28 ਅਤੇ 29 ਅਕਤੂਬਰ ਨੂੰ ਜ਼ਿਲ੍ਹਾ ਪੱਧਰ ਅਤੇ ਸਬ ਡਿਵੀਜ਼ਨ ਪੱਧਰ ‘ਤੇ ਲਗਾਏ ਜਾਣਗੇ ਸੁਵਿਧਾ ਕੈਂਪ – ਡਿਪਟੀ ਕਮਿਸ਼ਨਰ
28 ਅਤੇ 29 ਅਕਤੂਬਰ ਨੂੰ ਜ਼ਿਲ੍ਹਾ ਪੱਧਰ ਅਤੇ ਸਬ ਡਿਵੀਜ਼ਨ ਪੱਧਰ ‘ਤੇ ਲਗਾਏ ਜਾਣਗੇ ਸੁਵਿਧਾ ਕੈਂਪਡਿਪਟੀ ਕਮਿਸ਼ਨਰ
ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਸਿੱਧਾ ਲਾਭ
ਤਰਨ ਤਾਰਨ, 25 ਅਕਤੂਬਰ :
ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪ੍ਰਦਾਨ ਕਰਨਾ ਯਕੀਨੀ ਬਣਾਉਣ ਦੇ ਮਕਸਦ ਨਾਲ ਲਗਾਏ ਜਾ ਰਹੇ 28 ਅਤੇ 29 ਅਕਤੂਬਰ, 2021 ਨੂੰ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ‘ਤੇ ‘ਸੁਵਿਧਾ ਕੈਂਪ’ ਲਗਾਏ ਜਾ ਰਹੇ ਹਨ।ਇਹਨਾਂ ਸੁਵਿਧਾ ਕੈਂਪਾਂ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸ਼ੇਸ ਮੀਟਿੰਗ ਕੀਤੀ ਗਈ।
ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਪੱਟੀ ਸ਼੍ਰੀਮਤੀ ਅਲਕਾ ਕਾਲੀਆ, ਐੱਸ. ਡੀ. ਐੱਮ. ਖਡੂਰ ਸਾਹਿਬ ਸ਼੍ਰੀਮਤੀ ਅਨਮਜੋਤ ਕੌਰ, ਸ੍ਰੀ ਅਮਨਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਜਨਰਲ-ਕਮ ਵਾਧੂ ਚਾਰਜ ਐੱਸ, ਡੀ, ਐੱਮ ਭਿੱਖੀਵਿੰਡ ਅਤੇ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫ਼ਸਰ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਉਹਨਾਂ ਦੱਸਿਆ ਕਿ ਇਹ ਸੁਵਿਧਾ ਕੈਂਪ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ ਪੱਧਰ ’ਤੇ ਲੱਗਣਗੇ, ਜਿੱਥੇ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਸਿੱਧਾ ਲਾਭਪਾਤਰੀ ਤੱਕ ਪਹੁੰਚਾਇਆ ਜਾਵੇਗਾ। ਮੀਟਿੰਗ ਦੌਰਾਨ ਸਬੰਧਿਤ ਵਿਭਾਗਾ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਂਪਾਂ ਤੋਂ ਪਹਿਲਾਂ ਲੋਕ ਭਲਾਈ ਯੋਜਨਾਵਾਂ ਦੇ ਯੋਗ ਲਾਭਪਾਤਰੀਆਂ ਦੀ ਤਸਦੀਕ ਕਰਕੇ ਉਨ੍ਹਾਂ ਨੂੰ ਕੈਂਪ ਦੌਰਾਨ ਲਾਭ ਮਿਲਣਾ ਯਕੀਨੀ ਬਣਾਇਆ ਜਾਵੇ।
ਉਹਨਾਂ ਦੱਸਿਆ ਕਿ 28 ਅਤੇ 29 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਕੈਂਪ ਦਫ਼ਤਰ ਨਗਰ ਕੌਂਸਲ ਤਰਨ ਤਾਰਨ ਵਿਖੇ, ਸਬ-ਡਵੀਜ਼ਨ ਪੱਟੀ ਦਾ ਕੈਂਪ ਸ਼ਹੀਦ ਭਗਤ ਸਿੰਘ ਕਾਲਜ ਪੱਟੀ ਵਿਖੇ, ਸਬ-ਡਵੀਜ਼ਨ ਭਿੱਖੀਵਿੰਡ ਦਾ ਕੈਂਪ ਸਰਕਾਰੀ ਪੋਲੀਟੈਕਨਿਕ ਕਾਲਜ ਭਿੱਖੀਵਿੰਡ ਵਿਖੇ ਅਤੇ ਸਬ-ਡਵੀਜ਼ਨ ਖਡੂਰ ਸਾਹਿਬ ਦਾ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਵਿਖੇ ਲੱਗੇਗਾ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਵਿਭਾਗ ਆਪੋ ਆਪਣੇ ਵਿਭਾਗਾਂ ਨਾਲ ਸਬੰਧਿਤ ਯੋਜਨਾਵਾਂ, ਨਿਯਮ ਤੇ ਸ਼ਰਤਾਂ, ਉਨ੍ਹਾਂ ਲਈ ਲੋੜੀਂਦੇ ਦਸਤਾਵੇਜ਼ਾਂ ਆਦਿ ਬਾਰੇ ਅਗਾਊਂ ਤੌਰ ’ਤੇ ਸਰਪੰਚਾਂ, ਕੌਸਲਰਾਂ ਤੇ ਹੋਰ ਮੋਹਤਬਾਰਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਜਾਣੂੰ ਕਰਵਾਉਣ। ਇਸ ਤੋਂ ਇਲਾਵਾ ਪਿੰਡ ਪੱਧਰ ’ਤੇ ਸੁਵਿਧਾ ਕੈਂਪਾਂ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੇ ਵੀ ਹੁਕਮ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਸੁਵਿਧਾ ਕੈਂਪਾਂ ਵਿੱਚ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ ਅੰਗਹੀਣ ਆਦਿ ਸਕੀਮਾਂ), ਘਰ ਦੀ ਸਥਿਤੀ (ਕੱਚਾ/ ਪੱਕਾ) ਪੀ. ਐਮ. ਏ. ਵਾਈ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨਾ, ਐਲ. ਪੀ. ਜੀ. ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ. ਸੀ. ਬੀ. ਸੀ. ਕਾਰਪੋਰੇਸ਼ਨਾਂ/ ਬੈਂਕ ਫਿੰਕੋ ਤੋਂ ਕਰਜ਼ਾ, ਬੱਸ ਪਾਸ, ਪੈਂਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜਾਬ ਕਾਰਡ, ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਦੇ ਮੁਆਫ਼ੀ ਦੇ ਸਰਟੀਫਿਕੇਟ, ਪੈਂਡਿੰਗ ਸੀ. ਐੱਲ. ਯੂ. ਕੇਸ/ਨਕਸ਼ੇ ਆਦਿ ਸਬੰਧੀ ਫਾਰਮ ਭਰੇ ਜਾਣਗੇ।