ਬੰਦ ਕਰੋ

ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲਾ ਤਰਨ ਤਾਰਨ ਦੀਆਂ ਮਿਊਂਸਪਲ ਹੱਦਾਂ ਲਗਾਈਆਂ ਨਵੀਆਂ ਰੋਕਾਂ

ਪ੍ਰਕਾਸ਼ਨ ਦੀ ਮਿਤੀ : 19/08/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲਾ ਤਰਨ ਤਾਰਨ ਦੀਆਂ ਮਿਊਂਸਪਲ ਹੱਦਾਂ ਲਗਾਈਆਂ ਨਵੀਆਂ ਰੋਕਾਂ
ਜ਼ਿਲੇ ਦੀਆਂ ਮਿਊਂਸਪਲ ਹੱਦਾਂ ਅੰਦਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਰਾਤ ਦਾ ਕਰਫਿਊ
ਤਰਨ ਤਾਰਨ, 18 ਅਗਸਤ : 
ਜ਼ਿਲਾ ਮੈਜਿਸਟ੍ਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਮੰਤਰਾਲੇ ਵਲੋਂ ਅਨਲਾੱਕ-3 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਰੋਸ਼ਨੀ ਵਿਚ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਤਰਨ ਤਾਰਨ ਦੀਆਂ ਮਿਊਂਸਪਲ ਹੱਦਾਂ ਅੰਦਰ ਅੱਜ ਮਿਤੀ 18 ਅਗਸਤ 2020 ਤੋਂ ਕੁਝ ਨਵੀਆਂ ਰੋਕਾਂ ਲਗਾਈਆਂ ਹਨ। 
ਇਨਾਂ ਰੋਕਾਂ ਤਹਿਤ ਜ਼ਿਲੇ ਦੀਆਂ ਮਿਊਂਸਪਲ ਹੱਦਾਂ ਅੰਦਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ। ਹਾਲਾਂਕਿ ਇਸ ਸਮੇਂ ਦੌਰਾਨ ਜ਼ਰੂਰੀ ਗਤੀਵਿਧੀਆਂ, ਜਿਨਾਂ ਵਿਚ ਮਲਟੀਪਲ ਸ਼ਿਫਟਾਂ, ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਵਸਤਾਂ ਦੀ ਮੂਵਮੈਂਟ, ਕਾਰਗੋ ਦੀ ਅਨਲੋਡਿੰਗ ਅਤੇ ਲੋਕਾਂ ਵਲੋਂ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਆਪਣੇ ਟਿਕਾਣਿਆਂ ’ਤੇ ਪਹੁੰਚਣ ਲਈ ਸਫ਼ਰ ਕਰਨ ’ਤੇ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ। ਇਸੇ ਤਰਾਂ ਸਾਰੀਆਂ ਇੰਡਸਟਰੀਆਂ ਵੀ 2-3 ਸ਼ਿਫਟਾਂ ਵਿਚ ਖੁੱਲ੍ਹੀਆਂ ਰਹਿਣਗੀਆਂ। 
ਰੈਸਟੋਰੈਂਟ, ਹੋਟਲ ਅਤੇ ਹੋਰ ਮੇਜ਼ਬਾਨੀ ਇਕਾਈਆਂ ਸ਼ਾਮ 8.30 ਵਜੇ ਤੱਕ ਖੁੱਲ ਸਕਣਗੀਆਂ। ਇਸੇ ਤਰਾਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਸ਼ਾਮ 8 ਵਜੇ ਤੱਕ ਖੁੱਲਣਗੇ, ਜਦਕਿ ਸ਼ਾਪਿੰਗ ਮਾਲਾਂ ਵਿਚ ਸਥਿਤ ਰੈਸਟੋਰੈਂਟ ਸ਼ਾਮ 8.30 ਵਜੇ ਤੱਕ ਖੁੱਲ ਸਕਣਗੇ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਰਾਤ 8.30 ਵਜੇ ਤੱਕ ਖੁੱਲਣਗੇ। ਹੁਕਮਾਂ ਦੀ ਉਲੰਘਣਾ ਦੀ ਸੂਰਤ ਵਿਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਰੋਕਾਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ।