੱਖੀਆਂ ਅਤੇ ਖੁੰਬਾਂ ਆਦਿ ਬਾਰੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾ ਕੇ ਬਾਗ਼ਬਾਨੀ ਅਤੇ ਸਹਾਇਕ ਧੰਦਿਆਂ ਨਾਲ ਜੋੜ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਸਾਲ ਤਕਰੀਬਨ 100 ਹੈਕਟੇਅਰ ਨਾਖਾਂ ਦਾ ਬਾਗ ਲਗਵਾ ਕੇ ਫਸਲੀ ਵਿਭਿੰਨਤਾ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ, ਇਸ ਨਾਲ ਜਿਥੇ ਕਿਸਾਨ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਰਿਹਾ ਹੈ, ਓਥੇ ਨਾਲ ਹੀ ਪਾਣੀ ਦੀ ਬੱਚਤ ਤੇ ਵਾਤਾਵਰਣ ਸਾਫ਼ ਹੋ ਰਿਹਾ ਹੈ ਅਤੇ ਕਿਸਾਨਾਂ ਨੂੰ ਮੁਨਾਫ਼ਾ ਵੀ ਵਧੇਰੇ ਮਿਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਫਸਲਾਂ ਦੀ ਸਾਂਭ-ਸੰਭਾਲ ਵਾਸਤੇ ਅਤੇ ਚੰਗੇ ਮੁੱਲ ਲਈ ਵਿਭਾਗ ਵੱਲੋਂ ਪੈਕ ਹਾਊਸ ਅਤੇ ਆਨ ਫਾਰਮ ਕੋਲਡ ਰੂਮ 50 ਫੀਸਦੀ ਸਬਸਿਡੀ ‘ਤੇ ਲਗਵਾਏ ਜਾ ਰਹੇ ਹਨ।ਜਿਮੀਂਦਾਰਾਂ ਨੂੰ ਉਹਨਾਂ ਦੀ ਸਹੂਲਤ ਵਾਸਤੇ 40 ਤੋਂ 50 ਪ੍ਰਤੀਸ਼ਤ ਤੱਕ ਬਾਗਬਾਨੀ ਮਸ਼ੀਨਰੀ ਜਿਵੇਂ ਕਿ ਪਾਵਰ ਨੈਪਸੈਕ ਸਪਰੇ ਪੰਪ, ਪਾਵਰ ਟਿੱਲਰ ਅਤੇ ਟਰੈਕਟਰ ਮਾਊਂਟਿਡ ਸਪਰੇ ਪੰਪ ਦਿੱਤੇ ਜਾ ਰਹੇ ਹਨ।
ਸਵੈ-ਰੁਜਗਾਰ ਮੁਹੱਈਆ ਕਰਵਾਉਣ ਹਿਤ ਨੌਜਵਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਵਿਖੇ ਸਿਖਲਾਈ ਦੁਆ ਕੇ ਬਾਗਬਾਨੀ ਦੇ ਸਹਾਇਕ ਧੰਦਿਆ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਸ਼ਹਿਦ ਮੱਖੀ ਪਾਲਣ, ਮਸ਼ਰੂਮ ਕਲਟੀਵੇਸ਼ਨ ਅਤੇ ਵਰਮੀ ਕੰਪੋਸਟ ਦੀਆਂ ਟਰੇਨਿੰਗਾਂ ਦੁਆ ਕੇ ਬੇ-ਜਮੀਨੇ, ਛੋਟੇ ਅਤੇ ਸੀਮਾਂਤ ਕਿਸਾਨ, ਪੜੇ-ਲਿਖੇ ਬੇ-ਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।ਵਿਭਾਗ ਵੱਲੋਂ ਇਹਨਾਂ ਉਪਰੋਕਤ ਮੱਦਾਂ ਤਹਿਤ 50 ਫਸਦੀ ਸਬਸਿਡੀ ਰਾਸ਼ੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ 400 ਬਕਸੇ ਸ਼ਹਿਦ ਦੀਆਂ ਮੱਖੀਆਂ ਉੱਪਰ 3.2 ਲੱਖ ਅਤੇ 4 ਲਾਭਪਾਤਰੀਆਂ ਨੂੰ ਵਰਮੀਕੰਪੋਸਟ ਯੂਨਿਟ ਉੱਪਰ 2 ਲੱਖ ਦੀ ਸਬਸਿਡੀ ਮੁਹੱਈਆ ਕਰਵਾਈ ਗਈ।
ਬਾਗਬਾਨੀ ਵਿਭਾਗ ਵੱਲੋਂ ਸੁਰੱਖਿਅਤ ਖੇਤੀ ਨੂੰ ਹੁਲਾਰਾ ਦੇਣ ਲਈ ਸੈਂਟਰ ਆਫ ਐਕਸੀਲੈਂਸ, ਕਰਤਾਰਪੁਰ ਤੋਂ ਜਿਮੀਂਦਾਰਾਂ ਨੂੰ ਟਰੇਨਿੰਗ ਦੁਆ ਕੇ 50 ਫੀਸਦੀ ਸਬਸਿਡੀ ਮੁਹੱਈਆ ਕਰਵਾ ਕੇ ਪੋਲੀਹਾਊਸ/ਸ਼ੈੱਡਨੈੱਟ ਹਾਊਸ ਲਗਵਾਏ ਜਾਂਦੇ ਹਨ, ਜਿਸ ਨਾਲ ਜਿਮੀਂਦਾਰ ਕਾਫ਼ੀ ਮੁਨਾਫ਼ਾ ਕਮਾ ਰਹੇ ਹਨ।ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਵਿਭਾਗ ਵੱਲੋਂ 10 ਕੋਲਡ ਸਟੋਰ ਕੌਮੀ ਬਾਗ਼ਬਾਨੀ ਮਿਸ਼ਨ ਤਹਿਤ ਸਬਸਿਡੀ ਦੇ ਕੇ ਲਗਵਾਏ ਹਨ।