ਬੰਦ ਕਰੋ

ਸਰਕਾਰ ਵੱਲੋਂ ਜ਼ਰੂਰੀ ਵਸਤਾਂ ਤੇ ਜ਼ਰੂਰੀ ਸੇਵਾਵਾਂ ਦੀ ਸੂਚੀ ਜਾਰੀ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 21/03/2020
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਰਕਾਰ ਵੱਲੋਂ ਜ਼ਰੂਰੀ ਵਸਤਾਂ ਤੇ ਜ਼ਰੂਰੀ ਸੇਵਾਵਾਂ ਦੀ ਸੂਚੀ ਜਾਰੀ-ਡਿਪਟੀ ਕਮਿਸ਼ਨਰ
ਇਨਾਂ ਸੇਵਾਵਾਂ ਦਾ ਵੱਧ ਮੁੱਲ ਲੈਣ ਤੇ ਭੰਡਾਰ ਕਰਨ ਉੱਤੇ ਹੋਵੇਗੀ ਸਖਤ ਕਾਨੂੰਨੀ ਕਾਰਵਾਈ
ਤਰਨ ਤਾਰਨ, 21 ਮਾਰਚ :
ਕੋਵਿਡ 19 ਨੂੰ ਲੈ ਕੇ ਲੋਕਾਂ ਵਿਚ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਦੀ ਲੱਗੀ ਦੌੜ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਨੇ ਜ਼ਰੂਰੀ ਵਸਤਾਂ ਐਕਟ 1955 ਅਧੀਨ ਜ਼ਰੂਰੀ ਵਸਤਾਂ ਤੇ ਸੇਵਾਵਾਂ, ਜਿੰਨਾ ਦੀ ਨਿਤ ਪ੍ਰਤੀ ਦਿਨ ਦੀ ਜ਼ਿੰਦਗੀ ਵਿਚ ਲੋੜ ਪੈਂਦੀ ਹੈ, ਦੀ ਸੂਚੀ ਜਾਰੀ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਨਾਂ ਵਸਤਾਂ ਵਿਚ ਅਨਾਜ ਜਿਵੇਂ ਕਿ ਕਣਕ, ਚੌਲ ਤੇ ਆਟਾ, ਦਾਲਾਂ, ਖਾਣ ਵਾਲੇ ਤੇਲ, ਸਬਜੀਆਂ, ਖੰਡ, ਗੁੜ, ਦੁੱਧ, ਚਾਹ, ਲੂਣ ਤੋਂ ਇਲਾਵਾ ਵਾਇਰਸ ਨੂੰ ਰੋਕਣ ਲਈ ਵਰਤੇ ਜਾਂਦੇ ਮਾਸਕ ਅਤੇ ਹੈਂਡ ਸੇਨੀਟਾਈਜ਼ਰ ਸ਼ਾਮਿਲ ਹਨ, ਨੂੰ ਜ਼ਰੂਰੀ ਵਸਤਾਂ ਵਿਚ ਸ਼ਾਮਿਲ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਵਸਤਾਂ ਦੀ ਸਪਲਾਈ ਉਤੇ ਕੋਈ ਰੋਕ ਨਹੀਂ ਲੱਗੇਗੀ ਅਤੇ ਨਾ ਹੀ ਇਨਾਂ ਵਸਤਾਂ ਨੂੰ ਵੱਡੀ ਮਾਤਰਾ ਵਿਚ ਭੰਡਾਰ ਕੀਤਾ ਜਾ ਸਕੇਗਾ।
