ਜ਼ਿਲ੍ਹਾ ਤਰਨ ਤਾਰਨ ਨੂੰ ਹਰਿਆ ਭਰਿਆ ਬਣਾਉਣ ਲਈ ਜ਼ਿਲ੍ਹੇ ਦੀਆਂ ਨਰਸਰੀਆਂ ਵਿੱਚ ਤਿਆਰ ਕੀਤੇ ਜਾ ਰਹੇ ਹਨ 10 ਲੱਖ ਬੂਟੇ-ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਤਰਨ ਤਾਰਨ ਨੂੰ ਹਰਿਆ ਭਰਿਆ ਬਣਾਉਣ ਲਈ ਜ਼ਿਲ੍ਹੇ ਦੀਆਂ ਨਰਸਰੀਆਂ ਵਿੱਚ ਤਿਆਰ ਕੀਤੇ ਜਾ ਰਹੇ ਹਨ 10 ਲੱਖ ਬੂਟੇ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਵਣ ਵਿਭਾਗ ਰਾਹੀਂ ਵਿਭਾਗੀ ਅਤੇ ਮਗਨਰੇਗਾ ਸਕੀਮ ਤਹਿਤ ਤਿਆਰ ਕੀਤੀਆਂ ਗਈਆ ਨਰਸਰੀਆਂ ਦੀ ਕੀਤਾ ਨਿਰਖੀਣ
ਤਰਨ ਤਾਰਨ, 16 ਜਨਵਰੀ :
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਆਈ. ਏ. ਐੱਸ. ਵੱਲੋਂ ਵਣ ਵਿਭਾਗ ਰਾਹੀਂ ਵਿਭਾਗੀ ਅਤੇ ਮਗਨਰੇਗਾ ਸਕੀਮ ਤਹਿਤ ਤਿਆਰ ਕੀਤੀਆਂ ਗਈਆ ਨਰਸਰੀਆਂ ਦੀ ਨਿਰਖੀਣ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਨੂੰ ਹਰਿਆ ਭਰਿਆ ਬਣਾਉਣ ਲਈ ਜ਼ਿਲ੍ਹੇ ਦੀਆਂ 10 ਨਰਸਰੀਆਂ ਵਿੱਚ ਲੱਗਭੱਗ 10 ਲੱਖ ਬੂਟੇ ਤਿਆਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹਰੇਕ ਨਰਸਰੀ ਵਿੱਚ ਵੱਖ-ਵੱਖ ਕਿਸਮਾਂ ਦੇ 01 ਲੱਖ ਬੂਟੇ ਤਿਆਰ ਕੀਤੇ ਜਾਣਗੇ।ਉਹਨਾਂ ਦੱਸਿਆ ਕਿ ਅਲਗੋਂ ਕੋਠੀ, ਚੋਹਲਾ ਸਾਹਿਬ, ਖਾਰਾ, ਸਭਰਾ ਅਤੇ ਕੱਚਾ-ਪੱਕਾ ਵਿਖੇ ਬਣੀਆਂ ਨਰਸਰੀਆਂ ਵਿੱਚ 5 ਲੱਖ ਬੂਟੇ ਤਿਆਰ ਹੋ ਰਹੇ ਹਨ ਅਤੇ ਦਿਲਾਵਲਪੁਰ, ਪੱਟੀ, ਸੰਘਾ, ਨਾਗੋਕੇ ਅਤੇ ਕੱਕਾ ਕੰਡਿਆਲਾ ਵਿਖੇ ਬਣੀਆਂ ਨਰਸਰੀਆਂ ਵਿੱਚ ਵੀ ਹੋਰ ਬੂਟੇ ਤਿਆਰ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਆਦੇਸ਼ ਦਿੱਤੇ ਗਏ ਹਨ।
ਇਸ ਦੌਰਾਨ ਉਹਨਾਂ ਬਲਾਕ ਚੋਹਲਾ ਸਾਹਿਬ ਵਿਖੇ ਗ੍ਰਾਮ ਪੰਚਾਇਤ ਚੋਹਲਾ ਸਾਹਿਬ ਦੀ ਨਰਸਰੀ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਰੇਂਜ ਅਫ਼ਸਰ ਪੱਟੀ ਸ੍ਰੀ ਪਰਮਵੀਰ ਸਿੰਘ ਵਣ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਬਲਾਕ ਚੋਹਲਾ ਸਾਹਿਬ ਵਿਖੇ ਗ੍ਰਾਮ ਪੰਚਾਇਤ ਚੋਹਲਾ ਸਾਹਿਬ ਵਿੱਚ ਨਰਸਰੀ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿੱਚ ਫਰਵਰੀ ਮਹੀਨੇ ਤੋਂ 11,500 ਬੂਟੇ ਲਗਾਉਣ ਲਈ ਤਿਆਰ ਹਨ। ਇਸ ਤੋਂ ਇਲਾਵਾ ਬਲਾਕ ਨੌਸ਼ਹਿਰਾ ਪੰਨੂਆ ਦੀ ਪੰਚਾਇਤ ਖਾਰਾ ਵਿੱਚ ਰੈਸਟ ਹਾਊਸ ਨੇੜੇ ਦੀ ਖਾਰਾ ਨਰਸਰੀ ਦਾ ਨਿਰੀਖਣ ਕੀਤਾ ਗਿਆ, ਜਿਸ ਵਿੱਚ 10,000 ਬੂਟੇ ਉਪਲੱਬਧ ਹਨ। ਇਸ ਤੋਂ ਇਲਾਵਾ ਬਲਾਕ ਪੱਟੀ ਦੀ ਨਰਸਰੀ ਦਾ ਨਿਰੀਖਣ ਕੀਤਾ ਗਿਆ ਅਤੇ ਪੱਟੀ ਦੀ ਨਰਸਰੀ ਵਿੱਚ 20,000 ਬੂਟੇ ਤਿਆਰ ਬਰ ਤਿਆਰ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਣ ਵਿਭਾਗ ਅਤੇ ਮਗਨਰੇਗਾ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਦੀਆਂ ਵੱਖ-ਵੱਖ ਨਰਸਰੀਆਂ ਵਿੱਚ ਕਈ ਕਿਸਮਾਂ ਦੇ ਬੂਟੇ ਤਿਆਰ ਕੀਤੇ ਗਏ ਹਨ ਅਤੇ ਜਿਲ੍ਹੇ ਵਿੱਚ ਲਗਾਏ ਜਾ ਰਹੇ ਮਿੰਨੀ ਜੰਗਲਾਂ ਵਿੱਚ ਲਗਾਉਣ ਲਈ ਤਿਆਰ ਬਰ-ਬਰ ਤਿਆਰ ਹਨ। ਇਸ ਮੌਕੇ ਉਨ੍ਹਾਂ ਵੱਲੋਂ ਕੀਤੀ ਗਈ ਸੰਘਣੀ ਪਲਾਟੇਸ਼ਨ ਦਾ ਵੀ ਨਿਰੀਖਣ ਕੀਤਾ ਗਿਆ, ਜਿਸ ਵਿੱਚ ਲਖਵਿੰਦਰਪਾਲ ਸਿੰਘ, ਵਣ ਗਾਰਡ ਦੇ ਕੰਮ ਦੀ ਡਿਪਟੀ ਕਮਿਸ਼ਨਰ ਵੱਲੋਂ ਕਾਫ਼ੀ ਸਲਾਘਾ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਪ੍ਰੋਜੈਕਟਾਂ ਉੱਪਰ ਕੰਮ ਕਰਨ ਲਈ ਆਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਲਾਟੇਸ਼ਨ, ਨਰਸਰੀ ਵਾਲੀ ਜਗ੍ਹਾਂ ‘ਤੇ ਪੋਲੀਥੀਨ ਨਾਲ ਮਿੰਨੀ ਤਲਾਬ ਤਿਆਰ ਕੀਤੇ ਜਾਣ, ਜਿਸ ਨਾਲ ਵੇਸਟ ਪਾਣੀ ਤੇ ਮੀਂਹ ਦਾ ਪਾਣੀ ਨੂੰ ਸਟੋਰ ਕਰਕੇ ਵਣ ਮਿੱਤਰਾਂ ਨੂੰ ਬੂਟਿਆਂ ਨੂੰ ਪਾਣੀ ਲਗਾਉਣ ਵਿੱਚ ਆਸਾਨੀ ਹੋਵੇਗੀ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਪੱਟੀ ਵਿੱਚ ਵੱਖ-ਵੱਖ ਕਿਸਮਾਂ ਤੇ ਲਗਾਏ ਗਏ ਬੂਟਿਆਂ ਦਾ ਨਿਰੀਖਣ ਕੀਤਾ ਗਿਆ ਅਤੇ ਕੰਮ ਸ਼ਲਾਘਾਯੋਗ ਪਾਏ ਗਏ ਅਤੇ ਉਹਨਾਂ ਵੱਲੋਂ ਰੇਂਜ ਅਫ਼ਸਰ ਪੱਟੀ ਸ੍ਰੀ ਪਰਮਵੀਰ ਸਿੰਘ ਦੇ ਕੰਮਾ ਦੀ ਸ਼ਲਾਘਾ ਕੀਤੀ ਗਈ।ਉਨ੍ਹਾਂ ਵੱਲੋਂ ਮੀਆਂਵਾਕੀ ਤਕਨੀਕੀ ਨਾਲ ਲਗਾਏ ਗਏ ਮਿੰਨੀ ਜੰਗਲ ਬਾਰੇ ਦੱਸਿਆ ਗਿਆ ਕਿ ਇਸ ਵਿੱਚ ਲੱਗਭੱਗ 36 ਪ੍ਰਕਾਰ ਦੀਆਂ ਪ੍ਰਜਾਤੀਆਂ ਦੇ ਬੂਟੇ ਲਗਾਏ ਗਏ ਹਨ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਰੇਂਜ ਅਫ਼ਸਰ ਨੂੰ ਆਦੇਸ਼ ਦਿੱਤੇ ਗਏ ਕਿ ਗੋਇੰਦਵਾਲ ਸਾਹਿਬ ਵਿਖੇ ਚੱਲ ਰਹੇ ਮਿੰਨੀ ਜੰਗਲ ਵਿੱਚ ਸ਼ਮੂਲੀਅਤ ਕੀਤੀ ਜਾਵੇ ਅਤੇ ਉੱਥੋਂ ਦੇ ਸਟਾਫ਼ ਅਤੇ ਹੋਰ ਪਤਵੰਤਿਆਂ ਨਾਲ ਆਪ ਦੇ ਵੱਲੋਂ ਤਿਆਰ ਕੀਤੇ ਗਏ ਮਿੰਨੀ ਜੰਗਲ ਦੇ ਤਜਰਬੇ ਨੂੰ ਸਾਂਝਾ ਕੀਤਾ ਜਾਵੇ।