ਬੰਦ ਕਰੋ

ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤਰਨ ਤਾਰਨ ਨਸ਼ੇ ਦੀ ਭਿਆਨਕ ਬਿਮਾਰੀ ਤੋਂ ਪੀੜ੍ਹਤ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 12/09/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤਰਨ ਤਾਰਨ ਨਸ਼ੇ ਦੀ ਭਿਆਨਕ ਬਿਮਾਰੀ ਤੋਂ ਪੀੜ੍ਹਤ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ-ਡਿਪਟੀ ਕਮਿਸ਼ਨਰ
ਜ਼ਿਲੇ ਦੇ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਵਾ ਕੇਂਦਰ ਭੱਗੂਪੁਰ ਅਤੇ ਠਰੂ ਵਿਖੇ ਨਸ਼ੇ ਤੋਂ ਪੀੜਿਤ ਵਿਅਕਤੀਆਂ ਦਾ ਕੀਤਾ ਜਾ ਰਿਹਾ ਹੈ ਇਲਾਜ
ਸਰਕਾਰੀ ਹਸਪਤਾਲ ਤਰਨ ਤਾਰਨ ਅਤੇ ਪੱਟੀ ਵਿਖੇ ਵੀ ਚੱਲ ਰਹੇ ਹਨ ਨਸ਼ਾ ਛੁਡਾਊ ਕੇਂਦਰ
ਨਸ਼ਾ ਛਡਾਊ ਕੇਂਦਰਾਂ ਵਿਖੇ ਮੈਡੀਕਲ ਅਫਸਰਾਂ ਤੋਂ ਇਲਾਵਾ ਫਾਰਮਾਸਿਸਟ, ਸਟਾਫ ਨਰਸ ਅਤੇ ਕਾਉਂਸਲਰ ਕੀਤੇ ਗਏ ਹਨ ਤੈਨਾਤ-ਸਿਵਲ ਸਰਜਨ
ਤਰਨ ਤਾਰਨ, 12 ਸਤੰਬਰ :
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਨਸ਼ੇ ਤੋਂ ਪੀੜ੍ਹਤ ਵਿਅਕਤੀਆਂ ਦੇ ਇਲਾਜ ਪ੍ਰਤੀ ਵਚਨਬੱਧ ਅਤੇ ਸੰਵੇਦਨਸ਼ੀਲ ਹੈ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤਰਨ ਤਾਰਨ ਨਸ਼ੇ ਦੀ ਭਿਆਨਕ ਬਿਮਾਰੀ ਤੋਂ ਪੀੜ੍ਹਤ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।
ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਤਰਨ ਤਾਰਨ ਵਿਖ਼ੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਵਾ ਨਸ਼ਾ ਛੁਡਾਊ ਕੇਂਦਰ, ਪੱਟੀ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲੇ ਦੇ ਵਿੱਚ ਦੋ ਨਸ਼ਾ ਛੁਡਾਊ ਅਤੇ ਮੁੜ ਵਸੇਵਾ ਕੇਂਦਰ ਭੱਗੂਪੁਰ ਅਤੇ ਠਰੂ ਵਿਖੇ ਚਲਾਏ ਜਾ ਰਹੇ ਹਨ, ਜਿਥੇ ਨਸ਼ੇ ਤੋਂ ਪੀੜਿਤ ਵਿਅਕਤੀਆਂ ਦੇ ਇਲਾਜ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਵਿਖੇ ਤੈਨਾਤ ਮਾਹਿਰ ਡਾਕਟਰਾਂ ਵੱਲੋਂ ਸਮੇਂ-ਸਮੇਂ ਸਿਰ ਨਸ਼ੇ ਤੋਂ ਪੀੜਿਤ ਵਿਅਕਤੀਆਂ ਦੀ ਸਿਹਤ ਦਾ ਮੁਆਇਨਾ ਕੀਤਾ ਜਾਂਦਾ ਹੈ ਉੱਥੇ ਨਾਲ ਹੀ ਪੀੜਿਤ ਵਿਅਕਤੀਆਂ ਦੀ ਵਿਸ਼ੇਸ਼ ਤੌਰ ਤੇ ਕੌਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਜਲਦ ਤੋਂ ਜਲਦ ਸਮਾਜ ਦੇ ਮੁੱਖ ਧਾਰਾ ਦਾ ਹਿੱਸਾ ਬਣਾਇਆ ਜਾ ਸਕੇ।
