ਬੰਦ ਕਰੋ

ਮੋਟਰ ਵਾਹਨ ਮਾਲਕ ਆਪਣੇ ਵਹੀਕਲ ਨੂੰ ਵਾਹਨ ਪਲੇਟਫਾਰਮ `ਤੇ ਦਰਸਾਉਣ ਲਈ ਹੁਣ ਆਨਲਾਈਨ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 08/05/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੋਟਰ ਵਾਹਨ ਮਾਲਕ ਆਪਣੇ ਵਹੀਕਲ ਨੂੰ ਵਾਹਨ ਪਲੇਟਫਾਰਮ `ਤੇ ਦਰਸਾਉਣ ਲਈ ਹੁਣ ਆਨਲਾਈਨ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ
ਤਰਨ ਤਾਰਨ, 8 ਮਈ :
ਪੰਜਾਬ ਸਰਕਾਰ ਨੇ ਮੋਟਰ ਵਾਹਨ ਮਾਲਕਾਂ ਨੂੰ ਆਪਣੇ ਵਹੀਕਲਾਂ ਨੂੰ ਵਾਹਨ ਪਲੇਟਫਾਰਮ `ਤੇ ਦਰਸਾਉਣ ਦੀ ਸਹੂਲਤ ਦੇਣ ਲਈ ਇਸ ਸਬੰਧੀ ਘਰ ਬੈਠੇ ਹੀ ਆਨ ਲਾਈਨ ਅਪਲਾਈ ਕਰਨ ਦੀ ਸਹੂਲਤ ਦਿੱਤੀ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਹ ਸਹੂਲਤ ਸਿਰਫ਼ ਉਨਾਂ ਵਾਹਨਾਂ ਲਈ ਹੈ ਜੋ ਮੋਟਰ ਵਹੀਕਲ ਐਕਟ 1988 ਅਧੀਨ ਰਜਿਸਟਰਡ ਹਨ ਅਤੇ ਜਿਨ੍ਹਾਂ ਨੂੰ ਸੀ. ਐੱਮ. ਵੀ. ਰੂਲਜ਼ 1989 ਅਧੀਨ ਰਜਿਸਟ੍ਰੇਸ਼ਨ ਮਾਰਕ ਸੌਂਪੇ ਗਏ ਹਨ।
ਸ੍ਰੀ ਸੱਭਰਵਾਲ ਨੇ ਵਾਹਨ ਪਲੇਟਫਾਰਮ `ਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਮਹੱਤਤਾ `ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਵਹੀਕਲਾਂ ਨੂੰ ਵਾਹਨ ਪਲੇਟਫਾਰਮ `ਤੇ ਦਰਸਾਇਆ ਜਾਣਾ ਲਾਜ਼ਮੀ ਹੈ ਕਿਉਂਕਿ ਭਾਰਤ ਸਰਕਾਰ ਦੇ  ਵਾਹਨ ਪਲੇਟਫਾਰਮ ਰਾਹੀਂ ਮੋਟਰ ਵਾਹਨਾਂ ਦੇ ਕੌਮੀ ਰਜਿਸਟਰ ਦਾ ਪ੍ਰਬੰਧਨ ਕੀਤਾ ਜਾਂਦਾ ਹੈ। ਉਨਾਂ ਇਹ ਵੀ ਦੱਸਿਆ ਕਿ ਵਾਹਨਾਂ ਦੀ ਚੈਕਿੰਗ ਦੌਰਾਨ ਹੁਣ ਵਾਹਨ ਦੇ ਵੇਰਵੇ ਇਨਫੋਰਸਮੈਂਟ ਏਜੰਸੀਆਂ ਵੱਲੋਂ ਵਾਹਨ ਪੋਰਟਲ ਅਤੇ ਭਾਰਤ ਸਰਕਾਰ ਦੀ ਐਮ ਪਰੀਵਾਹਨ ਐਪ ਰਾਹੀਂ ਚੈੱਕ ਕੀਤੇ ਜਾਂਦੇ ਹਨ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਵਹੀਕਲ ਵਾਹਨ ਪੋਰਟਲ `ਤੇ ਦਰਸਾਇਆ ਜਾਵੇ ਅਤੇ ਹੁਣ ਪ੍ਰਦੂਸ਼ਣ ਕਲੀਅਰੈਂਸ ਅਤੇ ਬੀਮੇ ਦੇ ਵੇਰਵੇ ਵੀ ਵਾਹਨ ਪਲੇਟਫਾਰਮ `ਤੇ ਹੀ ਦਰਸਾਏ ਜਾਂਦੇ ਹਨ। ਉਨਾਂ ਕਿਹਾ ਕਿ ਵਾਹਨ ਪਲੇਟਫਾਰਮ `ਤੇ ਨਾ ਦਰਸਾਏ ਜਾਣ ਵਾਲੇ ਵਹੀਕਲ ਬੀਮੇ, ਪ੍ਰਦੂਸ਼ਣ ਸਬੰਧੀ ਮਨਜ਼ੂਰੀ ਅਤੇ ਅਤੇ ਚਲਾਨ ਨਾਲ ਜੁੜੇ ਮੁੱਦਿਆਂ ਦਾ ਕਾਰਨ ਬਣ ਸਕਦੇ ਹਨ।
ਉਹਨਾਂ ਕਿਹਾ ਕਿ ਹੁਣ ਕਿਸੇ ਵਿਅਕਤੀ ਨੂੰ ਇਸ ਸੇਵਾ, ਜਿਸ ਨੂੰ ਆਮ ਤੌਰ `ਤੇ ਬੈਕਲਾਗ ਆਫ਼ ਵਹੀਕਲ ਵਜੋਂ ਜਾਣਿਆ ਜਾਂਦਾ ਹੈ, ਲਈ ਆਰ. ਟੀ. ਏ ਜਾਂ ਐਸ.ਡੀ.ਐਮ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਹੈ, ਕਿਉਂ ਬੈਕਲੌਗ ਐਂਟਰੀ ਜਨਰੇਟ ਕਰਨ ਲਈ ਸਿਸਟਮ ਤੱਕ ਸਟਾਫ਼ ਦੀ ਅਕਸੈਸ ਬੰਦ ਕਰ ਦਿੱਤੀ ਗਈ ਹੈ ਅਤੇ ਇਹ ਸਹੂਲਤ ਹੁਣ ਜਨਤਾ ਦੇ ਹੱਥ ਵਿੱਚ ਹੈ।ਇਹ ਕਦਮ ਵਿਸ਼ੇਸ਼ ਤੌਰ `ਤੇ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੀ ਆਵਾਜਾਈ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ ਅਤੇ ਵਾਹਨ ਪਲੇਟਫਾਰਮ `ਤੇ ਵਹੀਕਲ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਏਗਾ।ਉਨਾਂ ਕਿਹਾ ਕਿ ਦੂਜੇ ਪਾਸੇ ਇਹ ਮੋਟਰ ਵਾਹਨ ਮਾਲਕ ਨੂੰ ਕਿਸੇ ਵੀ ਸ਼ੋਸ਼ਣ ਅਤੇ ਭ੍ਰਿਸ਼ਟਾਚਾਰ ਤੋਂ ਵੀ ਬਚਾਏਗਾ।
ਉਹਨਾਂ ਕਿਹਾ ਕਿ ਵਾਹਨ ਮਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ  ਉਹ  www.punjabtransport.org  `ਤੇ ਆਨਲਾਈਨ ਅਪਲਾਈ ਕਰਕੇ 15 ਜੂਨ, 2020 ਤੱਕ ਆਪਣੇ ਵਹੀਕਲ ਵਾਹਨ ਪਲੇਟਫਾਰਮ `ਤੇ ਰਜਿਸਟਰ ਕਰਨ।    
——-