10 ਅਗਸਤ ਨੂੰ ਜ਼ਿਲਾ ਤਰਨਤਾਰਨ ’ਚ ਮਨਾਇਆ ਜਾਵੇਗਾ ਡੀ-ਵਾਰਮਿੰਗ ਦਿਵਸ
ਡੀ-ਵਾਰਮਿੰਗ ਦਿਵਸ ਦੇ ਮੌਕੇ ’ਤੇ 1 ਤੋਂ 5 ਸਾਲ ਦੇ 3,25,558 ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਖੁਰਾਕ ਦੇਣੀ ਯਕੀਨੀ ਬਣਾਈ ਜਾਵੇਗੀ- ਡੀ. ਸੀ.
10 ਅਗਸਤ ਨੂੰ ਜ਼ਿਲਾ ਤਰਨਤਾਰਨ ’ਚ ਮਨਾਇਆ ਜਾਵੇਗਾ ਡੀ-ਵਾਰਮਿੰਗ ਦਿਵਸ
ਤਰਨਤਾਰਨ, 3 ਅਗਸਤ :
ਡੀ-ਵਾਰਮਿੰਗ ਦਿਵਸ ਦੇ ਮੌਕੇ ’ਤੇ ਜ਼ਿਲਾ ਤਰਨਤਾਰਨ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਬਾਹਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਆਂਗਣਵਾੜੀ ਕੇਂਦਰਾਂ ਅਧੀਨ ਆਉਂਦੇ 1 ਤੋਂ 5 ਸਾਲ ਦੇ 3,25,558 ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਐਲਬੈਂਡਾਜੋਲ ਦੀ ਖੁਰਾਕ ਦੇਣੀ ਯਕੀਨੀ ਬਣਾਈ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਇਸ ਸਬੰਧੀ ਅੱਜ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ, ਡਾ. ਰਣਬੀਰ ਸਿੰਘ ਰਾਣਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੇ. ਡੀ. ਸਿੰਘ ਔਲ਼ਖ, ਸਕੂਲ਼ ਹੈੱਲਥ ਕੋ-ਆਰਡੀਨੇਟਰ ਰਜਨੀ ਸ਼ਰਮਾ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ 10 ਅਗਸਤ ਨੂੰ ਡੀ-ਵਾਰਮਿੰਗ ਦਿਵਸ ਦੇ ਮੌਕੇ ‘ਤੇ ਸਿਹਤ ਵਿਭਾਗ ਵੱਲੋਂ ਜ਼ਿਲੇ ਦੇ ਆਂਗਣਵਾੜੀ, ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ਼ਾਂ ਦੇ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖੁਆਈਆਂ ਜਾਣਗੀਆਂ। ਜਿਹੜੇ ਬੱਚੇ ਰਹਿ ਜਾਣਗੇ ਉਨਾਂ ਨੂੂੂੰ 17 ਅਗਸਤ ਨੂੰ ਹੋਣ ਵਾਲੇ ਮੋਪ-ਅੱਪ-ਡੇ ਵਾਲੇ ਦਿਨ ਕਵਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਬੱਚਿਆਂ ਨੂੰ ਦਵਾਈ ਦੀ ਖੁਰਾਕ ਦੇਣੀ ਯਕੀਨੀ ਬਣਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲੇ ਦੇ ਹਰੇਕ ਬੱਚੇ ਨੂੰ ਇਹ ਦਵਾਈ ਦੇਣੀ ਯਕੀਨੀ ਬਣਾਈ ਜਾਵੇ ਅਤੇ ਕਿਸੇ ਵੀ ਏਰੀਏ ਵਿੱਚ ਰਹਿਣ ਵਾਲੇ ਖਾਸ ਕਰਕੇ ਭੱਠਿਆਂ, ਬੱਸ ਸਟੈਂਡਾਂ ਤੇ ਸਲੱਮ ਏਰੀਏ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਕਵਰ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਉਨਾਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਨ। ਉਨਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਇਹ ਗੋਲੀ ਖਾਲੀ ਪੇਟ ਬਿਲਕੁਲ ਨਾ ਖੁਆਈ ਜਾਵੇ ਤੇ ਗੋਲੀ ਨੂੰ ਅਧਿਆਪਕਾਂ ਦੀ ਨਿਗਰਾਨੀ ਵਿੱਚ ਹੀ ਖੁਆਇਆ ਜਾਵੇ। ਉਨਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਆਪਣੇ ਆਸ ਪਾਸ ਦੀ ਸਾਫ-ਸਫਾਈ ਰੱਖਣ, ਹੱਥ ਧੋ ਕੇ ਖਾਣਾ ਖਾਣ, ਸ਼ੌਚ ਜਾ ਕੇ ਹੱਥ ਧੋਣ, ਨਹੂੰਆਂ ਦੀ ਸਾਫ-ਸਫਾਈ ਰੱਖਣ ਦੀ ਪ੍ਰੇਰਣਾ ਦੇਣ।