ਬੰਦ ਕਰੋ

ਜ਼ਿਲ੍ਹੇ ਦੀ ਹਰੇਕ ਗ੍ਰਾਮ ਪੰਚਾਇਤ ’ਚ ਹੋਵੇਗਾ ਗ੍ਰਾਮ ਸਭਾ ਦਾ ਇਜਲਾਸ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 02/12/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਦੀ ਹਰੇਕ ਗ੍ਰਾਮ ਪੰਚਾਇਤ ’ਚ ਹੋਵੇਗਾ ਗ੍ਰਾਮ ਸਭਾ ਦਾ ਇਜਲਾਸ-ਡਿਪਟੀ ਕਮਿਸ਼ਨਰ
31 ਦਸੰਬਰ ਤੱਕ ਜ਼ਿਲ੍ਹੇ ਦੀਆਂ 575 ਗ੍ਰਾਮ ਪੰਚਾਇਤਾਂ ਨੂੰ ਇਸ ਪ੍ਰੋਗਰਾਮ ਤਹਿਤ ਕੀਤਾ ਜਾਵੇਗਾ ਕਵਰ
ਤਰਨ ਤਾਰਨ, 01 ਦਸੰਬਰ:
ਜ਼ਿਲ੍ਹਾ ਤਰਨ ਤਾਰਨ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ’ਚ ਪਹਿਲੀ ਦਸੰਬਰ ਤੋਂ 31 ਦਸੰਬਰ ਤੱਕ ਗ੍ਰਾਮ ਸਭਾਵਾਂ/ਆਮ ਇਜਲਾਸ ਕਰਵਾਏ ਜਾਣਗੇ, ਜਿਨ੍ਹਾਂ ’ਚ ਪਿੰਡ ਦੇ ਲੋਕਾਂ ਦੀ ਸ਼ਮੂਲੀਅਤ ਕਰਵਾ ਕੇ ਅਗਲੇ ਵਿੱਤੀ ਸਾਲ ਲਈ ਆਮਦਨ ਅਤੇ ਖਰਚ ਸਬੰਧੀ ਬਜਟ ਅਨੁਮਾਨ ਅਤੇ ਵਿਕਾਸ ਪ੍ਰੋਗਰਾਮਾਂ ਦੀ ਸਲਾਨਾ ਕਾਰਜ ਯੋਜਨਾ ਨੂੰ ਪਾਸ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ 575 ਗ੍ਰਾਮ ਪੰਚਾਇਤਾਂ ਨੂੰ ਇਸ ਪ੍ਰੋਗਰਾਮ ਤਹਿਤ ਕਵਰ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਹਰੇਕ ਪੰਚਾਇਤ ਦਾ ਸਾਲ ’ਚ ਦੋ ਵਾਰ ਗ੍ਰਾਮ ਸਭਾ/ਆਮ ਇਜਲਾਸ ਜ਼ਰੂਰੀ ਹੁੰਦਾ ਹੈ, ਜਿਸ ਤਹਿਤ ਹਾੜ੍ਹੀ ਦੀ ਮੀਟਿੰਗ ਜੂਨ ਮਹੀਨੇ ਵਿੱਚ ਕਰਵਾਈ ਜਾਂਦੀ ਹੈ ਅਤੇ ਸਾਉਣੀ ਦੀ ਮੀਟਿੰਗ ਦਸੰਬਰ ਮਹੀਨੇ ’ਚ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਗ੍ਰਾਮ ਸਭਾਵਾਂ ਬੁਲਾ ਕੇ ਸਿਹਤ, ਔਰਤਾਂ ਤੇ ਬੱਚਿਆਂ ਆਦਿ ਦੇ ਮੱਦਿਆਂ ’ਤੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗ੍ਰਾਮ ਸਭਾਵਾਂ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਫਰਜ਼ਾਂ ਅਤੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗਰੀਬੀ ਮੁਕਤ ਤੇ ਵਧੇਰੇ ਅਜੀਵਿਕਾ ਵਾਲਾ ਪਿੰਡ, ਸਿਹਤਮੰਦ ਪਿੰਡ, ਬਾਲ ਮਿੱਤਰ ਪਿੰਡ, ਪਾਣੀ ਭਰਪੂਰ ਪਿੰਡ, ਸਵੱਛ ਤੇ ਹਰੀ ਭਰੀ ਪੰਚਾਇਤ, ਸਵੈ-ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ, ਸਮਾਜਿਕ ਨਿਆਂ ਤੇ ਸਮਾਜਿਕ ਤੌਰ ’ਤੇ ਸੁਰੱਖਿਅਤ ਪਿੰਡ, ਚੰਗਾ ਸਾਸ਼ਨ ਤੇ ਮਹਿਲਾਵਾਂ ਦੇ ਅਨੁਕੂਲ ਪਿੰਡ ਜਿਹੇ ਵਿਸ਼ਿਆਂ ਬਾਰੇ ਜਾਣੂ ਕਰਵਾ ਕੇ ਇਨ੍ਹਾਂ ਮੁਤਾਬਕ ਪਿੰਡ ਦਾ ਟੀਚਾ ਵੀ ਮਿੱਥਿਆ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਇਨ੍ਹਾਂ ਟੀਚਿਆਂ ਦਾ ਘੇਰਾ ਵਿਆਪਕ ਹੋਣ ਕਾਰਨ ਇਨ੍ਹਾਂ ’ਚ ਅੱਗੇ ਮਗਨਰੇਗਾ ਤਹਿਤ ਹੋਣ ਸਕਣ ਵਾਲੇ ਕੰਮਾਂ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਤ ਕਾਰਜਾਂ, ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ, ਵਾਤਾਵਰਣ/ਜੰਗਲਾਤ ਸਬੰਧੀ, ਬੱਚਿਆਂ ਦੇ ਸੰਪੂਰਣ ਵਿਕਾਸ ਅਤੇ ਆਂਗਨਵਾੜੀ ਸੈਂਟਰਾਂ ਨੂੰ ਨਵਿਆਉਣ ਸਬੰਧੀ, ਸਿਹਤ ਸੇਵਾਵਾਂ ’ਚ ਸੁਧਾਰ ਸਬੰਧੀ, ਕਮਿਊਨਿਟੀ ਸੈਂਟਰ ਬਣਾਉਣ ਸਬੰਧੀ, ਸੇਵਾ ਕੇਂਦਰ ਸਬੰਧੀ, ਘਰੇਲੂ ਹਿੰਸਾ ਸਬੰਧੀ, ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ, ਪਿੰਡ ’ਚ ਸਾਖਰਤਾ ਦਰ ਵਧਾਉਣ ਸਬੰਧੀ, ਪਿੰਡ ’ਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਸਬੰਧੀ, ਨਸ਼ਿਆਂ ਖਿਲਾਫ਼ ਜਾਗਰੂਕਤਾ ਸਬੰਧੀ, ਗ੍ਰਾਮ ਪੰਚਾਇਤ ਡਿਵੈਲਪਮੈਂਟ ਪ੍ਰਾਜੈਕਟ ਸਬੰਧੀ, ਰਾਸ਼ਟਰੀ ਪੰਚਾਇਤ ਪੁਰਸਕਾਰਾਂ ਸਬੰਧੀ, ਆਡਿਟ ਨੋਟ ’ਤੇ ਵਿਚਾਰ ਸਬੰਧੀ, ਫੁਟਕਲ ਖਰਚਿਆਂ, ਸਾਂਝੇ ਤਲਾਬ ਅਤੇ ਹੋਰ ਮੁੱਦਿਆਂ ’ਤੇ ਵਿਚਾਰ ਚਰਚਾ ਵੀ ਇਨ੍ਹਾਂ ਗ੍ਰਾਮ ਸਭਾਵਾਂ/ਇਜਲਾਸ ਦਾ ਹਿੱਸਾ ਬਣ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਆਮ ਇਜਲਾਸਾਂ ਦੌਰਾਨ ਆਪਣੇ ਅਧਿਕਾਰੀਆਂ ਤੇ ਨੁਮਾਇੰਦਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਗ੍ਰਾਮ ਸਭਾਵਾਂ ਨੂੰ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਇਨ੍ਹਾਂ ਸਕੀਮਾਂ ਦਾ ਫਾਇਦਾ ਦੇਣ ਲਈ ਮੌਕੇ ’ਤੇ ਬਿਨੈ ਫਾਰਮ ਭਰਨ ਦੀ ਸਹੂਲਤ ਸਬੰਧੀ ਲੋੜੀਂਦੇ ਪ੍ਰਬੰਧ ਵੀ ਯਕੀਨੀ ਬਣਾਏ ਜਾਣ ਤਾਂ ਜੋ ਜ਼ਮੀਨੀ ਪੱਧਰ ਤੱਕ ਯੋਜਨਾਵਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ।
ਆਮ ਇਜਲਾਸਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗ੍ਰਾਮ ਸਭਾ ਇਜਲਾਸ ਕਿਸੇ ਵੀ ਪਿੰਡ ਦੇ ਵਿਕਾਸ ਲਈ ਇੱਕ ਮੁੱਢਲੀ ਸਥਾਈ ਇਕਾਈ ਹੈ, ਜਿਸ ਦੀ ਪਿੰਡ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤਾਂ ਵੱਲੋਂ ਗ੍ਰਾਮ ਸਭਾਵਾਂ ਵਿੱਚ ਆਪਣੇ ਅਗਲੇ ਵਿੱਤੀ ਸਾਲ ਲਈ ਆਮਦਨ ਤੇ ਖਰਚ ਸਬੰਧੀ ਬਜਟ ਦਾ ਅਨੁਮਾਨ ਅਤੇ ਅਗਲੇ ਵਿੱਤੀ ਸਾਲ ਲਈ ਵਿਕਾਸ ਪ੍ਰੋਗਰਾਮਾਂ ਲਈ ਸਲਾਨਾ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ ਜਾਵੇ।