ਬੰਦ ਕਰੋ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਿਆਸ ਦਰਿਆ ਵਿਖੇ 22 ਤੇ 23 ਨਵੰਬਰ ਨੂੰ ਹੋਣ ਵਾਲੇ “ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ” ਦੀਆਂ ਤਿਆਰੀਆਂ ਮੁਕੰਮਲ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 21/11/2019
dc
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਿਆਸ ਦਰਿਆ ਵਿਖੇ 22 ਤੇ 23 ਨਵੰਬਰ ਨੂੰ ਹੋਣ ਵਾਲੇ “ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ” ਦੀਆਂ ਤਿਆਰੀਆਂ ਮੁਕੰਮਲ-ਡਿਪਟੀ ਕਮਿਸ਼ਨਰ
ਦੋ ਦਿਨ ਚੱਲਣ ਵਾਲੇ ਇਸ ਸ਼ੋਅ ਦੌਰਾਨ ਸ਼ਾਮ 7 ਵਜੇ ਤੋਂ 9 ਵਜੇ ਤੱਕ ਦਿਖਾਏ ਜਾਣਗੇ ਦੋ ਸ਼ੋਅ
ਸੰਗਤਾਂ ਨੂੰ ਪਰਿਵਾਰਾਂ ਸਮੇਤ “ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ” ਦੇਖਣ ਲਈ ਕੀਤੀ ਅਪੀਲ
ਤਰਨ ਤਾਰਨ, 21 ਨਵੰਬਰ : 
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲੇ ਦੇ ਪਿੰਡ ਗਗੜੇਵਾਲ ਨੇੜੇ ਬਿਆਸ ਦਰਿਆ ਵਿਖੇ 22 ਅਤੇ 23 ਨਵੰਬਰ ਨੂੰ ਕਰਾਏ ਜਾ ਰਹੇ “ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ” ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ 22 ਨਵੰਬਰ ਨੂੰ ਸ਼ਾਮ 7 ਵਜੇ ਇਹ ਸ਼ੋਅ ਸ਼ੁਰੂ ਹੋ ਜਾਵੇਗਾ, ਜੋ 9 ਵਜੇ ਤੱਕ ਜਾਰੀ ਰਹੇਗਾ। ਬਿਆਸ ਦਰਿਆ ਦੇ ਪਾਣੀ ਉਸ ਵੇਲੇ ਰੂਹਾਨੀਅਤ ਦੇ ਰੰਗ ਵਿੱਚ ਰੰਗੇ ਜਾਣਗੇ, ਜਦੋਂ ਇਸ ਨਿਵੇਕਲੇ ਸ਼ੋਅ ਰਾਹੀਂ ਸ਼ਾਮ 7 ਵਜੇ ਸਾਰੀ ਫਿਜ਼ਾ ਵਿੱਚ ਇਲਾਹੀ ਬਾਣੀ ਦਾ ਰਸ ਘੁਲ ਜਾਵੇਗਾ।
ਡਿਪਟੀ ਕਮਿਸ਼ਨਰ ਨੇ “ਫਲੋਟਿੰਗ ਲਾਈਟ ਐਂਡ ਸਾਉਂਡ ਸ਼ੋਅ” ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲਾ ਤਰਨ ਤਾਰਨ ਦੇ ਪਿੰਡ ਗਗੜੇਵਾਲ ਨੇੜੇ ਬਿਆਸ ਦਰਿਆ ਦੇ ਪਾਣੀ ਵਿੱਚ 22 ਅਤੇ 23 ਨਵੰਬਰ ਨੂੰ ਆਪਣੀ ਕਿਸਮ ਦਾ ਪਹਿਲਾ “ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ” ਕਰਾਇਆ ਜਾ ਰਿਹਾ ਹੈ। ਦੋ ਦਿਨ ਚੱਲਣ ਵਾਲੇ ਇਸ ਸ਼ੋਅ ਦੌਰਾਨ ਸ਼ਾਮ 7 ਵਜੇ ਤੋਂ 9 ਵਜੇ ਤੱਕ ਦੋ ਸ਼ੋਅ ਦਿਖਾਏ ਜਾਣਗੇ।
ਉਨਾਂ ਦੱਸਿਆ ਕਿ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਝਾਤ ਪਾਉਂਦਾ ਲਾਈਟ ਐਂਡ ਸਾਊਂਡ ਸ਼ੋਅ ਚਲਾਇਆ ਜਾਵੇਗਾ। ਇਸ ਦੌਰਾਨ ਰੰਗਦਾਰ ਦਿ੍ਰਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲੇ ਸ਼ੋਅ ਸੰਗਤਾਂ ਨੂੰ ਮੰਤਰ ਮੁਗਧ ਕਰਨਗੇ। ਉਨਾਂ ਕਿਹਾ ਕਿ ਸ਼ੋਅ ਦੇਖਣ ਲਈ ਦਾਖਲਾ ਬਿਲਕੁਲ ਮੁਫ਼ਤ ਹੈ ਅਤੇ ਸੰਗਤਾਂ ਦੀ ਸਹੂਲਤ ਲਈ ਪ੍ਰਸ਼ਾਸਨ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਨੂੰ ਦੇਖਣ ਲਈ ਜ਼ਰੂਰ ਪਹੁੰਚਣ।