ਬੰਦ ਕਰੋ

ਮਿਸ਼ਨ “ਹਰ ਘਰ ਪਾਣੀ, ਹਰ ਘਰ ਸਫਾਈ”

ਪ੍ਰਕਾਸ਼ਨ ਦੀ ਮਿਤੀ : 03/02/2021
DC
ਮਿਸ਼ਨ “ਹਰ ਘਰ ਪਾਣੀ, ਹਰ ਘਰ ਸਫਾਈ”
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮਾੜੀ ਉੱਧੋਕੇ ਵਿਖੇ 50.70 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਜਲ ਸਪਲਾਈ ਸਕੀਮ-ਡਿਪਟੀ ਕਮਿਸ਼ਨਰ
ਪਿੰਡ ਦੇ ਲੋਕ ਖਾਸ ਕਰਕੇ ਪਿੰਡ ਦੀਆਂ ਮਹਿਲਾਵਾਂ ਖੁਸ਼, 24 ਘੰਟੇ ਲਗਾਤਾਰ ਚੱਲ ਰਹੀ ਹੈ ਪਾਣੀ ਦੀ ਸਪਲਾਈ
ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਪਿੰਡ ਵਿੱਚ ਬਣ ਚੁੱਕੇ ਹਨ 100 ਪਖਾਨੇ
ਤਰਨ ਤਾਰਨ, 02 ਫਰਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮਾੜੀ ਉੱਧੋਕੇ ਦੀ ਜਲ ਸਪਲਾਈ ਸਕੀਮ 50.70 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ ।ਇਹ ਪਿੰਡ ਬਾਰਡਰ ਏਰੀਆ ਵਿੱਚ ਸਥਿਤ ਹੈ ਅਤੇ ਜਲ ਸਪਲਾਈ ਸਕੀਮ ਲੱਗਣ ਤੋਂ ਪਹਿਲਾਂ ਏਥੇ ਪੀਣ ਵਾਲੇ ਪਾਣੀ ਦੀ ਗੁਣਵੱਤਤਾ ਠੀਕ ਨਹੀਂ ਸੀ।
ਉਹਨਾਂ ਦੱਸਿਆ ਕਿ ਇਸ ਪਿੰਡ ਦੀ 1902 ਅਬਾਦੀ ਹੈ ਅਤੇ 226 ਘਰਾਂ ਨੂੰ ਅਤੇ 4 ਜਨਤਕ ਸਥਾਨਾਂ ‘ਤੇ ਜਿਵੇਂ ਕਿ ਆਂਗਨਵਾੜੀ ਸੈਂਟਰ, ਸਕੂਲ ਆਦਿ ਵਿੱਚ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਜਲ ਸਪਲਾਈ ਸਕੀਮ ਲੱਗਣ ਤੋਂ ਪਹਿਲਾਂ ਪਿੰਡ ਦੇ ਲੋਕ ਨਾਲ ਦੇ ਪਿੰਡ ਮਾੜੀ ਕੰਬੋਕੇ ਦੇ ਗੁਰੂਦੁਆਰਾ ਸਾਹਿਬ ਤੋਂ ਪੀਣ ਲਈ ਪਾਣੀ ਲੈ ਕੇ ਆਉਂਦੇ ਸਨ, ਜੋ ਕਿ ਮਾੜੀ ਉੱਧੋਕੇ ਤੋਂ 2 ਤੋਂ 3 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ।
ਹੁਣ ਪਿੰਡ ਦੇ ਲੋਕ ਖਾਸ ਕਰਕੇ ਪਿੰਡ ਦੀਆਂ ਮਹਿਲਾਵਾਂ ਬਹੁਤ ਖੁਸ਼ ਹਨ, ਕਿਉਂਕਿ ਪਾਣੀ ਦੀ ਸਪਲਾਈ 24 ਘੰਟੇ ਲਗਾਤਾਰ ਚੱਲ ਰਹੀ ਹੈ, ਜਦੋਂ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ, ਲੋਕ ਜ਼ਰੂਰਤ ਅਨੁਸਾਰ ਪਾਣੀ ਵਰਤ ਕੇ ਟੂਟੀ ਬੰਦ ਕਰ ਦਿੰਦੇ ਹਨ।ਇਸ ਪਿੰਡ ਦੇ ਲੋਕ ਪਾਣੀ ਦੀ ਦੁਰਵਰਤੋਂ ਬਿੱਲਕੁਲ ਨਹੀ ਕਰਦੇ। ਜਦੋਂ ਪਿੰਡ ਵਾਸੀਆਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਕਿ ਸਾਨੁੰ ਬੜੇ ਅਰਸੇ ਦੇ ਬਾਅਦ ਸਾਫ ਤੇ ਸ਼ੁੱਧ ਪਾਣੀ 24 ਘੰਟੇ ਲਗਾਤਾਰ ਮਿਲਿਆ ਹੈ, ਅਗਰ ਅਸੀਂ ਅੱਜ ਇਸ ਪਾਣੀ ਨੁੰ ਨਾ ਬਚਾਇਆ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਜੋ ਜਾਣਗੀਆ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ 100 ਪਖਾਨੇ ਬਣ ਚੁੱਕੇ ਹਨ ਅਤੇ ਪਿੰਡ ਦੇ ਲੋਕ ਸਵੱਛਤਾ ਨੂੰ ਮੱਦੇ ਨਜਰ ਰੱਖਦੇ ਹੋਏ ਖੁੱਲੇ ਵਿੱਚ ਸ਼ੋਚ ਨਹੀਂ ਜਾਂਦੇ।ਪਿੰਡ ਦੇ ਸਰਪੰਚ ਸ. ਨਿਰਵੈਲ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ ਦੇ ਇਸ ਸ਼ਲਾਘਾਯੋਗ ਕਦਮ ਲਈ ਧੰਨਵਾਦ ਕੀਤਾ ਗਿਆ।