“ਸਰਬੱਤ ਸਿਹਤ ਬੀਮਾ ਯੋਜਨਾ” ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ 632 ਮਰੀਜ਼ਾਂ ਨੂੰ ਮਿਲੀ 48 ਲੱਖ 47 ਹਜ਼ਾਰ 900 ਰੁਪਏ ਦੇ ਨਗਦੀ ਰਹਿਤ ਇਲਾਜ ਦੀ ਸਹੂਲਤ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 08/11/2019
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਸਰਬੱਤ ਸਿਹਤ ਬੀਮਾ ਯੋਜਨਾ” ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ 632 ਮਰੀਜ਼ਾਂ ਨੂੰ ਮਿਲੀ 48 ਲੱਖ 47 ਹਜ਼ਾਰ 900 ਰੁਪਏ ਦੇ ਨਗਦੀ ਰਹਿਤ ਇਲਾਜ ਦੀ ਸਹੂਲਤ-ਡਿਪਟੀ ਕਮਿਸ਼ਨਰ
ਮੁਫ਼ਤ ਡਾਕਟਰੀ ਇਲਾਜ ਦੀ ਸਹੂਲਤ ਲਈ ਯੋਜਨਾ ਤਹਿਤ ਜ਼ਿਲੇ ਵਿੱਚ 1 ਲੱਖ 93 ਹਜ਼ਾਰ 340 ਪਰਿਵਾਰਾਂ ਨੂੰ ਜਾਰੀ ਕੀਤੇ ਗਏ ਗੋਲਡਨ ਕਾਰਡ
ਤਰਨ ਤਾਰਨ, 8 ਨਵੰਬਰ :
“ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ” ਤਹਿਤ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਅੱਜ ਤੱਕ 632 ਮਰੀਜ਼ਾਂ ਨੂੰ 48 ਲੱਖ 47 ਹਜ਼ਾਰ 900 ਰੁਪਏ ਦੇ ਨਗਦੀ-ਰਹਿਤ ਇਲਾਜ ਇਲਾਜ ਦੀ ਸਹੂਲਤ ਮੁਹੱਈਆ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਯੋਜਨਾ ਤਹਿਤ ਲੋਕਾਂ ਨੂੰ ਮੁਫ਼ਤ ਡਾਕਟਰੀ ਇਲਾਜ ਦੀ ਸਹੂਲਤ ਲਈ ਜ਼ਿਲੇ ਵਿੱਚ 1 ਲੱਖ 93 ਹਜ਼ਾਰ 340 ਪਰਿਵਾਰਾਂ ਨੂੰ ਗੋਲਡਨ ਜਾਰੀ ਕੀਤੇ ਜਾ ਚੁੱਕੇ ਹਨ।
ਉਹਨਾਂ ਦੱਸਿਆ ਕਿ “ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ” ਤਹਿਤ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਜ਼ਿਲੇ ਵਿੱਚ 91.85 ਫੀਸਦੀ ਪਰਿਵਾਰਾਂ ਨੂੰ ਗੋਲਡਨ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।ਜ਼ਿਲ੍ਹੇ ਵਿੱਚ 2 ਲੱਖ 10 ਹਜ਼ਾਰ 486 ਪਰਿਵਾਰਾਂ ਨੂੰ ਈ-ਕਾਰਡਜ਼ ਮੁਹੱਈਆ ਕਰਵਾਏ ਜਾਣੇ ਹਨ।ਉਹਨਾਂ ਦੱਸਿਆ ਕਿ ਬਾਕੀ ਰਹਿੰਦੇ ਪਰਿਵਾਰਾਂ ਦੇ ਕਾਰਡ ਬਣਾਉਣ ਦਾ ਕੰਮ ਕਾਮਨ ਸਰਵਿਸ ਸੈਂਟਰਾਂ (ਸੀ. ਐਸ. ਸੀ.) ਅਤੇ ਹਸਪਤਾਲਾਂ ਵਿੱਚ ਲਗਾਤਾਰ ਚੱਲ ਰਿਹਾ ਹੈ।
ਉਹਨਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ 12 ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਦੇ 8 ਪ੍ਰਾਈਵੇਟ ਹਸਪਤਾਲਾਂ ਨੂੰ ਇਸ ਯੋਜਨਾ ਤਹਿਤ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇਣ ਲਈ ਸੂਚੀਬੱਧ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਰਿਵਾਰਕ ਮੈਂਬਰਾਂ ਦੀ ਗਿਣਤੀ, ਉਮਰ ਜਾਂ ਲਿੰਗ ਦੇ ਬਿਨਾਂ ਭੇਦ-ਭਾਵ ਕਰਦੇ ਹੋਏ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸ਼ਾਮਲ ਕੀਤਾ ਗਿਆ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ ਤਾਂ ਜੋ ਸੂਬੇ ਦੇ ਲੋਕਾਂ ਉੱਤੇ ਪੈਣ ਵਾਲਾ ਆਰਥਿਕ ਬੋਝ ਘਟਾਇਆ ਜਾ ਸਕੇ।ਉਹਨਾਂ ਦੱਸਿਆ ਕਿ ਇਸ ਲੋਕ ਭਲਾਈ ਸਕੀਮ ਵਿੱਚ ਸਮਾਰਟ ਰਾਸ਼ਨ ਧਾਰਕ, ਛੋਟੇ ਵਪਾਰੀ, ਜੇ ਫਾਰਮ ਧਾਰਕ ਕਿਸਾਨ, ਛੋਟੇ ਅਤੇ ਸੀਮਾਂਤ ਕਿਸਾਨ ਅਤੇ ਪ੍ਰਮਾਣਿਤ ਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਰਾਜ ਭਰ ਵਿੱਚ “ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ” ਤਹਿਤ ਮੁਫ਼ਤ ਡਾਕਟਰੀ ਇਲਾਜ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ 20 ਅਗਸਤ, 2019 ਨੂੰ ਕੀਤੀ ਗਈ ਸੀ ਅਤੇ ਹੁਣ ਤੱਕ ਜ਼ਿਲਾ ਤਰਨ ਤਾਰਨ ਵਿੱਚ ਇਸ ਯੋਜਨਾ ਤਹਿਤ ਅੱਜ ਤੱਕ 1098 ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਨਗਦੀ-ਰਹਿਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਗਿਆ ਹੈ, ਜਿੰਨ੍ਹਾਂ ਵਿੱਚੋਂ 726 ਮਰੀਜਾਂ ਨੇ ਸਰਕਾਰੀ ਹਸਪਤਾਲਾਂ ਵਿੱਚ ਅਤੇ 372 ਮਰੀਜ਼ਾਂ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਡਾਕਟਰੀ ਇਲਾਜ ਲਈ ਸਹੂਲਤ ਲਈ ਹੈ।
—————