ਜ਼ਿਲਾ ਤਰਨ ਤਾਰਨ ਦੇ ਵਿੱਚ ਚੱਲ ਰਹੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਵਿਭਾਗ ਵੱਲੋਂ ਤਰਨ ਤਾਰਨ ਵਿਖੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਵਿੱਚ 15 ਬੈੱਡ, ਨਸ਼ਾ ਛੁਡਾਊ ਕੇਂਦਰ ਪੱਟੀ ਵਿਖ਼ੇ ਕੁਲ 15 ਬੈੱਡ ਅਤੇ ਨਸ਼ਾ ਛੁਡਾਊ ਅਤੇ ਮੁੜ ਵਸੇਵਾ ਕੇਂਦਰ ਭਗੂਪੁਰ ਅਤੇ ਠਰੂ ਵਿਖੇ 50- 50 ਬੈਡ ਮੌਜੂਦ ਹਨ। ਉਹਨਾਂ ਦੱਸਿਆ ਕਿ ਇਹਨਾਂ ਨਸ਼ਾ ਛਡਾਊ ਕੇਂਦਰਾਂ ਵਿਖੇ ਮੈਡੀਕਲ ਅਫਸਰਾਂ ਤੋਂ ਇਲਾਵਾ ਫਾਰਮਾਸਿਸਟ, ਸਟਾਫ ਨਰਸ ਅਤੇ ਕਾਉਂਸਲਰ ਤੈਨਾਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਜ਼ਿਲੇ ਦੇ ਵਿਚ 20 ਓਟ ਕੇਂਦਰ ਚੱਲ ਰਹੇ, ਜਿਥੋਂ ਜਨਵਰੀ, 2024 ਤੋਂ ਸਤੰਬਰ, 2024 ਤੱਕ ਕਰੀਬ 45 ਪੀੜਿਤ ਵਿਅਕਤੀ ਨਸ਼ੇ ਵਰਗੀ ਆਲਮਤ ਨੂੰ ਛੱਡ ਕਿ ਮੁਖ ਧਾਰਾ ਦਾ ਹਿੱਸਾ ਬਣੇ ਹਨ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਪਾਸ ਨਸ਼ੇ ਤੋਂ ਪੀੜਿਤ ਵਿਅਕਤੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਹੀ ਲੋੜੀਂਦੀਆਂ ਦਵਾਈਆਂ ਮੌਜੂਦ ਹਨ ਅਤੇ ਮਾਹਿਰ ਡਾਕਟਰਾਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਪੀੜਤ ਵਿਅਕਤੀ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾਵੇ।
ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਸ਼ਾ ਛੜਾਓ ਕੇਂਦਰਾਂ ਵਿਚ ਸਾਫ ਸਫਾਈ ਦਾ ਵੀ ਉਚੇਚੇ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਦਾਖਲ ਪੀੜਿਤ ਵਿਅਕਤੀ ਨੂੰ ਸਾਫ ਸੁਥਰਾ ਅਤੇ ਸਕਾਰਾਤਮਕ ਮਾਹੌਲ ਮਿਲ ਸਕੇ।
ਡਾਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀਆਂ ਦਾ ਮੁਫ਼ਤ ਇਲਾਜ ਕਰਨ ਦੇ ਨਾਲ ਨਾਲ ਤਿੰਨ ਵਾਰ ਦਾ ਮੁਫਤ ਭੋਜਨ ਵਿਭਾਗ ਵੱਲੋਂ ਮੁਹਈਆ ਕਰਵਾਇਆ ਜਾਂਦਾ ਹੈ। ਵਿਭਾਗ ਵੱਲੋਂ ਨਸ਼ਾ ਛੜਾਊ ਕੇਂਦਰਾਂ ਵਿਖੇ 24 ਘੰਟਿਆਂ ਦੇ ਲਈ ਸੁਰੱਖਿਆ ਕਰਮੀ ਵੀ ਤੈਨਾਤ ਹਨ।