ਭਾਰਤ-ਪਾਕਿਸਤਾਨ ਦਰਮਿਆਨ ਯੁੱਧ ਦੇ ਬਣੇ ਮਾਹੌਲ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਅਤੇ ਸ. ਲਾਲਜੀਤ ਸਿੰਘ ਭੁੱਲਰ ਨੇ ਸਿਵਲ ਹਸਪਤਾਲ ਤਰਨ ਤਾਰਨ ਦਾ ਕੀਤਾ ਦੌਰਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਭਾਰਤ-ਪਾਕਿਸਤਾਨ ਦਰਮਿਆਨ ਯੁੱਧ ਦੇ ਬਣੇ ਮਾਹੌਲ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਅਤੇ ਸ. ਲਾਲਜੀਤ ਸਿੰਘ ਭੁੱਲਰ ਨੇ ਸਿਵਲ ਹਸਪਤਾਲ ਤਰਨ ਤਾਰਨ ਦਾ ਕੀਤਾ ਦੌਰਾ
ਮੌਜੂਦਾ ਹਾਲਾਤਾਂ ਦੇ ਚੱਲਦੇ ਲੋਕਾਂ ਨੂੰ ਸੰਯਮ ਤੇ ਸ਼ਾਂਤੀਪੂਰਵਕ ਮਾਹੌਲ ਬਣਾਈ ਰੱਖਣ ਦੀ ਕੀਤੀ ਅਪੀਲ
ਮੌਜੂਦਾ ਹਾਲਾਤਾਂ ਦੇ ਚੱਲਦੇ ਸਾਮਾਨ ਸਟੋਰ ਕਰਕੇ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ-ਕੈਬਨਿਟ ਮੰਤਰੀ
ਤਰਨ ਤਾਰਨ, 09 ਮਈ :
ਭਾਰਤ-ਪਾਕਿਸਤਾਨ ਦਰਮਿਆਨ ਯੁੱਧ ਦੇ ਬਣੇ ਮਾਹੌਲ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ. ਟੀ. ਓ. ਅਤੇ ਸ. ਲਾਲਜੀਤ ਸਿੰਘ ਭੁੱਲਰ ਨੇ ਮੈਡੀਕਲ ਸੁਵਿਧਾਵਾਂ ਦਾ ਜਾਇਜ਼ਾ ਲੈਣ ਲਈ ਸਿਵਲ ਹਸਪਤਾਲ ਤਰਨ ਤਾਰਨ ਦਾ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਐਸ. ਡੀ. ਐਮ. ਅਰਵਿੰਦਰਪਾਲ ਸਿੰਘ, ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ, ਸਹਾਇਕ ਕਮਿਸ਼ਨਰ ਜਨਰਲ ਡਾ. ਕਰਨਵੀਰ ਸਿੰਘ, ਐਸ. ਐਮ. ਓ. ਡਾ. ਸਰਬਜੀਤ ਸਿੰਘ ਆਦਿ ਵੀ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀਆਂ ਨੇ ਸਿਵਲ ਹਸਪਤਾਲ ਵਿਚ ਦਾਖ਼ਲ ਵੱਖ-ਵੱਖ ਮਰੀਜ਼ਾ ਕੋਲ ਜਾ ਕੇ ਉਨ੍ਹਾਂ ਦਾ ਹਾਲ ਚਾਲ ਵੀ ਜਾਣਿਆ।
ਇਸ ਮੌਕੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਸਿਵਲ ਹਸਪਤਾਲ ਤਰਨ ਤਾਰਨ ਵਿਚ ਜ਼ਿਲ੍ਹਾ ਤਰਨ ਤਾਰਨ ਵਿਚ 500 ਬੈਡਾਂ ਦਾ ਇੰਤਜਾਮ ਹੈ, ਜਦਕਿ ਐਮਰਜੈਂਸੀ ਤੌਰ ’ਤੇ 250 ਦੇ ਕਰੀਬ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਡਰਨ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਿਅਕਤੀ ਨਾਲ ਖੜੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸੰਯਮ ਤੇ ਸ਼ਾਂਤੀਪੂਰਵਕ ਮਾਹੌਲ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਚੱਲਦੇ ਦੁਕਾਨਦਾਰ ਜਾਂ ਵੱਡੇ ਸਟੋਰਾਂ ਵਾਲੇ ਸਾਮਾਨ ਨੂੰ ਸਟੋਰ ਕਰਕੇ ਕਾਲਾਬਾਜ਼ਾਰੀ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰਤ ਅਨੁਸਾਰ ਹੀ ਰਾਸ਼ਨ, ਸਬਜ਼ੀਆਂ ਅਤੇ ਹੋਰ ਸਾਮਾਨ ਲੈ ਕੇ ਜਾਣ, ਉਨ੍ਹਾਂ ਨੂੰ ਇਹ ਸਾਮਾਨ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੈ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਐਲ. ਪੀ. ਜੀ. ਗੈਸ ਦੀ ਵੀ ਪਿੱਛੇ ਕੋਈ ਘਾਟ ਨਹੀਂ ਹੈ, ਇਹ ਸਪਲਾਈ ਪਹਿਲਾਂ ਦੀ ਤਰ੍ਹਾਂ ਨਿਰਵਿਘਨ ਜਾਰੀ ਰਹੇਗੀ। ਲੋਕ ਐਲ. ਪੀ. ਜੀ. ਦੀ ਸਟੋਰੇਜ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕੋਈ ਵੀ ਭੜਕਾਊ ਬਿਆਨ ਜਾਂ ਪੋਸਟਾਂ ਨਾ ਪਾਉਣ, ਜਿਸ ਨਾਲ ਮਾਹੌਲ ਤਣਾਅਪੂਰਵਕ ਹੋਵੇ। ਉਨ੍ਹਾਂ ਦੇਸ਼ ਦੇ ਫ਼ੌਜੀ ਜਵਾਨਾਂ ਦੇ ਜਾਂਬਾਜ ਜਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਫ਼ੌਜੀ ਜਵਾਨਾਂ ਨੇ ਪਾਕਿਸਤਾਨੀ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਅਤੇ ਦੇਸ਼ ਦੀ ਰੱਖਿਆ ਲਈ ਉਹ ਅੱਜ ਵੀ ਆਪਣੀ ਜਾਨ ਦਾਅ ’ਤੇ ਲਗਾ ਕੇ ਦਿਨਰਾਤ ਸਰਹੱਦਾਂ ’ਤੇ ਪਹਿਰਾ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਮੁੱਖ ਮੰਤਰੀ ਵਲੋਂ ਲੋਕਾਂ ਨਾਲ ਰਾਬਤਾ ਕਾਇਮ ਰੱਖਿਆ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਸਮੇਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਦੋਵਾਂ ਮੰਤਰੀਆਂ ਦੀ ਡਿਊਟੀ ਤਰਨ ਤਾਰਨ ਜ਼ਿਲ੍ਹੇ ਦੇ ਲੋਕਾਂ ਲਈ ਲਗਾਈ ਗਈ ਹੈ ਅਤੇ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਲੋਕਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਵਿਚ ਸਰਕਾਰੀ ਹਸਪਤਾਲਾਂ ਵਿਚ ਸਾਰੇ ਪ੍ਰਬੰਧ ਪੂਰੇ ਹਨ ਅਤੇ ਦਵਾਈਆਂ ਦੀ ਵੀ ਕੋਈ ਘਾਟ ਨਹੀਂ ਹੈ। ਫਾਇਰ ਬਿਗ੍ਰੇਡ ਨੂੰ ਵੀ ਐਮਰਜੈਂਸੀ ਹਾਲਾਤਾਂ ਵਿਚ ਤਿਆਰ ਰੱਖਿਆ ਗਿਆ ਹੈ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਰਕਾਰੀ 15 ਐਂਬੂਲੈਂਸਾਂ ਅਤੇ 15 ਐਂਬੂਲੈਂਸ ਪ੍ਰਾਈਵੇਟ ਹਸਪਤਾਲਾਂ ਕੋਲ ਤਿਆਰ ਖੜੀਆਂ ਹਨ। ਪ੍ਰਾਈਵੇਟ ਡਾਕਟਰਾਂ ਨਾਲ ਰਲ ਕੇ ਚਾਰ ਪ੍ਰਮੁੱਖ ਸੈਂਟਰ ਬਣਾਏ ਗਏ ਹਨ, ਜਿੰਨਾਂ ਵਿਚ ਸਰਕਾਰੀ ਹਸਪਤਾਲ ਤਰਨ ਤਾਰਨ, ਗੁਰੂ ਨਾਨਕ ਦੇਵ ਹਸਪਤਾਲ, ਆਨੰਦ ਹਸਪਤਾਲ ਵਿਚ ਸਾਰੀਆਂ ਸਹੂਲਤਾਂ 24 ਘੰਟੇ ਮਿਲ ਰਹੀਆਂ ਹਨ। ਖਡੂਰ ਸਾਹਿਬ, ਤਰਨ ਤਾਰਨ, ਪੱਟੀ, ਕੈਰੋਂ, ਘਰਿਆਲਾ, ਝਬਾਲ, ਕਸੇਲ ਤੋਂ ਇਲਾਵਾ ਸੁਰ ਸਿੰਘ, ਸਰਹਾਲੀ, ਮੀਆਂਵਿੰਡ, ਖੇਮਕਰਨ ਹਸਪਤਾਲਾਂ ਵਿਚ ਡਾਕਟਰ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਚਾਰ ਮੋਬਾਈਲ ਟੀਮਾਂ ਵੀ ਐਮਰਜੈਂਸੀ ਮੌਕੇ ਕੰਮ ਕਰਨਗੀਆਂ। ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸਮੇਂ ਦੌਰਾਨ ਆਪਣਾ ਸਟੇਸ਼ਨ ਨਹੀਂ ਛੱਡਣਗੇ ਅਤੇ ਨਾ ਹੀ ਕਿਸੇ ਨੂੰ ਛੁੱਟੀ ਦਿੱਤੀ ਜਾਵੇਗੀ।