ਬੰਦ ਕਰੋ

ਵਿਗਿਆਨਿਕ ਤਕਨੀਕਾਂ  ਅਪਣਾਉਣ ਨਾਲ ਖੇਤੀ ਖਰਚ ਘਟੇਗਾ- ਡਾ. ਭੁਪਿੰਦਰ ਸਿੰਘ ਏਓ

ਪ੍ਰਕਾਸ਼ਨ ਦੀ ਮਿਤੀ : 04/11/2024
ਵਿਗਿਆਨਿਕ ਤਕਨੀਕਾਂ  ਅਪਣਾਉਣ ਨਾਲ ਖੇਤੀ ਖਰਚ ਘਟੇਗਾ- ਡਾ. ਭੁਪਿੰਦਰ ਸਿੰਘ ਏਓ
 
ਹੈਪੀ ਸੀਡਰ ਤਕਨੀਕ ਅਪਣਾਉਣ ਨਾਲ 400 ਲਿਟਰ ਡੀਜਲ ਅਤੇ 100 ਬੈਗ ਯੂਰੀਆ ਦੀ ਖਪਤ ਘੱਟ ਹੋਈ-ਕਿਸਾਨ ਜਗਜੀਤ ਸਿੰਘ
 
125 ਏਕੜ ਰਕਬੇ ਵਿੱਚ ਹੈਪੀ ਸੀਡਰ ਨਾਲ ਸ਼ੁਰੂ ਕੀਤੀ ਬਿਜਾਈ 
 
ਪੱਟੀ, (ਤਰਨ ਤਾਰਨ), 31 ਅਕਤੂਬਰ :
 
