Close

Punjab Government is fully prepared to deal with any situation related to COVID-19 – Vini Mahajan

Publish Date : 27/07/2020
Mission Fateh

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਕੋਵਿਡ-19 ਸਬੰਧੀ ਕਿਸੇ ਵੀ ਤਰਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ -ਵਿਨੀ ਮਹਾਜਨ
ਜ਼ਿਲ੍ਹਿਆਂ ਵਿੱਚ 7000 ਬਿਸਤਰਿਆਂ ਦੀ ਸਮਰੱਥਾ ਨਾਲ ਕੋਵਿਡ ਕੇਅਰ ਸੈਂਟਰ ਸਥਾਪਤ
ਲੋੜ ਪੈਣ ’ਤੇ 28,000 ਤੱਕ ਵਧਾਈ ਜਾ ਸਕਦੀ ਹੈ ਸਮਰੱਥਾ
ਤਰਨ ਤਾਰਨ, 26 ਜੁਲਾਈ :
ਰਾਜ ਦੇ ਕੁਝ ਜ਼ਿਲਿਆਂ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਕੋਰੋਨਾ ਵਾਇਰਸ ਸਬੰਧੀ ਕਿਸੇ ਵੀ ਤਰਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 6190 ਬੈੱਡ ਪਹਿਲਾਂ ਹੀ ਉਪਲੱਬਧ ਹਨ।
ਸੂਬੇ ਭਰ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਸਬੰਧੀ ਬੁਨਿਆਦੀ ਢਾਂਚੇ ਅਤੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਕੋਵਿਡ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਸੂਬੇ ਦੇ ਹਸਪਤਾਲਾਂ ਵਿੱਚ ਬਿਸਤਰਿਆਂ, ਵੈਂਟੀਲੇਟਰਾਂ ਦੀ ਲੋੜੀਂਦੀ ਸਮਰੱਥਾ ਤੋਂ ਇਲਾਵਾ ਪੀਪੀਈ ਕਿੱਟਾਂ, ਮਾਸਕ ਅਤੇ ਟੈਸਟਿੰਗ ਕਿੱਟਾਂ ਦਾ ਢੁੱਕਵਾਂ ਪ੍ਰਬੰਧ ਹੈ।ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਹਾਲਾਂਕਿ ਸਥਿਤੀ ਕੰਟਰੋਲ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨਾਂ ਨੇ ਲੋਕਾਂ ਨੂੰ ਸਿਹਤ ਅਤੇ ਸੁਰੱਖਿਆ ਸਬੰਧੀ ਪੋ੍ਟੋਕੋਲ ਜਿਵੇਂ ਸਮਾਜਿਕ ਦੂਰੀ, ਸਹੀ ਤਰਾਂ ਮਾਸਕ ਪਹਿਨਣ, ਵਾਰ-ਵਾਰ ਹੱਥ ਧੋਣ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।
