ਬੰਦ ਕਰੋ

ਜ਼ਿਲੇ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਪਿੰਡਾਂ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ

ਪ੍ਰਕਾਸ਼ਨ ਦੀ ਮਿਤੀ : 15/01/2024
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲੇ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਪਿੰਡਾਂ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ
ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾ ਕੇ ਕਿਸਾਨਾਂ ਨੇ ਵਾਤਾਵਰਨ ਪ੍ਰੇਮੀ ਹੋਣ ਦਾ ਦਿੱਤਾ ਸਬੂਤ
 
ਸਾਲ 2023 ਦੌਰਾਨ ਕਿਸਾਨਾਂ, ਪੰਚਾਇਤਾਂ, ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਐਫ. ਪੀ. ਓ.  ਨੂੰ ਪਰਾਲੀ ਪ੍ਬੰਧਨ ਲਈ ਸਬਸਿਡੀ ‘ਤੇ ਮੁੁਹੱਈਆ ਕਰਵਾਈਆ ਗਈਆਂ ਖੇਤੀ 393 ਮਸ਼ੀਨਾਂ 
 
ਤਰਨ ਤਾਰਨ,12 ਜਨਵਰੀ :
ਮੁੱਖ ਸਕੱਤਰ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਸੰਦੀਪ ਕੁਮਾਰ ਨੇ ਬਲਾਕ ਨੌਸ਼ਹਿਰਾ ਪੰਨੂਆ ਦੇ ਪਿੰਡਾਂ ਖੇਡਾ, ਜੱਲੇਵਾਲ ਅਤੇ ਨੰਦਪੁਰ ਦਾ ਦੌਰਾ ਕਰਦਿਆਂ ਦੱਸਿਆ ਕਿ ਸਾਉਣੀ ਸ਼ੀਜਨ 2023 ਦੌਰਾਨ ਇਹਨਾਂ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀ ਇੱਕ ਵੀ ਘਟਨਾ ਨਹੀ ਹੋਈ ਅਤੇ ਇਹਨਾਂ ਪਿੰਡਾਂ ਦੇ ਕਿਸਾਨਾਂ ਨੇ ਜੀਰੋ ਬਰਨਿੰਗ ਦਾ ਟੀਚਾ ਸਫਲਤਾਪੂਰਵਕ ਹਾਸਲ ਕੀਤਾ। 
ਉਹਨਾਂ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਵਿੱਚ ਜ਼ੀਰੋ ਬਰਨਿੰਗ ਵਾਲੇ ਪਿੰਡਾਂ ਦੀ ਗਿਣਤੀ 74 ਹੈ। 
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਜਿੰਨਾਂ ਨੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾ ਕੇ ਆਪਣੇ ਵਾਤਾਵਰਨ ਪ੍ਰੇਮੀ ਹੋਣ ਦਾ ਸਬੂਤ ਦਿੱਤਾ ਹੈ। ਉਨਾਂ ਕਿਹਾ ਕਿ ਇਸ ਦੇ ਨਾਲ ਨਾਲ ਤੁਸੀਂ ਦੂਜੇ ਕਿਸਾਨਾਂ ਲਈ ਵੀ ਪ੍ਰੇਰਨਾਂ ਦੇ ਸਰੋਤ ਹੋ ਅਤੇ ਤੁਹਾਡੇ ਤੋਂ ਸਿੱਖਿਆ ਲੈ ਕੇ ਹੋਰ ਕਿਸਾਨ ਵੀ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਹੋਣਗੇ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। 
ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਅੱਗ ਲਗਾਉਣ ਨਾਲ ਜਿੱਥੇ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਲੋਕਾਂ ਨੂੰ ਫੇਫੜੇ ਦੇ ਕੈਂਸਰ, ਚਮੜੀ ਰੋਗ ਹੋਣ ਦਾ ਖਦਸ਼ਾ ਵੀ ਜਿਆਦਾ ਹੁੰਦਾ ਹੈ। ਉਨਾਂ ਦੱਸਿਆ ਕਿ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਨਾਲ ਜਿੱਥੇ ਦੁਰਘਟਨਾਵਾਂ ਵਿੱਚ ਵਾਧਾ ਹੁੰਦਾ ਹੈ, ਉਥੇ ਬੇਜੁਬਾਨ ਪੰਛੀ ਵੀ ਮਰਦੇ ਹਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਹੁੰਦੀ ਹੈ। ਉਨਾਂ ਕਿਹਾ ਕਿ ਅੱਗ ਲਗਾਉਣ ਨਾਲ ਮਿੱਟੀ ਦੇ ਮਿੱਤਰ ਕੀੜੇ ਵੀ ਨਸ਼ਟ ਹੁੰਦੇ ਹਨ ਉਥੇ ਖਾਦਾਂ ਦੀ ਵਰਤੋਂ ਜਿਆਦਾ ਹੋਣ ਨਾਲ ਅਨੇਕਾਂ ਬਿਮਾਰੀਆਂ ਪੈਦਾ ਹੁੰਦੀਆਂ ਹਨ।
ਡਿਪਟੀ ਕਮਿਸ਼ਨਰ  ਨੇ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ੳੇੁਹਨਾਂ ਕਿਹਾ ਕਿ ਕਿਸਾਨਾਂ ਨੂੰ ਕਸਟਮ ਹਾਇਰਿੰਗ ਸੈਂਟਰਾਂ ਵਿੱਚ ਮੌਜੂਦ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। 
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾ ਵਿੱਚ ਜਾਗਰੂਕਤਾ ਫੈਲਾਉੇਣ ਲਈ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਲਗਾਤਾਰ 15 ਦਿਨ 08 ਪ੍ਰਚਾਰ ਵੈਨਾਂ ਚਲਾਈਆਂ ਗਈਆਂ, ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਵੀ ਲਗਾਏ ਗਏ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡਾਂ ਵਿੱਚ ਅਨਾਊਂਸਮੈਟਾਂ ਵੀ ਕਰਵਾਈਆ ਗਈਆਂ। ਵੱਖ-ਵੱਖ ਸਕੂਲਾਂ ਵਿੱਚ ਕੁਇਜ/ਪੇਂਟਿੰਗ ਮੁਕਾਬਲੇ ਕਰਵਾਕੇ ਵਿਦਿਆਰਥੀਆਂ ਨੂੰ ਵੀ ਜਾਗਰੂਕ ਕੀਤਾ ਗਿਆ ਤਾਂ ਜੋ ਵਿਦਿਆਰਥੀ ਆਪਣੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਸਕਣ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਸਾਲ 2023 ਦੌਰਾਨ ਕਿਸਾਨਾਂ, ਪੰਚਾਇਤਾਂ, ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਐਫ. ਪੀ. ਓ.  ਨੂੰ ਪਰਾਲੀ ਪ੍ਬੰਧਨ ਲਈ 393 ਖੇਤੀ ਮਸ਼ੀਨਾਂ ਸਬਸਿਡੀ ‘ਤੇ ਮੁੁਹੱਈਆ ਕਰਵਾਈਆ ਗਈਆਂ ਅਤੇ 3 ਕਰੋੜ 98 ਲੱਖ ਰੁਪਏ ਦੀ  ਸਬਸਿਡੀ ਮੁੁਹੱਈਆ ਕਰਵਾਈ ਗਈ। 
ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਭੁਪਿੰਦਰ ਸਿੰਘ, ਖੇਤੀਬਾੜੀ ਅਫ਼ਸਰ ਡਾ. ਮਲਵਿੰਦਰ ਸਿੰਘ, ਬਲਜਿੰਦਰ ਸਿੰਘ ਏ. ਈ.ਓ., ਮਨਦੀਪ ਸਿੰਘ  ਏ. ਈ.ਓ. ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।