ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਈ-ਕਾਰਡ ਬਣਾਉਣ ਦੀ ਪ੍ਰਕ੍ਰਿਆ ਵਿੱਚ ਲਿਆਂਦੀ ਜਾਵੇਗੀ ਤੇਜ਼ੀ-ਡਿਪਟੀ ਕਮਿਸ਼ਨਰ
             ਪ੍ਰਕਾਸ਼ਨ ਦੀ ਮਿਤੀ : 10/03/2021          
          
                       
                        ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਈ-ਕਾਰਡ ਬਣਾਉਣ ਦੀ ਪ੍ਰਕ੍ਰਿਆ ਵਿੱਚ ਲਿਆਂਦੀ ਜਾਵੇਗੀ ਤੇਜ਼ੀ-ਡਿਪਟੀ ਕਮਿਸ਼ਨਰ
ਜਿਲ੍ਹੇ ਅੰਦਰ 2 ਲੱਖ 26 ਹਜ਼ਾਰ 774 ਤੋਂ ਜਿਆਦਾ ਲਾਭਪਾਤਰੀਆਂ ਦੇ ਬਣਾਏ ਜਾ ਚੁੱਕੇ ਹਨ ਈ-ਕਾਰਡ
ਤਰਨ ਤਾਰਨ, 04 ਮਾਰਚ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਅੰਦਰ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਈ-ਕਾਰਡ ਬਣਾਉਣ ਦੀ ਪ੍ਰਕ੍ਰਿਆ ਵਿੱਚ ਤੇਜੀ ਲਿਆਂਦੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ 1 ਲੱਖ 07 ਹਜ਼ਾਰ 136 ਪਰਿਵਾਰਾਂ ਦੇ 2 ਲੱਖ 26 ਹਜ਼ਾਰ 774 ਤੋਂ ਜਿਆਦਾ ਲਾਭਪਾਤਰੀਆਂ ਦੇ ਈ-ਕਾਰਡ ਬਣਾਏ ਜਾ ਚੁੱਕੇ ਹਨ।ਜਿਸ ਤਹਿਤ ਜੇ ਫਾਰਮ ਧਾਰਕ ਕਿਸਾਨ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਕੋਲ ਰਜਿਸਟਰਡ ਨੀਲੇ ਕਾਰਡ ਧਾਰਕ, ਪੰਜਾਬ ਕੰਸਟਰਕਸ਼ਨ ਬੋਰਡ ਕੋਲ ਰਜਿਸਟਰਡ ਉਸਾਰੀ ਕਾਮੇ ਪ੍ਰਮੁੱਖ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1 ਲੱਖ 69 ਹਜ਼ਾਰ 772 ਪਰਿਵਾਰਾਂ ਦੇ ਇਹ ਕਾਰਡ ਬਣਾਏ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਸਮੂਹ ਸੇਵਾ ਕੇਂਦਰਾਂ, ਮਾਰਕੀਟ ਕਮੇਟੀਆਂ ਦੇ ਦਫਤਰਾਂ, ਸਿਵਲ ਹਸਪਤਾਲਾਂ ਤੇ ਕਾਮਨ ਸਰਵਿਸ ਸੈਂਟਰਾਂ ਉੱਪਰ ਇਹ ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਕਾਰਡ ਬਣਾਉਣ ਵਾਲੀਆਂ ਕੰਪਨੀ ਵਿਡਾਲ ਤੇ ਸੀ. ਐਸ. ਸੀ. ਵੱਲੋਂ ਪਿੰਡ-ਪਿੰਡ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਵੈਨ ਵੀ ਚਲਾਈ ਜਾ ਰਹੀ ਹੈ। 
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਵਿਭਾਗ ਕੋਲ ਰਜਿਸਟਰਡ ਕੋਈ ਵੀ ਵਿਅਕਤੀ ਇਸ ਯੋਜਨਾ ਤਹਿਤ ਈ-ਕਾਰਡ ਬਣਵਾਉਣ ਤੋਂ ਵਾਂਝਾ ਨਾ ਰਹੇ।
ਜ਼ਿਕਰਯੋਗ ਹੈ ਕਿ ਇਸ ਯੋਜਨਾ ਤਹਿਤ ਸਾਰੇ ਸਰਕਾਰੀ ਤੇ ਨਾਮੀ ਨਿੱਜੀ ਹਸਪਤਾਲਾਂ ਅੰਦਰ, ਕੈਂਸਰ, ਦਿਲ, ਜੋੜਾਂ, ਡਾਇਲਸਸ, ਬੱਚੇ ਦੇ ਜਨਮ ਸਮੇਂ ਇਲਾਜ ਦੀ ਸਹੂਲਤ ਤੋਂ ਇਲਾਵਾ ਮਹਿੰਗੇ ਟੈਸਟ ਕਰਵਾਉਣ ਦੀ ਸਹੂਲਤ ਵੀ ਮਿਲਦੀ ਹੈ । ਤਰਨ ਤਾਰਨ ਜਿਲ੍ਹੇ ਅੰਦਰ ਹੁਣ ਤੱਕ 12507 ਤੋਂ ਜਿਆਦਾ ਲੋਕ ਲੱਗਭੱਗ 10.50 ਕਰੋੜ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਚੁੱਕੇ ਹਨ। 
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਈ-ਕਾਰਡ ਬਣਵਾਉਣ ਲਈ ਤੁਰੰਤ ਨੇੜਲੇ ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰ ਜਾਂ ਪਿੰਡ ਵਿਚ ਲੱਗੇ ਕੈਂਪ ਵਿਚ ਸ਼ਿਰਕਤ ਕਰਨ। 
            
           
                        
                         
                            