ਸੀਡੀਪੀਓ ਦਫਤਰ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ

ਸੀਡੀਪੀਓ ਦਫਤਰ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ
ਕਸੇਲ, 23 ਜਨਵਰੀ: ਜਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਜੀ ਵੱਲੋਂ ਪ੍ਰਾਪਤ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਬਲਾਕ ਕਸੇਲ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ਼੍ਰੀਮਤੀ ਨਿਵੇਦਿਤਾ ਕੁਮਰਾ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ) ਵਿਖੇ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਤਹਿਤ 51 ਨਵ ਜੰਮੀਆ ਧੀਆਂ ਦੀ ਲੋਹੜੀ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਮਿਊਨਿਟੀ ਸਿਹਤ ਕੇਂਦਰ ਕਸੇਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਕੌਰ ‘ਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਧੀਆਂ ਦੀ ਲੋਹੜੀ ਸਮਾਗਮ ਵਿੱਚ ਸਥਾਨਕ ਪੰਚਾਇਤ ਮੈਂਬਰਾਂ ਵੱਲੋਂ ਵੀ ਹਿੱਸਾ ਲਿਆ ਗਿਆ।
ਇਸ ਮੌਕੇ ਸੀਡੀਪੀਓ ਨਿਵੇਦਿਤਾ ਕੁਮਰਾ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੇ 10 ਸਾਲ ਪੂਰੇ ਹੋਣ ਤੇ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਤਹਿਤ ਬਲਾਕ ਕਸੇਲ ਨਾਲ ਸਬੰਧਤ 51 ਨਵ ਜੰਮੀਆ ਬੇਟੀਆਂ ਦੀ ਲੋਹੜੀ ਦਾ ਸਮਾਗਮ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਉਹਨਾਂ ਦੱਸਿਆ ਕਿ ਇਸ ਮੌਕੇ ਨਵਜੰਮੀਆਂ ਧੀਆਂ ਅਤੇ ਉਹਨਾਂ ਦੀਆਂ ਮਾਵਾਂ ਦਾ ਵਿਭਾਗ ਵੱਲੋਂ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਸ਼ਾਮਲ ਨਾਗਰਿਕਾਂ ਨੂੰ ਬੇਟੀਆਂ ਵਲੋਂ ਸਮਾਜ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਜਾਗਰੂਕ ਕੀਤਾ ਗਿਆ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਕੌਰ ਨੇ ਦੱਸਿਆ ਕਿ ਅੱਜ ਸਮਾਜ ਦੇ ਹਰੇਕ ਖੇਤਰ ਦੇ ਵਿੱਚ ਬੇਟੀਆਂ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬੇਟੀਆਂ ਦੀ ਚੰਗੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਕਈ ਪ੍ਰਕਾਰ ਦੇ ਸਿਹਤ ਪ੍ਰੋਗਰਾਮ ਚਲਾਏ ਜਾ ਰਹੇ ਹਨ।
ਡਾ. ਜਤਿੰਦਰ ਕੌਰ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਬਾਰੇ ਸਿਹਤ ਕਰਮੀਆਂ ਵੱਲੋਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਇਸ ਮੌਕੇ ਬਲਾਕ ਨਾਲ ਸੰਬੰਧਿਤ ਆਂਗੜਵਾੜੀ ਸੁਪਰਵਾਈਜ਼ਰਜ਼ ਅਤੇ ਆਂਗੜਵਾੜੀ ਵਰਕਰਜ਼ ਮੌਜੂਦ ਰਹੇ।