ਸਟੈਮੀ ਪ੍ਰੋਜੈਕਟ ਅਧੀਨ ਦਿਲ ਦੇ ਦੌਰੇ ਤੋਂ ਪੀੜਿਤ ਵਿਅਕਤੀ ਨੂੰ ਟੇਨੇਕਟੇਪਲੇਸ ਦਾ ਟੀਕਾ ਲਗਾਇਆ ਜਾਂਦਾ ਹੈ ਬਿਲਕੁਲ ਮੁਫ਼ਤ-ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

ਸਟੈਮੀ ਪ੍ਰੋਜੈਕਟ ਅਧੀਨ ਦਿਲ ਦੇ ਦੌਰੇ ਤੋਂ ਪੀੜਿਤ ਵਿਅਕਤੀ ਨੂੰ ਟੇਨੇਕਟੇਪਲੇਸ ਦਾ ਟੀਕਾ ਲਗਾਇਆ ਜਾਂਦਾ ਹੈ ਬਿਲਕੁਲ ਮੁਫ਼ਤ-ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਹੁਣ ਤੱਕ 8 ਵਿਅਕਤੀਆਂ ਨੂੰ ਵਿਸ਼ੇਸ਼ ਟੀਕਾ ਲਗਾ ਕੇ ਬਚਾਈਆਂ ਗਈਆਂ ਕੀਮਤੀ ਜਾਨਾਂ
ਪੰਜਾਬ ਸਰਕਾਰ ਵੱਲੋਂ ਜ਼ਿਲੇ ਵਿੱਚ ਸਟੇਮੀ ਪ੍ਰੋਜੈਕਟ ਅਧੀਨ ਵਧੀਆ ਸੇਵਾਵਾਂ ਦੇਣ ਲਈ ਡਾ. ਰਾਬਿੰਦਰ ਚੌਧਰੀ ਸਨਮਾਨਿਤ
ਤਰਨ ਤਾਰਨ, 07 ਜੁਲਾਈ
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਾਗਰਿਕਾਂ ਦੀ ਚੰਗੀ ਅਤੇ ਨਰੋਈ ਸਿਹਤ ਪ੍ਰਤੀ ਕੀਤੀ ਗਈ ਵਚਨਬੱਧਤਾ ਵਿਖਾਉਦਿਆਂ ਸਟੈਮੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਅਧੀਨ ਕਰੀਬ 45 ਹਜਾਰ ਰੁਪਏ ਵਾਲਾ ਟੇਨੇਕਟੇਪਲੇਸ ਦਾ ਮੁਫ਼ਤ ਟੀਕਾ ਸਮੇਂ ਸਿਰ ਜੇਕਰ ਲੱਗ ਜਾਵੇ, ਤਾਂ ਦਿਲ ਦੇ ਦੌਰੇ ਤੋਂ ਪੀੜਿਤ ਵਿਅਕਤੀ ਦੀ ਕੀਮਤੀ ਜਾਨ ਬਚਾਈ ਸਕਦੀ ਹੈ। ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲੇ ਵਿੱਚ ਸਟੈਮੀ ਪ੍ਰੋਜੈਕਟ ਦੇ ਨੋਡਲ ਅਫ਼ਸਰ ਡਾ. ਰਬਿੰਦਰ ਚੌਧਰੀ ਨੂੰ ਲਗਾਇਆ ਗਿਆ ਹੈ ਅਤੇ ਹੁਣ ਤੱਕ 8 ਵਿਅਕਤੀਆਂ ਨੂੰ ਵਿਸ਼ੇਸ਼ ਟੀਕਾ ਲਗਾ ਕੇ ਕੀਮਤੀ ਜਾਨਾਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਕਿਹਾ ਕਿ ਦਿਲ ਦੇ ਦੌਰੇ ਵਾਲੇ ਮਰੀਜ਼ ਲਈ ਇਹ ਟੀਕਾ ਵਰਦਾਨ ਹੈ।
ਸਿਵਲ ਸਰਜਨ ਡਾ. ਰਾਏ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਟੀਕੇ ਦੀ ਕੀਮਤ 45000 ਦੇ ਕਰੀਬ ਹੈ ਅਤੇ ਇਹ ਟੀਕਾ ਦਿਲ ਦੇ ਦੌਰੇ ਵਾਲੇ ਮਰੀਜ਼ਾਂ ਲਈ ਵਰਦਾਨ ਹੈ। ਉਹਨਾਂ ਦੱਸਿਆ ਕਿ ਜੇਕਰ ਮਰੀਜ਼ ਨੂੰ ਛਾਤੀ ਵਿੱਚ ਤਿੱਖੀ ਪੀੜ, ਸਾਹ ਲੈਣ ਵਿੱਚ ਦਿੱਕਤ ਜਾਂ ਫਿਰ ਤਰੇਲੀਆਂ ਆਉਣ ਤਾਂ ਤਰੰਤ ਜਿਲਾ ਹਸਪਤਾਲ ਜਾ ਕੇ ਆਪਣੇ ਡਾਕਟਰੀ ਜਾਂਚ ਕਰਵਾਏ ਅਤੇ ਜੇਕਰ ਉਸ ਵਿਅਕਤੀ ਨੂੰ ਹਾਰਟ ਅਟੈਕ ਵਰਗੀ ਸਮੱਸਿਆ ਪੇਸ਼ ਆਉਂਦੀ ਹੈ, ਤਾਂ ਉਸ ਨੂੰ ਇਹ ਟੀਕਾ ਬਿਲਕੁਲ ਮੁਫਤ ਲਗਾ ਕੇ ਜਾਨ ਨੂੰ ਬਚਾਇਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਸਟੈਮੀ ਪ੍ਰੋਜੈਕਟ ਰਾਹੀਂ ਹਬ ਅਤੇ ਸਪੋਕ ਫਾਰਮੂਲਾ ਤਹਿਤ ਮਰੀਜ਼ ਨੂੰ ਸਿਹਤ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਜਿਸ ਵਿਚ ‘ਸਪੋਕ’ ਹਸਪਤਾਲ ਵੱਲੋਂ ਹਾਰਟ ਅਟੈਕ ਦੇ ਮਰੀਜ਼ ਨੂੰ ਮੁੱਢਲੀ ਸਿਹਤ ਸਹੂਲਤ ਅਤੇ ‘ਹਬ’ ਹਸਪਤਾਲ ਜੋ ਕਿ ਅੰਮ੍ਰਿਤਸਰ ਵਿਖੇ ਹੈ, ਉੱਥੇ ਮਰੀਜ਼ ਨੂੰ ਅੱਗੇ ਦਾ ਇਲਾਜ ਮੁਹੱਈਆ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈ। ਜ਼ਿਲਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਵਿੱਚ ਇਹ ਕੀਮਤੀ ਟੀਕਾ ਸਿਵਲ ਹਸਪਤਾਲ ਤਰਨ ਤਾਰਨ ਵਿਖ਼ੇ ਮੁਹੱਈਆ ਹੈ ਅਤੇ ਜੇਕਰ ਸਮੇਂ ਸਿਰ ਮਰੀਜ਼ ਨੂੰ ਹਸਪਤਾਲ ਵਿਖ਼ੇ ਲਿਆਂਦਾ ਜਾਵੇ, ਤਾਂ ਉਸ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ।
ਸਿਵਲ ਹਸਪਤਾਲ ਤਰਨ ਤਾਰਨ ਵਿਖ਼ੇ ਚੱਲ ਰਹੇ ਸਟੈਮੀ ਪ੍ਰੋਜੈਕਟ ਅਧੀਨ ਵਧੀਆ ਸੇਵਾਵਾਂ ਦੇ ਰਹੇ ਮੈਡੀਸਿਨ ਸਪੈਸ਼ਲਿਸਟ, ਡਾ. ਰਾਬਿੰਦਰ ਚੌਧਰੀ ਨੂੰ ਰਾਜ ਪੱਧਰੀ ਸਮਾਗਮ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ, ਸ਼੍ਰੀ ਕੁਮਾਰ ਰਾਹੁਲ, ਵਿਸ਼ੇਸ਼ ਸਕੱਤਰ, ਸਿਹਤ ਵਿਭਾਗ ਸ਼੍ਰੀ ਗਨਸ਼ਿਆਮ ਥੋਰੀ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਹਿਤੇਂਦਰ ਕੌਰ ਮੌਜੂਦ ਸਨ।
ਨੋਡਲ ਅਫ਼ਸਰ, ਡਾ. ਰਾਬਿੰਦਰ ਚੌਧਰੀ ਨੇ ਕਿਹਾ ਕਿ ਉਨ੍ਹਾਂ ਲਈ ਬੜੇ ਮਾਨ ਵਾਲੀ ਗੱਲ ਹੈ, ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਰਾਹੀਂ ਉਨ੍ਹਾਂ ਵਲੋਂ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਸੋਂ ਮਿਲਿਆ ਸਨਮਾਨ ਉਨ੍ਹਾਂ ਲਈ ਬਹੁਤ ਵੱਡੀ ਪ੍ਰੇਰਨਾ ਹੈ।