ਬੰਦ ਕਰੋ

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ 13762 ਮਰੀਜ਼ਾਂ ਨੂੰ ਦਿੱਤੀ ਮੁਫ਼ਤ ਇਲਾਜ ਦੀ ਸਹੂਲਤ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 08/06/2021

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ 13762 ਮਰੀਜ਼ਾਂ ਨੂੰ ਦਿੱਤੀ ਮੁਫ਼ਤ ਇਲਾਜ ਦੀ ਸਹੂਲਤ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿੱਚ ਹੁਣ ਤੱਕ 257486 ਯੋਗ ਲਾਭਪਾਤਰੀਆਂ ਦੇ ਬਣਾਏ ਜਾ ਚੁੱਕੇ ਹਨ ਈ-ਕਾਰਡ
ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਜ਼ਿਲ੍ਹਾ ਤਰਨ ਤਾਰਨ ਦੇ 12 ਸਰਕਾਰੀ ਹਸਪਤਾਲਾਂ ਤੋਂ ਇਲਾਵਾ 15 ਪ੍ਰਾਈਵੇਟ ਹਸਪਤਾਲ ਵੀ ਪੰਜੀਕ੍ਰਿਤ
ਤਰਨ ਤਾਰਨ, 07 ਜੂਨ :
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ 13762 ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਇਲਾਜ ਦੀ ਸਹੂਲਤ ਦਿੱਤੀ ਗਈ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਜਿਹੇ ਲੋੜਵੰਦ ਮਰੀਜ਼ਾਂ ਲਈ ਵਰਦਾਨ ਹੈ, ਜਿਹੜੇ ਆਰਥਿਕ ਤੰਗੀ ਦੇ ਚੱਲਦਿਆਂ ਆਪਣਾ ਡਾਕਟਰੀ ਇਲਾਜ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ ।
ਉਹਨਾਂ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਯੋਗ ਲਾਭਪਾਤਰੀ ਅਤੇ ਉਸ ਦੇ ਪਰਿਵਾਰ ਦਾ ਸਰਕਾਰੀ ਸਿਹਤ ਕੇਂਦਰਾਂ ਤੇ ਸੂਬਾ ਸਰਕਾਰ ਵੱਲੋਂ ਸੂਚੀਬੱਧ ਹਸਪਤਾਲਾਂ ਵਿੱਚ 05 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਕੀਤਾ ਜਾਂਦਾ ਹੈ । ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 2,57,486 ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਏ ਜਾ ਚੁੱਕੇ ਹਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪਰਿਵਾਰ ਦੇ ਆਕਾਰ ਦੀ ਕੋਈ ਬੰਦਿਸ਼ ਨਹੀਂ ਰੱਖੀ ਗਈ ਹੈ, ਬਲਕਿ 2011 ਦੇ ਆਰਥਿਕ ਅਤੇ ਜਾਤੀਗਤ ਸਰਵੇ ਨੂੰ ਇਸ ਦਾ ਆਧਾਰ ਬਣਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਕੈਂਸਰ ਸਰਜਰੀ, ਨਿਊਰੋ ਸਰਜਰੀ ਆਦਿ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਵੀ ਸਹੂਲਤ ਮਿਲਦੀ ਹੈ ਅਤੇ ਨਾਲ ਹੀ ਐੱਮ. ਆਰ. ਆਈ. ਤੇ ਸੀ. ਟੀ. ਸਕੈੱਨ ਵਿੱਚ ਵੀ ਕੈਸ਼ਲੈੱਸ ਇਲਾਜ ਦੀ ਸਹੂਲਤ ਮਿਲਦੀ ਹੈ ।