ਮੁੱਖ ਸਕੱਤਰ ਨੇ ਕਿਹਾ ਕਿ ਡਿਪਟੀ ਕਮਿਸਨਰਾਂ ਨੂੰ ਜ਼ਿਲੇ ਦੇ ਨਿੱਜੀ ਹਸਪਤਾਲਾਂ ਨਾਲ ਤਾਲਮੇਲ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ ਤਾਂ ਜੋ ਕੋਵਿਡ ਮਰੀਜਾਂ ਦੇ ਇਲਾਜ ਲਈ ਬਿਸਤਰਿਆਂ ਦੀ ਉਪਲਬਧਤਾ ਨੂੰ ਵਧਾਇਆ ਜਾ ਸਕੇ ਜਿਸ ਦੇ ਨਤੀਜੇ ਵਜੋਂ ਹੁਣ ਤੱਕ ਲਗਭਗ 2000 ਬਿਸਤਰਿਆਂ ਦੀ ਉਪਲੱਬਧਾ ਯਕੀਨੀ ਬਣਾਈ ਜਾ ਚੁੱਕੀ ਹੈ।ਉਨਾਂ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹਾਟਸਪੌਟ ਵਾਲੇ ਜ਼ਿਲਿਆਂ ਵਿੱਚ ਤੇਜ਼ੀ ਨਾਲ ਟੈਸਟਿੰਗ ਕਰਨ ਦਾ ਅਮਲ ਪਹਿਲਾਂ ਹੀ ਸੁਰੂ ਕਰ ਦਿੱਤਾ ਗਿਆ ਸੀ।
ਵਿਨੀ ਮਹਾਜਨ ਨੇ ਦੱਸਿਆ ਕਿ ਲੈਵਲ 2 ਅਤੇ 3 ਸਹੂਲਤਾਂ ਲਈ ਸੂਬੇ ਭਰ ਵਿਚ 5000 ਬਿਸਤਰੇ ਪਹਿਲਾਂ ਹੀ ਉਪਲੱਬਧ ਹਨ। ਹਰੇਕ ਜ਼ਿਲੇ ਵਿਚ ਮੈਡੀਕਲ ਮਾਹਿਰਾਂ ਦਾ ਇਕ ਸਮਰਪਿਤ ਸਮੂਹ ਗਠਿਤ ਕੀਤਾ ਗਿਆ ਹੈ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਮਰੀਜਾਂ ਨੂੰ ਉਨਾਂ ਦੀਆਂ ਡਾਕਟਰੀ ਜਰੂਰਤਾਂ ਅਨੁਸਾਰ ਦਾਖ਼ਲ/ ਇਲਾਜ ਕੀਤਾ ਜਾਂਦਾ ਹੈ ਜਿਵੇਂ ਕਿ ਰਿਵਰਸ ਰੈਫਰਲ’ ਭਾਵ ਜਿਸ ਮਰੀਜ ਨੂੰ ਲੈਵਲ 3 ਸਹੂਲਤ ਵਿੱਚ ਹੁਣ ਵੈਂਟੀਲੇਟਰ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਇਲਾਜ ਅਤੇ ਪ੍ਰਬੰਧਨ ਦੀ ਲੋੜ ਹੈ ਤਾਂ ਅਜਿਹੇ ਮਰੀਜ਼ ਨੂੰ ਲੈਵਲ 2 ਫੈਸਿਲਿਟੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਸੂਬਾਈ ਸਰਕਾਰ ਨੇ ਪਹਿਲਾਂ ਹੀ 60 ਸਾਲ ਤੋਂ ਘੱਟ ਉਮਰ ਦੇ ਹਲਕੇ ਜਾਂ ਬਗੈਰ ਲੱਛਣਾਂ ਵਾਲੇ ਮਾਮਲਿਆਂ ਲਈ ਆਪਣੀ ਕੋਵਿਡ ਕੇਅਰ ਸਮਰੱਥਾ ਨੂੰ ਵਧਾ ਲਿਆ ਹੈ ਜਿਸ ਤਹਿਤ ਸੂਬੇ ਦੇ 10 ਜ਼ਿਲਿਆਂ ’ਚ 7520 ਬਿਸਤਰਿਆਂ ਦੀ ਸਮਰੱਥਾ ਨਾਲ ਨਵੇਂ ਲੈਵਲ-1 ਕੋਵਿਡ ਕੇਅਰ ਸੈਂਟਰ (ਸੀ.ਸੀ.ਸੀਜ਼) ਸ਼ੁਰੂ ਕੀਤੇ ਗਏ ਹਨ।ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਬਾਕੀ 12 ਜ਼ਿਲਿਆਂ ਵਿੱਚ ਵੀ ਇਸੇ ਤਰਾਂ 100 ਬਿਸਤਰਿਆਂ (ਹਰੇਕ) ਦੀ ਸਮਰੱਥਾ ਵਾਲੇ ਅਜਿਹੇ ਸੈਂਟਰ ਜਲਦ ਹੀ ਖੋਲੇ ਜਾਣਗੇ।
ਵਿਨੀ ਮਹਾਜਨ ਨੇ ਦੱਸਿਆ ਕਿ 10 ਜ਼ਿਲਿਆਂ ਵਿੱਚ ਨਵੇਂ ਕੋਵਿਡ ਕੇਅਰ ਸੈਂਟਰ ਵੱਖ-ਵੱਖ ਬਿਸਤਰਿਆਂ ਦੀ ਸਮਰੱਥਾ ਨਾਲ ