Close

Punjab Deputy Chief Minister Mr. Om Prakash Soni conducted a surprise check of Civil Hospital Tarn Taran

Publish Date : 22/11/2021
Dy. CM

ਉੱਪ ਮੁੱਖ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਦੀ ਅਚਨਚੇਤ ਚੈਕਿੰਗ
ਪੰਜਾਬ ਵਿਚ 02 ਕਰੋੜ 32 ਲੱਖ ਵਿਅਕਤੀਆਂ ਨੂੰ ਲਗਾਈ ਜਾ ਚੁੱਕੀ ਹੈ ਕੋਰੋਨਾ ਵੈਕਸੀਨ
ਪੰਜਾਬ ਵਿਚ ਡੇਂਗੂ ਦੇ 21521 ਮਰੀਜ਼ਾਂ ਦੀ ਹੋਈ ਪਛਾਣ, ਕੀਤਾ ਜਾ ਰਿਹਾ ਹੈ ਮੁਫ਼ਤ ਇਲਾਜ਼
ਤਰਨ ਤਾਰਨ, 18 ਨਵੰਬਰ :
ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਤਰਨ ਤਾਰਨ ਵਿਖੇ ਪਹੁੰਚ ਕੇ ਸਿਵਲ ਹਸਪਤਾਲ ਤਰਨ ਤਾਰਨ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਨਾਂ ਨੇ ਜ਼ਿਲਾ ਹਸਪਤਾਲ ਵਿਚ ਵੱਖ-ਵੱਖ ਵਾਰਡਾਂ ਵਿਚ ਦਾਖ਼ਲ ਜਿਥੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਪਾਸੋਂ ਇਲਾਜ ਦੌਰਾਨ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਉਨਾਂ ਨੇ ਹਸਪਤਾਲ ਦੇ ਪ੍ਰਬੰਧਾਂ ਵਿਚ ਜ਼ਿਆਦਾਤਰ ਕੰਮਾਂ ’ਚ ਤਸੱਲੀ ਪ੍ਰਗਟ ਕੀਤੀ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਨਾ ਮਿਲਣ ਦੀ ਗੱਲ ਸਾਹਮਣੇ ਆਉਣ ’ਤੇ ਇਸ ਦੀ ਜਾਂਚ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਕਰਕੇ ਭੇਜਣ ਲਈ ਕਿਹਾ।
ਇਸ ਮੌਕੇ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਵਧ ਰਹੇ ਡੇਂਗੂ ਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹੁਣ ਤੱਕ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ 56 ਹਜ਼ਾਰ ਦੇ ਕਰੀਬ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਗਏ ਹਨ, ਜਿੰਨਾਂ ਵਿਚੋਂ 21521 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਹੁਣ ਤੱਕ 76 ਡੇਂਗੂ ਮਰੀਜ਼ਾਂ ਦੀ ਮੌਤ ਹੋਈ ਹੈ। ਪੰਜਾਬ ਦੇ 40 ਸਰਕਾਰੀ ਲੈਬਾਰਟਰੀ ਕੇਂਦਰਾਂ ਵਿਚ ਡੇਂਗੂ ਦੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ ਅਤੇ ਡੇਂਗੂ ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਵੀ ਮੁਫ਼ਤ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਹਸਪਤਾਲਾਂ ਲਈ ਡੇਂਗੂ ਟੈਸਟ ਦੀ ਜਾਂਚ ਲਈ 6 ਸੌ ਰੁਪਏ ਦੀ ਕੀਮਤ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਵੱਧ ਪੈਸੇ ਵਸੂਲਣ ਵਾਲੀਆਂ ਲੈਬਾਰਟਰੀਆਂ ਦੇ ਖ਼ਿਲਾਫ਼ ਸਰਕਾਰ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਸੋਨੀ ਨੇ ਕਿਹਾ ਕਿ ਹੁਣ ਤੱਕ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਪੰਜਾਬ ਵਿਚ 1 ਕਰੋੜ 59 ਲੱਖ ਸੈਂਪਲ ਲਏ ਗਏ ਹਨ, ਜਿੰਨਾਂ ਵਿਚੋਂ 6 ਲੱਖ 28 ਹਜ਼ਾਰ 700 ਵਿਅਕਤੀ ਪਾਜ਼ੀਟਿਵ ਆਏ ਹਨ ਅਤੇ ਇਨਾਂ ਦੇ ਸਰਕਾਰੀ ਹਸਪਤਾਲਾਂ ਵਿਚ ਕੀਤੇ ਗਏ ਇਲਾਜ ਤੋਂ ਬਾਅਦ 5 ਲੱਖ 85 ਹਜ਼ਾਰ 986 ਵਿਅਕਤੀ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਹੁਣ ਕੇਵਲ 300 ਮਰੀਜ਼ ਹੀ ਕੋਰੋਨਾ ਤੋਂ ਪ੍ਰਭਾਵਿਤ ਹਨ, ਜਿੰਨਾਂ ਵਿਚੋਂ ਜ਼ਿਆਦਾਤਰ ਨੂੰ ਘਰਾਂ ਵਿਚ ਹੀ ਇਕਾਂਤਵਾਸ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਕੋਰੋਨਾ ਕਾਰਨ ਸੂਬੇ ਵਿਚ 16575 ਮੌਤਾਂ ਹੋਈਆਂ ਹਨ।
ਸ੍ਰੀ ਸੋਨੀ ਨੇ ਦੱਸਿਆ ਕਿ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਵਿਚ 2 ਕਰੋੜ 32 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ, ਜਿੰਨਾਂ ਵਿਚ 1 ਕਰੋੜ 63 ਲੱਖ ਲੋਕਾਂ ਨੇ ਪਹਿਲੀ ਡੋਜ਼, ਜਦਕਿ ਬਾਕੀ 69 ਲੱਖ ਦੇ ਕਰੀਬ ਲੋਕਾਂ ਨੇ ਦੂਸਰੀ ਡੋਜ਼ ਵੀ ਲਗਵਾ ਲਈ ਹੈ। ਉਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ, ਸਟਾਫ਼ ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਘਾਟ ਨੂੰ ਦੇਖਦਿਆਂ ਹੋਇਆਂ ਭਰਤੀ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ਵਿਚ ਪੂਰਾ ਕਰ ਲਿਆ ਜਾਵੇਗਾ।
ਉਨਾਂ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਾਰਨ ਵਿਚ ਬਾਕੀ ਕੰਮਕਾਜ ਤਾਂ ਬਿੱਲਕੁਲ ਸਹੀ ਪਾਇਆ ਗਿਆ ਹੈ, ਪਰ ਆਉਣ ਵਾਲੇ ਮਰੀਜ਼ਾਂ ਨੂੰ ਸਰਕਾਰੀ ਦਵਾਈਆਂ ਪੂਰੀਆਂ ਨਾ ਮਿਲਣ ਦੀ ਮਰੀਜ਼ਾਂ ਗੱਲ ਕਹੀ ਹੈ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਜਾਂਚ ਕਰਕੇ ਉਨਾਂ ਨੂੰ ਰਿਪੋਰਟ ਕਰਨਗੇ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਕਾਰਜਕਾਰੀ ਐੱਸ. ਐੱਮ. ਓ. ਡਾ. ਸੰਦੀਪ ਸਿੰਘ ਕਾਲੜਾ ਅਤੇ ਹੋਰ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।