ਉਹਨਾਂ ਦੱਸਿਆ ਕਿ ਜਰੂਰੀ ਐਲਾਨੀਆਂ ਸੇਵਾਵਾਂ ਵਿਚ ਕਰਿਆਨਾ, ਪੀਣ ਵਾਲੇ ਪਦਾਰਥਾਂ, ਫਲ, ਸਬਜੀਆਂ, ਪਸ਼ੂਆਂ ਦਾ ਚਾਰਾ ਦੀ ਸਪਲਾਈ, ਖੁਰਾਕੀ ਪਦਾਰਥ ਬਨਾਉਣ ਵਾਲੇ ਸਨਅਤੀ ਯੂਨਿਟ, ਪੈਟਰੋਲ, ਡੀਜ਼ਲ, ਸੀ. ਐੱਨ. ਜੀ. ਦੀ ਸਪਲਾਈ ਤੇ ਵੰਡ, ਸ਼ੈਲਰ, ਮਿਲਕ ਪਲਾਂਟ, ਡੇਅਰੀ ਯੂਨਿਟ, ਪਸ਼ੂਆਂ ਦਾ ਚਾਰਾ ਤਿਆਰ ਕਰਨ ਵਾਲੇ ਯੂਨਿਟ, ਐਲ. ਪੀ. ਜੀ. ਦੀ ਸਪਲਾਈ, ਮੈਡੀਕਲ ਸਟੋਰ, ਸਿਹਤ ਸੇਵਾਵਾਂ, ਸਿਹਤ ਉਪਕਰਨ ਬਨਾਉਣ ਵਾਲੇ ਯੂਨਿਟ, ਸੰਚਾਰ ਸੇਵਾਵਾਂ, ਬੀਮਾ ਕੰਪਨੀਆਂ, ਬੈਂਕ ਤੇ ਏ ਟੀ ਐਮ, ਡਾਕ ਘਰ, ਕਣਕ ਤੇ ਚੌਲ ਦੀ ਸਪਲਾਈ ਅਤੇ ਇਨਾਂ ਲਈ ਵਰਤੋਂ ਵਿਚ ਆਉਂਦੀਆਂ ਵਸਤਾਂ ਜਿਵੇਂ ਕਿ ਬੋਰੀਆਂ, ਤਰਪਾਲਾਂ, ਕਰੇਟ ਆਦਿ, ਕਣਕ ਕੱਟਣ ਲਈ ਕੰਬਾਇਨ ਤੇ ਹੋਰ ਔਜ਼ਾਰ, ਖੇਤੀ ਸੰਦ ਬਨਾਉਣ ਵਾਲੇ ਯੂਨਿਟ ਆਦਿ ਸ਼ਾਮਿਲ ਹਨ, ਨੂੰ ਰੱਖਿਆ ਗਿਆ ਹੈ।ਉਨਾਂ ਕਿਹਾ ਕਿ ਇਨਾਂ ਸੇਵਾਵਾਂ ਉਤੇ ਕਿਸੇ ਵੀ ਤਰਾਂ ਦੀ ਰੋਕ ਨਹੀਂ ਰਹੇਗੀ।      
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੋ ਵੀ ਵਿਅਕਤੀ ਜਾਂ ਫਰਮਾਂ ਇਨ੍ਹਾਂ ਵਸਤਾਂ ਦੀ ਕਾਲਾ ਬਾਜ਼ਾਰੀ ਕਰਨਗੀਆਂ ਉਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਦੱਸਿਆ ਕਿ ਅੱਜ ਵੱਖ-ਵੱਖ ਥਾਵਾਂ ਉਤੇ ਅਧਿਕਾਰੀਆਂ ਨੇ ਆਪਣੇ ਤੌਰ ਉਤੇ ਜਾਂਚ ਕੀਤੀ ਹੈ ਅਤੇ ਇਹ ਕੰਮ ਅੱਗੋਂ ਵੀ ਜਾਰੀ ਰਹੇਗਾ, ਤਾਂ ਜੋ ਕੋਈ ਵੀ ਵਿਅਕਤੀ ਇਸ ਨਾਜ਼ੁਕ ਦੌਰ ਵਿੱਚ ਜਨਤਾ ਨੂੰ ਲੁੱਟਣ ਦੀ ਹਿੰਮਤ ਨਾ ਕਰ ਸਕੇ।
——————-