ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਦੇ ਵਿਦਿਆਰਥੀਆਂ ਨੇ ਜਿੱਤੇ ਕੁਸ਼ਤੀ ਵਿੱਚ ਸੋਨ ਤਮਗੇ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਦੇ ਵਿਦਿਆਰਥੀਆਂ ਨੇ ਜਿੱਤੇ ਕੁਸ਼ਤੀ ਵਿੱਚ ਸੋਨ ਤਮਗੇ
ਮਾਂ ਦੀ ਮਿਹਨਤ ਸਦਕਾ ਏਸ਼ੀਆ ਟੀਮ ਵਿੱਚ ਹੋਈ ਸਿਲੈਕਸ਼ਨ
ਤਰਨ ਤਾਰਨ, 20 ਮਈ
ਖੇਡਾਂ ਵਿੱਚ ਆਪਣੀ ਮਾਂ ਦੀ ਕਰਵਾਈ ਸਖਤ ਮਿਹਨਤ, ਉਸ ਦੀਆਂ ਰੱਬ ਅੱਗੇ ਕੀਤੀਆਂ ਅਰਦਾਸਾਂ ਅਤੇ ਆਪਣੇ ਅਧਿਆਪਕਾਂ ਦੀ ਪ੍ਰੇਰਨਾ ਦਾ ਮੁੱਲ ਮੋੜਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਦੇ ਵਿਦਿਆਰਥੀਆਂ ਹਰਮਨਜੋਤ ਸਿੰਘ ਨੇ 92 ਕਿਲੋ, ਅਸ਼ਮਨਦੀਪ ਕੌਰ 63 ਕਿਲੋ, ਅਤੇ ਹਰਜੋਤ ਸਿੰਘ 48 ਕਿਲੋ ਨੇ ਪਿਛਲੇ ਦਿਨੀ ਹੋਈ ਗਰੁੱਪ ਲਿੰਗ ਕੁਸ਼ਤੀ ਵਿੱਚ ਆਪਣੀ ਆਪਣੀ ਕੈਟਾਗਰੀ ਵਿੱਚ ਸੋਨੇ ਦੇ ਤਮਗੇ ਜਿੱਤ ਕੇ ਇਲਾਕੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਤਿੰਨੇ ਵਿਦਿਆਰਥੀ ਸਕੇ ਭੈਣ ਭਰਾ ਹਨ, ਮਹੱਤਵਪੂਰਨ ਗੱਲ ਇਹ ਹੈ, ਕਿ ਵਿਦਿਆਰਥਣ ਅਸ਼ਮਨਦੀਪ ਕੌਰ ਦੀ ਸਿਲੈਕਸ਼ਨ ਭਾਰਤ ਦੀ ਟੀਮ ਵਿੱਚ ਹੋਈ ਹੈ, ਜੋ ਟੀਮ ਜਲਦ ਹੀ ਏਸ਼ੀਆਈ ਖੇਡਾਂ ਵਿੱਚ ਭਾਗ ਲੈਣ ਜਾ ਰਹੀ ਹੈ। ਇਹ ਪ੍ਰਾਪਤੀ ਜਿੱਥੇ ਤਿੰਨਾਂ ਖਿਡਾਰੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ, ਉੱਥੇ ਹੀ ਇਹਨਾਂ ਖਿਡਾਰੀਆਂ ਦੀ ਮਾਤਾ ਇਹਨਾਂ ਨੂੰ ਬਹੁਤ ਮਿਹਨਤ ਕਰਾਉਂਦੀ ਹੈ। ਖਿਡਾਰੀਆਂ ਨੂੰ ਹਰ ਰੋਜ਼ ਹੋਣ ਵਾਲੇ ਮੁਕਾਬਲੇ ਵਿੱਚ ਭਾਗ ਦਿਵਾਉਂਦੀ ਹੈ, ਇਥੋਂ ਤੱਕ ਕਿ ਇਹਨਾਂ ਦੀ ਮਾਤਾ ਨੇ ਆਪ ਵੀ ਕੋਚ ਦਾ ਕੋਰਸ ਕੀਤਾ ਹੋਇਆ ਹੈ।
ਇਹਨਾਂ ਖਿਡਾਰੀਆਂ ਦੀ ਜਿੱਤ ਦੀ ਖੁਸ਼ੀ ਵਿੱਚ ਸਵੇਰ ਦੀ ਸਭਾ ਵੇਲੇ ਸਕੂਲ ਮੁੱਖੀ ਰਾਜਬੀਰ ਸਿੰਘ ਅਤੇ ਸਮੂਹ ਸਟਾਫ ਨੇ ਸਕੂਲ ਸਟੇਜ ਤੋਂ ਮੈਡਲ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਅਤੇ ਇਹਨਾਂ ਦੀ ਉਜਲੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸ ਬਰਿੰਦਰਜੀਤ ਸਿੰਘ, ਕੁਲਬੀਰਇੰਦਰ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ, ਨਵਦੀਪ ਕੌਰ, ਨੈਨਸੀ, ਸੰਤਰੋ, ਅਮਨਦੀਪ ਕੌਰ, ਅਵਤਾਰ ਸਿੰਘ ਆਦਿ ਹਾਜ਼ਰ ਸਨ।