ਬੰਦ ਕਰੋ

“ਮਿਸ਼ਨ ਫਤਿਹ” ਵੱਖ-ਵੱਖ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਸਫਾਈ ਕਰਮਚਾਰੀ ਕਰੋਨਾ ਯੋਧੇ ਵਜੋਂ ਕਰ ਰਹੇ ਹਨ ਸਮਾਜ ਦੀ ਸੇਵਾ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 27/06/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫਤਿਹ”
ਵੱਖ-ਵੱਖ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਸਫਾਈ ਕਰਮਚਾਰੀ ਕਰੋਨਾ ਯੋਧੇ ਵਜੋਂ ਕਰ ਰਹੇ ਹਨ ਸਮਾਜ ਦੀ ਸੇਵਾ-ਡਿਪਟੀ ਕਮਿਸ਼ਨਰ
ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਟੀਮਾਂ ਵੱਲੋਂ ਮਿਸ਼ਨ ਫਤਿਹ ਤਹਿਤ ਚਲਾਇਆ ਗਿਆ ਜਾਗਰੂਕਤਾ ਅਭਿਆਨ
ਲੋਕਾਂ ਨੂੰ ਮਾਸਕ ਲਗਾਉਣ, ਸਮਾਜਿਕ ਦੂਰੀ ਰੱਖਣ ਅਤੇ ਹੱਥ ਧੋਣ ਦੇ ਮਹੱਤਵ ਤੋਂ ਕਰਵਾਇਆ ਗਿਆ ਜਾਣੂ
ਤਰਨ ਤਾਰਨ, 27 ਜੂਨ :
ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਆਰੰਭ ਕੀਤੇ “ਮਿਸ਼ਨ ਫ਼ਤਿਹ” ਤਹਿਤ ਅੱਜ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਖ-ਵੱਖ ਥਾਵਾਂ ‘ਤੇ ਜਾ ਕੇ ਲੋਕਾਂ ਨੂੰ ਕਰੋਨਾ ਵਾਇਰਸ ਨੂੰ ਮਾਤ ਦੇਣ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਦੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਅਤੇ ਜੀ. ਓ. ਜੀਜ਼ ਰਾਹੀਂ ਵਿਸ਼ੇਸ ਮਹਿੰਮ ਚਲਾਈ ਜਾ ਰਹੀ ਹੈੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਜ਼ਿਲੇ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਕਾਬੂ ਵਿਚ ਰੱਖਿਆ ਜਾ ਸਕੇ।ਉਨਾਂ ਕਿਹਾ ਕਿ ਨਗਰ ਕੌਂਸਲ ਦੇ ਕਰਮਚਾਰੀ ਅਤੇ ਸਫਾਈ ਸੇਵਕ ਕਰੋਨਾ ਯੋਧੇ ਦੀ ਭੁਮਿਕਾ ਨਿਭਾਉਂਦਿਆਂ ਸਮਾਜ ਦੀ ਸੇਵਾ ਕਰ ਰਹੇ ਹਨ।
ਉਨਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਕੌਂਸਲਰ ਸਾਹਿਬਾਨ, ਪ੍ਰਚਾਰ ਵਹੀਕਲ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਤਾਂ ਜੋ ਲੋਕ ਕੋਵਿਡ-19 ਦੇ ਖਤਰੇ ਤੋਂ ਲਾਪਰਵਾਹ ਨਾ ਹੋਣ, ਬਲਕਿ ਸੁਚੇਤ ਹੋ ਕੇ ਇਸ ਦਾ ਮੁਕਾਬਲਾ ਕਰਨ ਅਤੇ ਸਾਵਧਾਨੀਆਂ ਅਪਣਾਉਣ।
ਉਹਨਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਜਿਵੇਂ ਕਿ ਜਨਤਕ ਥਾਵਾਂ ‘ਤੇ ਬਿਨਾਂ ਮਾਸਕ ਆਉਣ ਵਾਲਿਆਂ, ਜਨਤਕ ਥਾਂਵਾਂ ਤੇ ਥੁੱਕਣ ਵਾਲਿਆਂ ਅਤੇ ਸਮਾਜਿਕ ਵਿੱਥ ਦਾ ਖਿਆਲ ਨਾ ਰੱਖਣ ਵਾਲਿਆਂ ਦੇ ਚਲਾਨ ਕੱਟਣ ਦੀ ਪ੍ਰਕਿਰਿਆ ਵੀ ਜਾਰੀ ਰਹੇਗੀ।
ਕਾਰਜ ਸਾਧਕ ਅਫ਼ਸਰ ਪੱਟੀ ਸ੍ਰੀ ਅਨਿਲ ਕੁਮਾਰ ਅਤੇ ਕਾਰਜ ਸਾਧਕ ਅਫ਼ਸਰ ਭਿੱਖੀਵਿੰਡ ਤੇ ਖੇਮਕਰਨ ਸ੍ਰੀ ਰਾਜੇਸ਼ ਖੋਖਰ ਅਤੇ ਕਾਰਜ ਸਾਧਕ ਅਫ਼ਸਰ ਤਰਨ ਤਾਰਨ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਕਿਹਾ ਕਿ ਸਫਾਈ ਕਰਮਚਾਰੀ ਅਤੇ ਘਰਾਂ ਤੋਂ ਕੂੜਾ ਇੱਕਤਰ ਕਰਨ ਵਾਲੀਆਂ ਟੀਮਾਂ ਵੱਲੋਂ ਵੀ ਲੋਕਾਂ ਨੂੰ ਵਿਸ਼ੇਸ ਤੌਰ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਚਾਰ ਵਾਹਨਾਂ ‘ਤੇ ਵੀ ਜਾਗਰੂਕਤਾ ਲਈ ਆਡੀਓ ਚਲਾ ਕੇ ਲੋਕਾਂ ਨੂੰ ਕਰੋਨਾ ਤੋਂ ਸਾਵਧਾਨ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਲੋਕਾਂ ਤੋਂ ਵੀ ਸਹਿਯੋਗ ਮਿਲ ਰਿਹਾ ਹੈ।ਇਸ ਮੌਕੇ ਮਿਸ਼ਨ ਫਤਿਹ ਸਬੰਧੀ ਪੈਫਲੇਂਟ ਵੀ ਵੰਡੇ ਗਏ।ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਬਾਹਰੋਂ ਕਰੋਨਾ ਨਹੀਂ ਲੈ ਕੇ ਆਵਾਂਗੇ ਤਾਂ ਇਹ ਖੁਦ ਚੱਲ ਕੇ ਵੀ ਸਾਡੇ ਘਰ ਨਹੀਂ ਆਵੇਗਾ।
————–