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈਏਐਸ ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਦੀ ਦੇਖ ਰੇਖ-ਹੇਠ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਉਤਸਾਹਿਤ ਕਰਨ ਹਿੱਤ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ ਨੇ ਕਿਰਤੋਵਾਲ ਖੁਰਦ ਵਿਖੇ ਨਿਰੀਖਣ ਕੀਤਾ। ਨਿਰੀਖਣ ਦੌਰਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਸਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰੇਰਨਾ ਸਦਕਾ 2018 ਤੋਂ ਆਪਣਾ ਹੈਪੀਸੀਡਰ ਲੈ ਕੇ ਕਣਕ ਦੀ ਬਿਜਾਈ ਸ਼ੁਰੂ ਕੀਤੀ ਸੀ। ਸ਼ੁਰੂਆਤੀ ਦੌਰ ਵਿੱਚ ਭਾਵੇਂ ਸਿੱਧਾ ਪਰਾਲੀ ਦੇ ਕਰਚਿਆਂ ਵਿੱਚ ਬਿਜਾਈ ਦਾ ਕੰਮ ਜੋਖ਼ਮ ਭਰਿਆ ਲੱਗਾ ਪਰ ਪ੍ਰਾਪਤ ਨਤੀਜਿਆਂ ਤੋਂ ਬਹੁਤ ਸਕੂਨ ਮਿਲਿਆ। ਜਗਜੀਤ ਸਿੰਘ ਦੇ ਦੱਸਣ ਅਨੁਸਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ  ਪੰਜ ਤੋਂ ਛੇ ਲੀਟਰ ਡੀਜ਼ਲ ਨਾਲ ਹੋ ਜਾਂਦੀ ਹੈ ਅਤੇ ਖੇਤ ਵਿੱਚ ਪਰਾਲੀ ਨੂੰ ਇੱਕਸਾਰ ਖਲਾਰ ਕੇ ਮਲਚਿੰਗ ਕਰਨ ਨਾਲ ਨਦੀਨਾਂ ਦੀ ਸਮੱਸਿਆ ਵੀ ਨਹੀਂ ਰਹਿੰਦੀ। ਪਰਾਲੀ ਅਤੇ ਕਣਕ ਦੇ ਨਾੜ ਨੂੰ ਹਰ ਸਾਲ ਖੇਤਾਂ ਵਿੱਚ ਰਲਾਉਣ ਨਾਲ ਖਾਦ ਦੀ ਵਰਤੋਂ ਬਹੁਤ ਘੱਟ ਗਈ ਹੈ। ਪਹਿਲਾਂ ਫਸਲਾਂ ਦੀ ਰਹਿੰਦ- ਖੂੰਹਦ ਨੂੰ ਸਾੜ ਦੇਣ ਨਾਲ ਵਾਤਾਵਰਨ ਗੰਧਲਾ ਹੋ ਜਾਂਦਾ ਸੀ ਅਤੇ ਰਾਹਗੀਰਾਂ ਲਈ ਮੁਸੀਬਤ ਬਣਦਾ ਸੀ ਜਦ ਕਿ ਹੈਪੀ ਸੀਡਰ ਤਕਨੀਕ ਅਪਣਾਉਣ ਬਾਅਦ ਇਹਨਾਂ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲਿਆ ਹੈ। ਜਗਜੀਤ ਸਿੰਘ ਨੇ ਅਨੁਭਵ ਸਾਂਝਾ ਕੀਤਾ ਕਿ ਉਸ ਦੀ ਮਾਲਕੀ ਅਤੇ ਠੇਕੇ ਦੀ 40 ਏਕੜ ਕਣਕ ਦੀ ਖੇਤੀ ਵਿੱਚ ਰਵਾਇਤੀ ਬਿਜਾਈ ਦੇ ਮੁਕਾਬਲੇ ਹੈਪੀ ਸੀਡਰ ਨਾਲ ਕਣਕ ਬੀਜਣ ਨਾਲ ਘੱਟੋ ਘੱਟ *400 ਲਿਟਰ* ਡੀਜ਼ਲ ਦੀ ਬੱਚਤ ਅਤੇ ਕਣਕ ਝੋਨੇ ਦੀ ਖੇਤੀ ਦੌਰਾਨ ਲੱਗਭਗ *100 ਬੋਰੀਆਂ ਯੂਰੀਆ ਖਾਦ* ਦੀ ਖਪਤ ਘੱਟ ਗਈ ਹੈ। ਹੈਪੀ ਸੀਡਰ ਖੇਤਾਂ ਵਿੱਚ ਨਦੀਨਾਂ ਦੀ ਸਮੱਸਿਆ ਘੱਟ ਹੋਣ ਨਾਲ ਨਦੀਨ ਨਾਸ਼ਕਾਂ ਉੱਤੇ ਹੋਣ ਵਾਲਾ ਖਰਚਾ ਵੀ ਨਾਂ ਮਾਤਰ ਰਹਿ ਗਿਆ ਹੈ। ਇਸੇ ਤਰ੍ਹਾਂ 40 ਏਕੜ ਹੈਪੀ ਸੀਡਰ ਨਾਲ ਕਣਕ ਬਿਜਾਈ ਕਰ ਰਹੇ ਪ੍ਰੋਫੈਸਰ ਗੁਰਲਾਲ ਸਿੰਘ ਅਤੇ 25 ਏਕੜ ਬਿਜਾਈ ਕਰ ਰਹੇ ਗੁਰਭਿੰਦਰ ਸਿੰਘ ਦਾ ਵੀ ਮੰਨਣਾ ਹੈ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਰਲਾਉਣ ਨਾਲ ਜਮੀਨ ਵਿੱਚ ਮੱਲੜ ਦਾ ਵਾਧਾ ਹੋਇਆ ਹੈ ਜਿਸ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਘਟੀ ਹੈ।ਇਨਾਂ ਸਾਰਿਆਂ ਅਨੁਭਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਡਾ ਭੁਪਿੰਦਰ ਸਿੰਘ ਏਓ ਨੇ ਦੂਜੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਅਜੋਕੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾਵੇ ਤਾਂ ਜੋ ਮਹਿੰਗੀਆਂ ਰਸਾਇਣਿਕ ਖਾਦਾਂ ਤੇ ਖਰਚਾ ਘੱਟ ਹੋਵੇ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਲਗਾਏ ਲਾਂਬੂਆਂ ਨਾਲ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ  ਗੈਸਾਂ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਸਰਕਲ ਅਧਿਕਾਰੀ ਦਇਆਪ੍ਰੀਤ ਸਿੰਘ ਏਈਓ , ਗੁਰਬਰਿੰਦਰ ਸਿੰਘ ਏਡੀਓ, ਹਰਮਨਦੀਪ ਕੌਰ ਏਡੀਓ, ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ, ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ, ਗੁਰਪ੍ਰੀਤ ਸਿੰਘ ਬੀਟੀਐਮ,ਗੁਰਲਾਲ ਸਿੰਘ, ਬਲਜੀਤ ਕੌਰ ਫੀਲਡ ਵਰਕਰ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜਗਜੀਤ ਸਿੰਘ, ਪ੍ਰੋਫੈਸਰ ਗੁਰਲਾਲ ਸਿੰਘ, ਅਤੇ ਗੁਰਭਿੰਦਰ ਸਿੰਘ ਦੇ ਉੱਦਮ ਅਤੇ ਵਿਖਾਈ ਜਾ ਰਹੀ ਸੂਝਬੂਝ ਲਈ ਖੇਤੀਬਾੜੀ ਅਧਿਕਾਰੀਆਂ ਦੁਆਰਾ ਸਨਮਾਨਿਤ ਕੀਤਾ ਗਿਆ।