ਸਰਬੱਤ ਸਿਹਤ ਬੀਮਾ ਯੋਜਨਾ ਲੋੜਵੰਦ ਲੋਕਾਂ ਦੇ ਮੁਫ਼ਤ ਇਲਾਜ ਵਿੱਚ ਹੋ ਰਹੀ ਹੈ ਸਹਾਇਕ ਸਿੱਧ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 12/12/2019

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਰਬੱਤ ਸਿਹਤ ਬੀਮਾ ਯੋਜਨਾ ਲੋੜਵੰਦ ਲੋਕਾਂ ਦੇ ਮੁਫ਼ਤ ਇਲਾਜ ਵਿੱਚ ਹੋ ਰਹੀ ਹੈ ਸਹਾਇਕ ਸਿੱਧ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 1962 ਤੋਂ ਵਧੇਰੇ ਮਰੀਜ਼ਾਂ ਲਈ ਮੁਫ਼ਤ ਇਲਾਜ ਦੀ ਸਹੂਲਤ
ਤਰਨ ਤਾਰਨ, 12 ਦਸੰਬਰ :
ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਨਗਦੀ ਰਹਿਤ ਇਲਾਜ ਦੇਣ ਲਈ 20 ਅਗਸਤ 2019 ਤੋਂ ਆਰੰਭੀ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਲੋੜਵੰਦ ਲੋਕਾਂ ਦੇ ਮੁਫ਼ਤ ਇਲਾਜ ’ਚ ਸਹਾਇਕ ਸਿੱਧ ਹੋ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਕੀਮ ਦੇ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ 1962 ਤੋਂ ਵਧੇਰੇ ਲੋੜਵੰਦ ਮਰੀਜ਼ਾਂ, ਜਿੰਨ੍ਹਾਂ ਵਿੱਚ 1198 ਤੋਂ ਵਧੇਰੇ ਮਰੀਜ਼ਾਂ ਨੇ ਸਰਕਾਰੀ ਹਸਪਤਾਲਾਂ ਅਤੇ 764 ਤੋਂ ਵਧੇਰੇ ਮਰੀਜ਼ਾਂ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਇਆ ਹੈ।
ਉਨ੍ਹਾਂ ਦੱਸਿਆ ਕਿ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਇਸ ਸਕੀਮ ਤਹਿਤ ਜਿਹੜੇ 124 ਮੈਡੀਕਲ ਟ੍ਰੀਟਮੈਂਟ ਪੈਕੇਜ ਸਰਕਾਰੀ ਹਸਪਤਾਲਾਂ ਨਾਲ ਸਬੰਧਤ ਹਨ, ਉਨ੍ਹਾਂ ਸਬੰਧੀ ਜ਼ਿਲ੍ਹੇ ਦੇ ਗੋਲਡਨ ਕਾਰਡ ਧਾਰਕ ਲੋਕਾਂ ਨੂੰ ਜਾਗਰੂਕ ਕਰਨ ਲਈ ਆਂਗਨਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੀ ਜ਼ਿੰਮੇਂਵਾਰੀ ਲਾਈ ਗਈ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ’ਚ ਜੇਕਰ ਕਿਸੇ ਵੀ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਧਾਰਕ ਨੂੰ ਇਲਾਜ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਇਸ ਸਬੰਧੀ ਸਿਹਤ ਵਿਭਾਗ ਦੇ ਟੋਲ ਫ੍ਰੀ ਨੰਬਰ 104 ’ਤੇ ਸੰਪਰਕ ਕਰਨ ਤੋਂ ਇਲਾਵਾ ਉਸ ਪਿੰਡ ਨਾਲ ਸਬੰਧਤ ਆਸ਼ਾ ਵਰਕਰ ਜਾਂ ਆਂਗਨਵਾੜੀ ਵਰਕਰ ਪਾਸੋਂ ਵੀ ਜਾਣਕਾਰੀ ਹਾਸਲ ਕਰ ਸਕਦਾ ਹੈ।
ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਸਮਾਜਿਕ ਤੇ ਆਰਥਿਕ ਸਰਵੇਖਣ 2011 ਤਹਿਤ ਕਵਰ ਹੁੰਦੇ ਪਰਿਵਾਰ, ਜੇ ਫ਼ਾਰਮ ਹਾਸਲ ਕਰਨ ਵਾਲੇ ਕਿਸਾਨ, ਨੀਲੇ ਕਾਰਡ ਧਾਰਕ ਪਰਿਵਾਰ, ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕਾਮੇ ਬੋਰਡ ਨਾਲ ਰਜਿਸਟਰਡ ਮਜ਼ਦੂਰ, ਕਰ ਰਾਹਤ ਸਕੀਮ ਤਹਿਤ ਰਜਿਸਟ੍ਰਡ ਛੋਟੇ ਵਪਾਰੀ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨਾਲ ਸਬੰਧਤ ਪੱਤਰਕਾਰ ਸ਼ਾਮਿਲ ਕੀਤੇ ਗਏ ਹਨ।
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਲਾਜ ਸਕੀਮ ਤਹਿਤ ਕੁੱਲ 1396 ਮੈਡੀਕਲ ਪੈਕੇਜ ਬਣਾਏ ਗਏ ਹਨ, ਜਿਨ੍ਹਾਂ ’ਚੋਂ 124 ਸਰਕਾਰੀ ਹਸਪਤਾਲਾਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ’ਚ ਜਿੰਨ੍ਹਾਂ ਬਿਮਾਰੀਆਂ ਦਾ ਇਲਾਜ ਇਸ ਸਕੀਮ ਤਹਿਤ ਕੀਤਾ ਜਾਂਦਾ ਹੈ, ਉਨ੍ਹਾਂ ’ਚ ਔਰਤਾਂ ਦੇ ਰੋਗਾਂ ਨਾਲ ਸਬੰਧਤ ਸਾਰੀਆਂ ਬਿਮਾਰੀਆਂ, ਪ੍ਰਸੂਤਾ (ਡਲਿਵਰੀ), ਮਨੋ ਰੋਗਾਂ ਨਾਲ ਸਬੰਧਤ ਬਿਮਾਰੀਆਂ, ਜਨਰਲ ਸਰਜਰੀ ਜਿਵੇਂ ਪਿੱਤੇ ਦੀ ਪੱਥਰੀ, ਹਰਨੀਆਂ, ਗੋਡਿਆਂ ਦੀ ਸਰਜਰੀ, ਹੋਰ ਅਜਿਹੀ ਸਰਜਰੀ ਜਿਸ ਲਈ ਐਮਰਜੈਂਸੀ ਦਾਖਲੇ ਦੀ ਲੋੜ ਨਾ ਹੋਵੇ, ਕੰਨ ਤੇ ਨੱਕ ਨਾਲ ਸਬੰਧਤ ਸਰਜਰੀ, ਚਿੱਟਾ ਤੇ ਕਾਲਾ ਮੋਤੀਆ ਆਦਿ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਐਕਸੀਡੈਂਟ ਨਾਲ ਸਬੰਧਤ ਮਰੀਜ਼ ਜਾਂ ਹੋਰ ਐਮਰਜੈਂਸੀ ਨਾਲ ਸਬੰਧਤ ਮਰੀਜ਼ ਸਿੱਧੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਲਈ ਲਿਜਾਏ ਜਾ ਸਕਦੇ ਹਨ। ਇਨ੍ਹਾਂ ’ਚ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਤ ਐਮਰਜੈਂਸੀ ਵੀ ਸ਼ਾਮਿਲ ਹੈ।
ਉਹਨਾਂ ਦੱਸਿਆ ਕਿ ਇਸ ਸਕੀਮ ਨਾਲ ਜੁੜਨ ਲਈ ਲੋਕ ਸਾਰੇ ਸਰਕਾਰੀ ਅਤੇ ਨਿਰਧਾਰਿਤ ਕੀਤੇ ਗਏ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਪਿੰਡਾਂ ’ਚ ਚੱਲ ਰਹੇ ਗ੍ਰਾਮ ਸੁਵਿਧਾ ਸੈਂਟਰਾਂ (ਸੀ. ਐਸ. ਸੀ.) ਰਾਹੀਂ ਆਪਣੀ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ। ਹੁਣ ਤੱਕ ਜ਼ਿਲ੍ਹੇ ’ਚ 208520 ਪਰਿਵਾਰਾਂ ਨੂੰ ਗੋਲਡਨ ਕਾਰਡ ਜਾਰੀ ਹੋ ਚੁੱਕੇ ਹਨ।