ਬੰਦ ਕਰੋ

ਰਿਜਨਲ ਸੈਂਟਰ ਗੋਇੰਦਵਾਲ ਸਾਹਿਬ ਵਿਖੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਨੂੰ ਦਰਸਾਉਂਦਾ ਸੈਮੀਨਾਰ ਲਗਾਇਆ

ਪ੍ਰਕਾਸ਼ਨ ਦੀ ਮਿਤੀ : 14/02/2025

ਰਿਜਨਲ ਸੈਂਟਰ ਗੋਇੰਦਵਾਲ ਸਾਹਿਬ ਵਿਖੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਨੂੰ ਦਰਸਾਉਂਦਾ ਸੈਮੀਨਾਰ ਲਗਾਇਆ

ਖਡੂਰ ਸਾਹਿਬ 13 ਫਰਵਰੀ :
ਸਰਕਾਰ ਵਲੋਂ ਸਕੂਲਾਂ/ਕਾਲਜਾਂ ,ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਨਸ਼ਾ ਨਾ ਕਰਨ ਲਈ ਜਾਗਰੂਕ ਕਰਨ ਸੰਬੰਧੀ ਗਤੀਵਿਧੀਆਂ ਲਗਾਤਾਰ ਜਾਰੀ ਹਨ। ਸਰਕਾਰ ਵੱਲੋਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਚਲਾਈ ਜਾ ਰਹੇ ਹਨ, ਇਸੇ ਤਰ੍ਹਾਂ ਹੀ ਬੱਡੀ ਪ੍ਰੋਗਰਾਮ ਤਹਿਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਰਿਜਨਲ ਸੈਂਟਰ ਗੋਇੰਦਵਾਲ ਸਾਹਿਬ ਵਿਖੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਇੱਕ ਸੈਮੀਨਾਰ ਲਗਾਇਆ ਗਿਆ |ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖੇਤੀਬਾੜੀ ਵਿਭਾਗ ਖਡੂਰ ਸਾਹਿਬ ਨੇ ਦੱਸਿਆ ਕਿ ਨਸ਼ੇ ਮਨੁੱਖ ਨੂੰ ਸਰੀਰਕ, ਮਾਨਸਿਕ, ਆਰਥਿਕ ਅਤੇ ਸਮਾਜਿਕ ਰੂਪ ਵਿੱਚ ਨੁਕਸਾਨ ਪਹੁੰਚਾਉਂਦੇ ਹਨ।ਇਸ ਲਈ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣਾ ਲਾਜ਼ਮੀ ਹੈ। ਵਿਦਿਆਰਥੀ ਜੀਵਨ ਵਿੱਚ ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮਿਹਨਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਆਦਤ ਤੋਂ ਪੀੜਤ ਵਿਆਕਤੀ ਨਾਲ ਹਮਦਰਦੀ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ ਅਤੇ ਉਸ ਨੂੰ ਇਲਾਜ ਲਈ ਪੇ੍ਰਿਤ ਕਰਨਾ ਚਾਹੀਦਾ ਹੈ।ਸਿਹਤ ਵਿਭਾਗ ਵਲੋਂ ਨਸ਼ਿਆਂ ਦੀ ਆਦਤ ਤੋਂ ਪੀੜਤ ਵਿਅਕਤੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹੈ। ਕੇਵਲ ਜਾਗਰੂਕਤਾ ਨਾਲ ਹੀ ਅਸੀਂ ਨਸ਼ਿਆਂ ਦੇ ਫੈਲਾਅ ਨੂੰ ਰੋਕ ਸਕਦੇ ਹਾਂ ਅਤੇ ਸਮਾਜ ਵਿੱਚ ਨਸ਼ਾ ਵਿਰੋਧੀ ਪ੍ਰਚਾਰ ਕਰਦੇ ਹੋਏ ਵਿਦਿਆਰਥੀ ਅਹਿਮ ਰੋਲ ਅਦਾ ਕਰ ਸਕਦੇ ਹਨ।ਵਿਦਿਆਰਥੀ ਦੇਸ਼ ਅਤੇ ਸੂਬੇ ਦਾ ਭਵਿੱਖ ਹੁੰਦੇ ਹਨ।ਜਿਸ ਲਈ ਇਹ ਜਰੂਰੀ ਹੈ ਕਿ ਵਿਦਿਆਰਥੀ ਮਾਨਸਿਕ ਤੌਰ ਤੋਂ ਮਜਬੂਤ ਹੋਣ ਲਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਪ੍ਰਤੀ ਆਪਣਾ ਰੁਝਾਨ ਰੱਖਣ ਅਤੇ ਇਸ ਨੂੰ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਅਪਨਾਉਣ। ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਪਣੀ ਸਿਹਤ ਅਤੇ ਖਾਣ-ਪੀਣ ਦਾ ਵਿਸ਼ੇਸ਼ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਪ੍ਰਿੰਸੀਪਲ ਡਾਕਟਰ ਚਰਨਜੀਤ ਕੌਰ, ਡਾਕਟਰ ਅਮਨਦੀਪ ਕੌਰ ਹੁੰਦਲ, ਅਤੇ ਸਮੂਹ ਸਟਾਫ ਹਾਜ਼ਰ ਸਨ।