ਬੰਦ ਕਰੋ

ਜ਼ਿਲਾ ਪ੍ਰਸ਼ਾਸਨ ਵੱਲੋਂ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਏ ਸ਼ਰਧਾਲੂਆਂ ਲਈ ਕੋਆਰੰਟੀਨ ਕੇਂਦਰਾਂ ਵਿੱਚ ਕੀਤੀ ਗਈ ਲੋੜੀਂਦੀਆਂ ਸਹੂਲਤਾਂ ਦੀ ਵਿਵਸਥਾ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 03/05/2020
ਦਫਤਰ ਜਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜ਼ਿਲਾ ਪ੍ਰਸ਼ਾਸਨ ਵੱਲੋਂ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਏ ਸ਼ਰਧਾਲੂਆਂ ਲਈ ਕੋਆਰੰਟੀਨ ਕੇਂਦਰਾਂ ਵਿੱਚ ਕੀਤੀ ਗਈ ਲੋੜੀਂਦੀਆਂ ਸਹੂਲਤਾਂ ਦੀ ਵਿਵਸਥਾ-ਡਿਪਟੀ ਕਮਿਸ਼ਨਰ
ਰਹਿਣ ਵਾਲੇ ਕਮਰਿਆਂ ਅਤੇ ਬਾਸ਼ਰੂਮਾਂ ਨੂੰ ਰੋਜ਼ਾਨਾ ਨਿਯਮਿਤ ਤੌਰ ‘ਤੇ ਕੀਤਾ ਜਾਂਦਾ ਹੈ ਸੈਨੇਟਾਈਜ਼
ਇੱਥੇ ਰਹਿ ਰਹੇ ਯਾਤਰੀਆਂ ਵਿਚਕਾਰ ਸਮਾਜਿਕ ਦੂਰੀ ਦਾ ਰੱਖਿਆ ਜਾ ਰਿਹਾ ਹੈ ਵਿਸੇਸ ਖਿਆਲ
 ਤਰਨ ਤਾਰਨ, 3 ਮਈ :
ਪਿਛਲੇ ਦਿਨੀਂ ਤਖਤ ਸ੍ਰੀ ਹਜ਼ੂਰ ਸਾਹਿਬ ਸੰਗਤਾਂ ਅਤੇ ਬਾਹਰਲੇ ਰਾਜਾਂ ਤੋਂ ਆਏ ਲੋਕਾਂ ਨੂੰ ਜ਼ਿਲੇ ਵਿੱਚ ਬਣੇ 6 ਕੋਆਰੰਟੀਨ ਕੇਂਦਰਾਂ ਵਿੱਚ ਰੱਖਿਆ ਗਿਆ ਹੈ, ਜਿੱਥੇ ਸੰਗਤਾਂ ਦੀ ਸਹੁਲਤ ਲਈ ਸਾਰੀਆਂ ਬੁਨਿਆਦੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਹਨਾਂ ਕੇਂਦਰਾਂ ਵਿੱਚ ਰਹਣ ਵਾਲੇ ਲੋਕ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਸੰਤੁਸ਼ਟ ਹਨ। ਜਦੋਂ ਇਹ ਲੋਕ ਇਹਨਾਂ ਕੇਂਦਰਾਂ ਵਿੱਚ ਪਹੁੰਚੇ, ਇੰਨਾਂ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਲੋੜਾਂ ਦੀਆਂ ਵਸਤਾਂ ਟੂਥ ਬਰੱਸ਼, ਪੇਸਟ, ਸਾਬਣ, ਸੈਂਪੂ, ਮੱਛਰ ਮਾਰ ਦਵਾਈ ਅਤੇ ਮੱਗ ਬਾਲਟੀਆਂ ਆਦਿ ਉਹਨਾਂ ਦੇ ਕਮਰਿਆਂ ਵਿੱਚ ਮੁਹੱਈਆ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਨਾਂ ਸਾਰੀਆਂ ਸੰਗਤਾਂ ਦੀ ਕੁਆਰੰਟੀਨ ਦੌਰਾਨ ਦੇਖ ਭਾਲ ਸਬੰਧਿਤ ਐੱਸ. ਡੀ. ਐੱਮਜ਼ ਦੀ ਅਗਵਾਈ ਵਿੱਚ ਬਣਾਈਆਂ ਗਈਆਂ ਟੀਮਾਂ ਵੱਲੋਂ ਦਿਨ ਰਾਤ ਕੀਤੀ ਜਾ ਰਹੀ ਹੈ ਅਤੇ ਸੰਗਤਾਂ ਦੀਆਂ ਲੋੜਾਂ ਅਨੁਸਾਰ ਉਹਨਾਂ ਨੂੰ ਹਰ ਵਸਤੂ ਮੁਹੱਈਆ ਕਰਵਾਈ ਜਾ ਰਹੀ ਹੈ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਜ਼ਿਲੇ ਵਿੱਚ ਬਣਾਏ ਗਏ 6 ਕੋਆਰੰਟੀਨ ਕੇਂਦਰਾਂ ਵਿੱਚ ਠਹਿਰੇ ਲਗੱਭਗ 600 ਵਿਅਕਤੀਆਂ ਨੂੰ ਧਾਰਮਿਕ ਤੇ ਸਮਾਜ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਨਕ ਪ੍ਰਸ਼ਾਸਨ ਵੱਲੋਂ ਪੌਸਟਿਕ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸਨ ਵੱਲੋਂ ਇਨਾਂ ਵਿਅਕਤੀਆਂ ਨੂੰ ਸਿਹਤਮੰਦ ਰੱਖਣ ਲਈ ਅਤੇ ਕਿਸੇ ਵੀ ਤਰਾਂ ਦੀ ਤੰਗੀ ਨਾ ਆਉਣ ਦੇਣ ਲਈ ਰੋਜ਼ਾਨਾ ਦੀਆਂ ਹੋਰ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਇੱਥੇ ਰਹਿ ਰਹੇ ਯਾਤਰੀਆਂ ਵਿਚਕਾਰ ਸਮਾਜਿਕ ਦੂਰੀ ਦਾ ਵਿਸੇਸ ਖਿਆਲ ਰੱਖਿਆ ਜਾ ਰਿਹਾ ਹੈ। ਹਰੇਕ ਕਮਰੇ ’ਚ ਬੈਡ, ਗੱਦੇ ਤੇ ਸਿਰਹਾਣੇ ਤੋਂ ਇਲਾਵਾ ਪੱਖੇ ਤੇ ਟਿਊਬ ਲਾਈਟ ਦਾ ਪ੍ਰਬੰਧ ਹੈ। ਉਨਾਂ ਦੱਸਿਆ ਕਿ ਇਨਾਂ ਸਾਰਿਆਂ ਲਈ ਤਿੰਨ ਟਾਈਮ ਦਾ ਖਾਣਾ ਬਣ ਕੇ ਆ ਰਿਹਾ ਹੈ, ਜੋ ਕਿ ਸਾਫ਼-ਸਫ਼ਾਈ ਅਤੇ ਪੌਸ਼ਟਿਕਤਾ ਦਾ ਧਿਆਨ ਰੱਖ ਕੇ ਤਿਆਰ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਿਹਤ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਇਹ ਸਭ ਕੁੱਝ ਇੱਕ ਨਿਸ਼ਚਿਤ ਕੀਤੇ ਬੈਰੀਅਰ ਤੱਕ ਪਹੁੰਚਾਇਆ ਜਾਂਦਾ ਹੈ, ਜਿੱਥੋਂ ਅੱਗੇ ਇਹ ਯਾਤਰੀ ਆਪਣੇ-ਆਪ ਇਸ ਸਮਾਨ ਨੂੰ ਲਿਜਾ ਕੇ ਅੱਗੇ ਬੜੇ ਸੁਚੱਜੇ ਢੰਗ ਤੇ ਸਾਵਧਾਨੀ ਪੂਰਵਕ ਬਾਕੀ ਸੰਗਤਾਂ ਨਾਲ ਸਾਂਝਾਂ ਕਰ ਲੈਂਦੇ ਹਨ। ਇਸ ਤੋਂ ਬਿਨਾਂ ਛੋਟੇ ਬੱਚਿਆ ਅਤੇ ਔਰਤਾਂ ਲਈ ਵਿਸੇਸ ਤੌਰ ‘ਤੇ ਲੋੜੀਂਦੀਆਂ ਚੀਜ਼ਾਂ ਵੀ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
