ਬੰਦ ਕਰੋ

ਬੱਚਿਆਂ ‘ਚ ਦਸਤ ਦੀ ਸੱਮਸਿਆ ਨੂੰ ਨਾਂ ਕਰੋ ਅਨਗੋਲਿਆ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

ਪ੍ਰਕਾਸ਼ਨ ਦੀ ਮਿਤੀ : 01/07/2025

1 ਜੁਲਾਈ ਤੋਂ ਸ਼ੁਰੂ ਹੋਇਆ ਤਿਵਰ ਦਸਤ ਰੁਕੋ ਮੁਹਿੰਮ

ਬੱਚਿਆਂ ‘ਚ ਦਸਤ ਦੀ ਸੱਮਸਿਆ ਨੂੰ ਨਾਂ ਕਰੋ ਅਨਗੋਲਿਆ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

ਤਰਨ ਤਾਰਨ, 01 ਜੁਲਾਈ

ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ  ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ  ਜ਼ਿਲਾ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ ਦੀ ਯੋਗ ਅਗਵਾਈ ਹੇਠ ਮੰਗਲਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਤਿਵਰ ਦਸਤ ਰੋਕੋ ਮੁਹਿੰਮ ਦੇ ਸਬੰਧ ਵਿੱਚ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਜਿਲੇ ਦੇ ਸਾਰੇ ਬਲਾਕਾਂ ਤੋਂ ਪ੍ਰੋਗਰਾਮ ਨੋਡਲ ਅਫਸਰ, ਬਲਾਕ ਐਕਸਟੈਂਸ਼ਨ ਐਜੂਕੇਟਰਜ਼ ਅਤੇ ਮਲਟੀਪਰਪਜ ਹੈਲਥ ਸੁਪਰਵਾਇਜ਼ਰ (ਫੀਮੇਲ) ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦੇ ਡਾ. ਇਸ਼ਿਤਾ ਵੀ ਮੌਜੂਦ ਰਹੇ।

ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ  ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਦੀ ਕਾਮਯਾਬੀ ਦੇ ਲਈ ਯਤਨਸ਼ੀਲ ਰਹਿਣ ਅਤੇ ਆਪਣੀਆਂ ਆਪਣੀਆਂ ਸੰਸਥਾਵਾਂ ਦੇ ਵਿੱਚ ਮੁਹਿੰਮ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ। ਉਹਨਾਂ ਕਿਹਾ ਕਿ ਮਾਸ ਮੀਡੀਆ ਵਿੰਗ ਵੱਲੋਂ ਇਸ ਮੁਹਿੰਮ ਦੀ ਸਫਲਤਾ ਲਈ ਆਪਣੇ ਆਪਣੇ ਬਲਾਕਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ, ਤਾਂ ਜੋ ਦਸਤ ਦੇ ਲੱਛਣਾਂ ਅਤੇ ਬਚਾਅ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਸਿਵਲ ਸਰਜਨ ਗੁਰਪ੍ਰੀਤ ਸਿੰਘ ਰਾਏ ਨੇ  ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਦਸਤ ਰੋਕੋ ਪ੍ਰੋਗਰਾਮ ਬੱਚਿਆਂ ਦੀ ਚੰਗੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਬਹੁਤ ਅਹਿਮ ਹੈ।

ਡਾ. ਰਾਏ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲੇ ਦੀਆਂ ਸਾਰੀਆਂ ਹੀ ਸਿਹਤ ਸੰਸਥਾਵਾਂ ਵਿਖੇ ਆਈ.ਡੀ.ਸੀ.ਐਫ ਕਾਰਨਰ ਤਿਆਰ ਕੀਤੇ ਜਾਣਗੇ, ਜਿੱਥੇ ਸਿਹਤ ਕਰਮੀਆਂ ਵੱਲੋਂ ਬੱਚਿਆਂ ਦੇ ਲਈ ਓ ਆਰ ਐਸ ਦਾ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਜ਼ਿਲਾ  ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ ਨੇ ਕਿਹਾ ਕਿ ਮਿਤੀ 01 ਜੁਲਾਈ ਤੋਂ ਜ਼ਿਲੇ ਭਰ ਦੇ ਵਿੱਚ ਤਿਵਰ ਦਸਤ ਰੋਕੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਪੂਰਾ ਇੱਕ ਮਹੀਨਾ ਚੱਲੇਗੀ। ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਦਾ ਆਪਣੇ ਆਪਣੇ ਖੇਤਰਾਂ ਦੇ ਵਿੱਚ ਸਰਵੇਖਣ ਰਾਹੀਂ ਦਸਤ ਤੋਂ ਪੀੜਤ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇਗੀ, ਤਾਂ ਜੋ ਸਮਾਂ ਰਹਿੰਦਿਆਂ ਉਹਨਾਂ ਦਾ ਇਲਾਜ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਨੂੰ ਦੱਸਿਆ ਕਿ ਓ ਆਰ ਐਸ ਕੇਂਦਰ ਆਂਗਣਵਾੜੀ ਕੇਂਦਰਾਂ ਵਿਖ਼ੇ ਵੀ ਤਿਆਰ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਪੰਦਰਵਾੜੇ ਦੇ ਸਬੰਧ ਵਿੱਚ ਮਾਈਕਰੋਪਲੈਨ ਤਿਆਰ ਕੀਤਾ ਜਾ ਚੁਕਿਆ ਹੈ।  ਡਾ ਵਰਿੰਦਰ ਪਾਲ ਕੌਰ ਨੇ ਦਸਤ ਤੋ ਪੀੜਤ ਬੱਚਿਆਂ ਨੂੰ ਆਉਣ ਵਾਲੇ ਲੱਛਣਾਂ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜਿਹੜਾ ਵੀ ਬੱਚਾ ਦਸਤ ਤੋਂ ਪੀੜਿਤ ਹੋਵੇਗਾ, ਉਸ ਦੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਵ ਆਉਂਦੇ ਹਨ, ਜਿਵੇਂ ਕਿ ਬੁਖਾਰ ਹੋਣਾ, ਕਮਜ਼ੋਰੀ ਆਉਣੀ,  ਪਾਚਨ ਕਮਜ਼ੋਰ ਹੋਣਾ, ਸੁਸਤੀ ਦਾ ਨਿਰੰਤਰ ਰਹਿਣਾ, ਪੇਟ ਦੇ ਵਿੱਚ ਦਰਦ ਰਹਿਣਾ, ਅਚਾਨਕ ਭਾਰ ਦਾ ਘਟਨਾ, ਬੱਚੇ ਦੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਣਾ, ਬੱਚੇ ਨੂੰ ਭੁੱਖ ਨਾ ਲੱਗਣਾ ਅਤੇ ਚਿਚੜਾਪਨ ਆਦਿ ਹਨ। ਇਸ ਮੌਕੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਰਾਘਵ ਗੁਪਤਾ,ਬੱਚਿਆਂ ਦੇ ਮਾਹਿਰ ਡਾ. ਵਿਪੂਲ, ਡਾ. ਅਵਲੀਨ ਕੌਰ, ਡਾ. ਸੁਖਜਿੰਦਰ ਸਿੰਘ, ਏ. ਐਮ. ਓ ਕੰਵਲ ਬਲਰਾਜ ਸਿੰਘ, ਐਲ ਐਚ ਵੀ ਰਜਵੰਤ ਕੌਰ ਕੰਪਿਊਟਰ ਐਸਿਸਟੈਂਟ ਸੰਦੀਪ ਸਿੰਘ, ਵੀ ਸੀ ਸੀ ਐਮ ਮਨਦੀਪ ਸਿੰਘ ਆਦਿ ਮੌਜੂਦ ਰਹੇ।