Close

Parents showed special enthusiasm during the parents-teacher meeting, student’s performance in schools shared with parents

Publish Date : 10/03/2021
EDU
ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੇ ਵਿਖਾਇਆ ਵਿਸ਼ੇਸ਼ ਉਤਸ਼ਾਹ
ਸਕੂਲਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਮਾਪਿਆਂ ਨਾਲ ਕੀਤੀ ਸਾਂਝੀ
ਤਰਨਤਾਰਨ, 02 ਮਾਰਚ :
ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਦੇ ਪਹਿਲੇ ਦਿਨ ਮਾਪਿਆਂ ਨੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਲੈਣ, ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਕੋਰੋਨਾ ਕਾਲ ਵਿੱਚ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦਾ ਉਤਸ਼ਾਹ ਵਧਾਏ ਰੱਖਣ ਲਈ ਸਕੂਲਾਂ ਵਿੱਚ ਭਾਰੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਜ਼ਿਲ੍ਹਾ ਤਰਨਤਾਰਨ, ਸ਼੍ਰੀ ਸੁਸ਼ੀਲ ਕੁਮਾਰ ਦੀ ਅਗਵਾਈ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਰੱਖੀ ਗਈ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੂੰ ਵਿਦਿਆਰਥੀਆਂ ਦੀ ਜਨਵਰੀ, ਫਰਵਰੀ ਮਹੀਨੇ ਵਿੱਚ ਕੀਤੇ ਗਏ ਮੁਲਾਂਕਣ ਬਾਰੇ ਜਾਣਕਾਰੀ ਦਿੱਤੀ ਗਈ। 
ਇਸ ਮੌਕੇ ਸ਼੍ਰੀ ਸੁਸ਼ੀਲ ਕੁਮਾਰ ਤੁਲੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਜ਼ਿਲ੍ਹਾ ਤਰਨਤਾਰਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਦਾਨ ਕੀਤੀ ਜਾ ਰਹੀ ਪ੍ਰੀ-ਪ੍ਰਾਇਮਰੀ ਸਿੱਖਿਆ ਨੇ ਪ੍ਰਦੇਸ਼ ਦਾ ਨਾਮ ਭਾਰਤ ਵਿੱਚ ਚਮਕਾਇਆ ਹੈ। ਮਾਪੇ ਸਾਹਿਬਾਨ ਅਤੇ ਅਧਿਆਪਕ ਵਰਗ ਦੀ ਮੰਗ ਨੂੰ ਦੇਖਦੇ ਹੋਏ ਪ੍ਰੀ ਪ੍ਰਾਇਮਰੀ 1 ਨੂੰ ਐਲ ਕੇਜੀ ਅਤੇ ਪ੍ਰੀ ਪ੍ਰਾਇਮਰੀ 2 ਨੂੰ ਯੂ ਕੇਜੀ ਦਾ ਨਾਂ ਦੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ 14 ਨਵੰਬਰ, 2017 ਨੂੰ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਸ਼ੁਰੂ ਹੋਈ ਸੀ ਅਤੇ ਹੁਣ ਤਿੰਨ ਸਾਲ ਬਾਅਦ ਪੰਜਾਬ ਵਿੱਚ 3.30 ਲੱਖ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਚੁੱਕੇ ਹਨ। 
ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਮਾਪੇ ਪ੍ਰੀ-ਪ੍ਰਾਇਮਰੀ ਸਿੱਖਿਆ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਭਰਵੀਂ ਤਾਰੀਫ਼ ਕਰ ਰਹੇ ਹਨ।ਇਸ ਦੌਰਾਨ ਡੀਈਓ, ਡਿਪਟੀ ਡੀਈਓ ਐਲੀਮੈਂਟਰੀ ਤਰਨਤਾਰਨ ਦੌਰਾਨ ਮਾਪੇ ਅਧਿਆਪਕ ਮਿਲਣੀ ਦੀਆਂ ਤਿਆਰੀਆਂ ਸਬੰਧੀ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਜਾਇਜਾ ਲਿਆ।ਇਸ ਮੌਕੇ ਉਹਨਾਂ ਸੈਂਟਰ ਸਕੂਲ ਮੱਲੀਆਂ,ਨੂਰਦੀ, ਸ਼ੇਰੋਂ ਅਤੇ ਕੱਦ ਗਿੱਲ ਸਕੂਲ ਵਿਖੇ ਪ੍ਰੇਰਨਾਦਾਇਕ ਵਿਜ਼ਟ ਕੀਤੀ ਅਤੇ ਮਾਪਿਆਂ ਸਰਪ੍ਰਸਤਾਂ ਨਾਲ ਗੱਲਬਾਤ ਕੀਤੀ। 
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਤਰਨਤਾਰਨ, ਸ਼੍ਰੀ ਪਰਮਜੀਤ ਸਿੰਘ ਨੇ ਸਕੂਲ ਆਇਆਂ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਦੱਸਿਆ ਕਿ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਸਕੂਲਾਂ ਵਿੱਚ ਬਾਖੂਬੀ ਪਾਲਣ ਕੀਤਾ ਜਾ ਰਿਹਾ ਹੈ। ਉਹਨਾਂ ਨੇ ਮਾਪਿਆਂ ਨੂੰ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸਕੂਲਾਂ ਵਿੱਚ ਮਾਸਕ ਪਹਿਨਣ, ਆਪਸੀ ਦੂਰੀ ਬਣਾਈ ਰੱਖਣ ਅਤੇ ਹੱਥਾਂ ਨੂੰ ਵਾਰ-ਵਾਰ ਨਿਸ਼ਚਿਤ ਸਮੇਂ ਦੇ ਅੰਤਰਾਲ ਨਾਲ ਧੋਣ ਜਾਂ ਸੈਨੀਟਾਈਜ਼ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਮਾਪਿਆਂ ਨੂੰ ਘਰਾਂ ਵਿੱਚ ਵੀ ਇਹਨਾਂ ਹਦਾਇਤਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ।
ਇਸਦੇ ਨਾਲ ਹੀ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਸ਼ਤ-ਪ੍ਰਤੀਸ਼ਤ 2021 ਦੀ ਸਫ਼ਲਤਾ ਲਈ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਪਾਠਕ੍ਰਮ ਅਨੁਸਾਰ ਤਿਆਰੀ, ਪੰਜਾਬ ਐਜੂਕੇਅਰ ਐਪ ਦੀ ਵਰਤੋਂ ਕਰਕੇ ਪਾਠਕ੍ਰਮ ਦੀ ਦੁਹਰਾਈ, ਮਾਡਲ ਟੈਸਟ ਪੇਪਰਾਂ ਨੂੰ ਹੱਲ ਕਰਨਾ, ਨਮੂਨਾ ਪ੍ਰਸ਼ਨ ਪੱਤਰਾਂ ਬਾਰੇ ਜਾਣਕਾਰੀ ਲੈਣ ਅਤੇ ਵਧੀਆ ਤਿਆਰੀ ਲਈ ਮਾਪਿਆਂ/ਸਰਪ੍ਰਸਤਾਂ ਦੇ ਸਹਿਯੋਗ ਬਾਰੇ ਵੀ ਚਰਚਾ ਕੀਤੀ ਗਈ। 
ਮਾਪੇ ਅਧਿਆਪਕ ਮਿਲਣੀ ਦੌਰਾਨ ਸਕੂਲਾਂ ਨੇ ਵਿਦਿਆਰਥੀਆਂ ਦੀ ਸੁੰਦਰ ਲਿਖਾਈ, ਪੇਟਿੰਗ, ਹੱਥ ਲਿਖਤ ਮੈਗਜ਼ੀਨ, ਸਮਰ ਕੈਂਪ ਦੌਰਾਨ ਘਰ ਬੈਠ ਕੇ ਵੇਸਟ ਮਟੀਰੀਅਲ ਤੋਂ ਤਿਆਰ ਕੀਤੀ ਸਿੱਖਣ ਸਹਾਇਕ ਸਮੱਗਰੀ, ਪ੍ਰੀ-ਪ੍ਰਾਇਮਰੀ ਵਿੱਚ ਵਰਤੀ ਜਾਣ ਵਾਲੀ ਸਿੱਖਣ ਸਹਾਇਕ ਸਮੱਗਰੀ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖ੍ਰੀਦੇ ਗਏ ਖਿਡੌਣਿਆਂ ਅਤੇ ਹੋਰ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਜਿਸ ਦੀ ਮਾਪਿਆਂ ਨੇ ਰੱਜ ਕੇ ਪ੍ਰਸ਼ੰਸਾ ਕੀਤੀ।
ਮਾਪੇ-ਅਧਿਆਪਕ ਮਿਲਣੀ ਵਿੱਚ ਸ਼ਾਮਿਲ ਹੋਏ ਮਾਪਿਆਂ ਅਤੇ ਸਰਪ੍ਰਸਤਾਂ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ। ਕਈ ਥਾਂਈ ਮਾਪਿਆਂ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਕੋਰੋਨਾ ਕਾਲ ਦੌਰਾਨ ਮੁਸ਼ਕਿਲ ਸਮੇਂ ਵਿੱਚ ਵਿਦਿਆਰਥੀਆਂ ਦਾ ਹੌਂਸਲਾ ਬਣਾਈ ਰੱਖਣ ਲਈ ਵਾਰ-ਵਾਰ ਫੋਨ ਜਾਂ ਵੀਡੀਓ ਕਾਲ ਕਰਨ ਅਤੇ ਸਮੇਂ ਅਨੁਸਾਰ ਕਿਤਾਬਾਂ ਅਤੇ ਮਿਡ-ਡੇ-ਮੀਲ ਘਰਾਂ ਵਿੱਚ ਪਹੁੰਚਾਉਣ ਲਈ ਮਾਪਿਆਂ ਨੇ ਉਚੇਚੇ ਤੌਰ `ਤੇ ਧੰਨਵਾਦ ਕੀਤਾ।
ਮਾਪੇ-ਅਧਿਆਪਕ ਮਿਲਣੀਆਂ ਵਿੱਚ ਸਕੂਲ ਮੁਖੀਆਂ ਨੇ ਮਾਪਿਆਂ ਨੂੰ ਪਿਛਲੇ ਦਿਨਾਂ ਵਿੱਚ ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਹੋਏ ਵਿਕਾਸ, ਸਕੂਲ ਨੂੰ ਸਮਾਰਟ ਬਣਾਉਣ ਲਈ ਕੀਤੇ ਉਪਰਾਲਿਆਂ, ਸਮਾਰਟ ਕਲਾਸਰੂਮਾਂ ਵਿੱਚ ਲਗਾਏ ਗਏ ਪ੍ਰੋਜੈਕਟਰਾਂ ਅਤੇ ਐੱਲ.ਈ.ਡੀਜ਼., ਸਕੂਲਾਂ ਵਿੱਚ ਕਰਵਾਏ ਗਏ ਬਾਲਾ ਵਰਕ ਅਤੇ ਹੋਰ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ।ਇਸ ਸਮੇਂ ਉਹਨਾਂ ਦੇ ਨਾਲ ਪ੍ਰੇਮ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਾਜ਼ਰ ਸਨ।