ਇਹਨਾਂ ਸਾਰੇ ਕੇਂਦਰਾਂ ਵਿੱਚ ਮੈਡੀਕਲ ਸਹੂਲਤ ਲਈ ਡਾਕਟਰਾਂ ਦੀ ਟੀਮ ਤਾਇਨਾਤ ਰਹਿੰਦੀ ਹੈ ਅਤੇ ਜ਼ਰੂਰਤ ਅਨੁਸਾਰ ਜੇਕਰ ਕਿਸੇ ਨੂੰ ਦਵਾਈ ਦੀ ਜਰੂਰਤ ਹੋਵੇ ਤਾਂ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਯਾਤਰੀਆਂ ਦੀ ਕਾਊਂਸਲਿੰਗ ਵੀ ਕੀਤੀ ਗਈ ਤਾਂ ਜੋ ਉਨਾਂ ਦਾ ਮਨੋਬਲ ਕਾਇਮ ਰਹੇ ਅਤੇ ਉਨਾਂ ਨੂੰ ਸਮਝਾਇਆ ਗਿਆ ਹੈ ਕਿ ਆਪਣਾ ਸਮਾਂ ਅਲੱਗ-ਅਲੱਗ ਗਤੀਵਿਧੀਆਂ ਜਾਂ ਗੱਲਾਂ-ਬਾਤਾਂ ਤੇ ਪੂਜਾ-ਪਾਠ ਰਾਹੀਂ ਬਤੀਤ ਕੀਤਾ ਜਾਵੇ।
ਉਨਾਂ ਦੱਸਿਆ ਕਿ ਮੈਡੀਕਲ ਸਟਾਫ਼, ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਨਾਂ ਸੰਗਤਾਂ ਦੇ ਹਰ ਤਰਾਂ ਦੇ ਸੁੱਖ-ਅਰਾਮ ਦਾ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਜੋ ਉਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨਾਂ ਦੱਸਿਆ ਕਿ ਇਨਾਂ ਕਮਰਿਆਂ ਅਤੇ ਬਾਸ਼ਰੂਮਾਂ ਨੂੰ ਨਿਯਮਿਤ ਤੌਰ ‘ਤੇ ਸੈਨੇਟਾਈਜ਼ ਕਰਵਾਇਆ ਜਾਂਦਾ ਹੈ। ਜਦ ਕਿ ਇਸ ਇਕਾਂਤਵਾਸ ਦੇ ਵਰਜਿਤ ਖੇਤਰ ਵਿਚ ਜਾਣ ਵਾਲੇ ਅਮਲੇ, ਸਫਾਈ ਕਰਮੀਆਂ, ਕਪੜੇ ਧੋਣ ਵਾਲੇ ਅਮਲੇ ਨੂੰ ਪੀ. ਪੀ. ਈ. ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਸਾਰੇ ਸੁਰੱਖਿਆ ਮਾਪਦੰਡਾਂ ਦਾ ਪਾਲਣ ਵੀ ਕੀਤਾ ਜਾਂਦਾ ਹੈ। ਇਹਨਾਂ ਕੇਂਦਰਾਂ ਵਿੱਚ ਰਹਿ ਰਹੀਆਂ ਸੰਗਤਾਂ ਨੇ ਪ੍ਰਸਾਸਨ ਵੱਲੋਂ ਕੀਤੇ ਇੰਤਜਾਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।
————-