ਬੱਡੀ ਪ੍ਰੋਗਰਾਮ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਸੈਮੀਨਾਰ ਦਾ ਆਯੋਜਨ
ਪ੍ਰਕਾਸ਼ਨ ਦੀ ਮਿਤੀ : 09/02/2023
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਬੱਡੀ ਪ੍ਰੋਗਰਾਮ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਸੈਮੀਨਾਰ ਦਾ ਆਯੋਜਨ
ਤਰਨ ਤਾਰਨ, 08 ਫਰਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸਤਨਾਮ ਸਿੰਘ ਬਾਠ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਡੀ ਪ੍ਰੋਗਰਾਮ ਦਾ ਆਯੋਜਨ ਬਲਾਕ ਨੋਡਲ ਅਫ਼ਸਰ ਮੇਜਰ ਪ੍ਰਿੰਸੀਪਲ ਸ੍ਰੀ ਦਲੀਪ ਕੁਮਾਰ ਦੀ ਦੇਖ-ਰੇਖ ਵਿੱਚ ਸਰਕਾਰੀ ਹਾਈ ਸਕੂਲ ਚੀਮਾਂ ਕਲਾਂ ਵਿਖੇ ਕਰਵਾਇਆ ਗਿਆ। ਜਿਸ ਵਿੱਚ ਬਲਾਕ ਪੱਟੀ ਦੇ ਵੱਖ-ਵੱਖ ਸਕੂਲਾਂ ਦੇ ਸੀਨੀਅਰ ਬੱਡੀ ਅਧਿਆਪਕਾਂ ਨੇ ਭਾਗ ਲਿਆ।
ਇਸ ਸੈਮੀਨਾਰ ਵਿੱਚ ਸੁਖਦੇਵ ਰਾਜ ਸ਼ਰਮਾਂ, ਡਾ.ਇੰਦਰਪ੍ਰੀਤ ਧਾਮੀ ਤੇ ਸ੍ਰੀ ਓਂਕਾਰ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਮਾਸਟਰ ਟ੍ਰੇਨਰ ਦੀ ਭੂਮਿਕਾ ਅਦਾ ਕਰਦਿਆਂ ਬੱਡੀ ਪ੍ਰੋਗਰਾਮ ਦੀ ਰੂਪ-ਰੇਖਾ, ਇਸਦੇ ਮੁੱਖ ਮੰਤਵ ਤੇ ਸਫ਼ਲ ਬਣਾਉਣ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਗੁਰਬਚਨ ਸਿੰਘ ਲਾਲੀ ਉਚੇਚੇ ਤੌਰ ‘ਤੇ ਪਹੰਚੇ ਤੇ ਉਨ੍ਹਾਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਆਪਣੀ ਰਚਨਾ ‘ਪੰਜਾਬ ਸਿਆਂ’ ਪੇਸ਼ ਕੀਤੀ।
ਬਲਾਕ ਨੋਡਲ ਅਫ਼ਸਰ ਮੇਜਰ ਪ੍ਰਿੰਸੀਪਲ ਦਲੀਪ ਕੁਮਾਰ ਨੇ ਬੱਡੀ ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਬਲਾਕ ਦੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਸਿਵਲ ਹਸਪਤਾਲ ਪੱਟੀ ਤੋਂ ਉਚੇਚੇ ਤੌਰ ਪਹੁੰਚੇ ਡਾ.ਗੁਰਿੰਦਰਬੀਰ ਸਿੰਘ ਨੇ ਬੋਲਦਿਆਂ ਇਸ ਪ੍ਰੋਗਰਾਮ ਦੇ ਮਕਸਦ, ਬੱਚਿਆਂ ਨੂੰ ਉਨ੍ਹਾਂ ਦੀ ਮਨੋਵਿਗਿਆਨਕ ਸਮਝ ਅਨੁਸਾਰ ਪਰਖਣ ਤੇ ਨਸ਼ਿਆਂ ਦੀਆਂ ਵੱਖ ਵੱਖ ਕਿਸਮਾਂ ਤੇ ਬੱਚਿਆਂ ਦੇ ਇਨ੍ਹਾਂ ਵੱਲ ਵੱਧਦੇ ਰੁਝਾਨਾਂ ਦੇ ਕਾਰਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੇਜ਼ਬਾਨ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਗੁਰਪ੍ਰੀਤ ਕੌਰ ਤੇ ਉਨ੍ਹਾਂ ਦੇ ਸਟਾਫ਼ ਨੇ ਸਕੂਲ ਪਹੁੰਚੇ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਨਿੱਘਾ ਸਵਾਗਤ ਤੇ ਮਾਨ ਸਨਮਾਨ ਕੀਤਾ। ਇਸ ਬਲਾਕ ਪੱਟੀ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।