ਉਨ੍ਹਾਂ ਦੱਸਿਆ ਗਿਆ ਇਸ ਯੋਜਨਾ ਦਾ ਲਾਭ ਲੈਣ ਲਈ ਯੋਗ ਲਾਭਪਾਤਰੀ ਲਈ ਪਿੰਡਾਂ ਵਿੱਚ ਬਣੇ ਕਾੱਮਨ ਸਰਵਿਸ ਸੈਂਟਰਾਂ ਵਿੱਚ ਜਾ ਕੇ ਈ-ਕਾਰਡ ਬਣਵਾ ਸਕਦੇ ਹਨ । ਕਾਰਡ ਬਣਾਉਣ ਲਈ ਇਲਾਕੇ ਦੇ ਕੌਂਸਲਰ, ਆਸ਼ਾ ਵਰਕਰ, ਆਂਗਨਵਾੜੀ ਵਰਕਰ, ਸਰਪੰਚ ਆਦਿ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
ਉਨ੍ਹਾਂ ਨੇ ਕਿਹਾ ਕਿ ਕਾਰਡ ਬਣਾਉਣ ਦੌਰਾਨ ਲਾਭਪਾਤਰੀ ਆਧਾਰ ਕਾਰਡ, ਜੇ ਫਾਰਮ, ਨੀਲਾ ਕਾਰਡ, ਕੰਨਸਟਰਕਸ਼ਨ ਆਈ. ਡੀ. ਕਾਰਡ ਲੈ ਕੇ ਜਾਣ, ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਕਾਰਡ ਨਹੀਂ ਹੈ ਤਾਂ ਉਹ ਸਵੈ ਘੋਸ਼ਣਾ ਪੱਤਰ ਦੇ ਸਕਦਾ ਹੈ ਜੋ ਕਿ ਕਾੱਮਨ ਸਰਵਿਸ ਸੈਂਟਰ ਵਿੱਚ ਮੌਜੂਦ ਹੈ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮੋਹਿਤਾ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਜ਼ਿਲ੍ਹਾ ਤਰਨ ਤਾਰਨ ਦੇ 12 ਸਰਕਾਰੀ ਹਸਪਤਾਲਾਂ, ਸਿਵਲ ਹਸਪਤਾਲ ਤਰਨ ਤਾਰਨ, ਸਬ-ਡਵੀਜ਼ਨਲ ਹਸਪਤਾਲ ਪੱਟੀ, ਸਬ ਡਵੀਜ਼ਨਲ ਹਸਪਤਾਲ ਖ਼ਡੂਰ ਸਾਹਿਬ, ਸੀ. ਐੱਚ. ਸੀ ਸੁਰ ਸਿੰਘ, ਸੀ. ਐੱਚ. ਸੀ. ਸਰਹਾਲੀ , ਸੀ. ਐੱਚ. ਸੀ. ਕਸੇਲ, ਸੀ. ਐੱਚ. ਸੀ. ਕੈਰੋ, ਸੀ. ਐੱਚ. ਸੀ. ਝਬਾਲ, ਸੀ. ਐੱਚ. ਸੀ. ਘਰਿਆਲਾ, ਸੀ. ਐੱਚ. ਸੀ. ਖੇਮਕਰਨ, ਸੀ. ਐੱਚ. ਸੀ. ਮੀਆਂਵਿੰਡ ਅਤੇ ਸੀ. ਐੱਚ. ਸੀ. ਨੌਸ਼ਹਿਰਾ ਪੰਨੂਆਂ ਹਸਪਤਾਲ ਪੰਜੀਕ੍ਰਿਤ ਹਨ।
ਇਸ ਦੇ ਨਾਲ ਨਾਲ ਹੀ 15 ਪ੍ਰਾਈਵੇਟ ਹਸਪਤਾਲ ਵੀ ਜਿਵੇਂ ਕਿ ਖਾਰਾ ਹਸਪਤਾਲ ਵਲਟੋਹਾ, ਸੰਧੂ ਸਰਜੀਕਲ ਹਸਪਤਾਲ ਪੱਟੀ, ਸਰਤਾਜ ਅਤੇ ਬਲਰਾਜ ਹਸਪਤਾਲ ਹਰੀਕੇ, ਰਾਣਾ ਹਸਪਤਾਲ ਖਾਲੜਾ, ਵਿਜੈ ਧਵਨ ਹਸਪਤਾਲ ਭਿੱਖੀਵਿੰਡ, ਸੰਧੂ ਹਸਪਤਾਲ ਭਿੱਖੀਵਿੰਡ, ਸਿਮਰਨ ਹਸਪਤਾਲ ਭਿੱਖੀਵਿੰਡ, ਅਨੰਦ ਹਸਪਤਾਲ ਭਿੱਖੀਵਿੰਡ, ਬਾਬਾ ਬਿਧੀ ਚੰਦ ਹਸਪਤਾਲ ਪੱਟੀ, ਦੁੱਖ ਨਿਵਾਰਨ ਮਿਸ਼ਨ ਹਸਪਤਾਲ ਗੋਇੰਦਵਾਲ ਸਾਹਿਬ, ਗੁਰੂ ਨਾਨਕ ਦੇਵ ਹਸਪਤਾਲ ਤਰਨ ਤਾਰਨ, ਸਾਗਰ ਹਸਪਤਾਲ, ਦਸਮੇਸ਼ ਹਸਪਤਾਲ, ਜੀਵਨਦੀਪ ਹਸਪਤਾਲ, ਸੰਧੂ ਹਸਪਤਾਲ ਪੰਜੀਕ੍ਰਿਤ ਹਨ ।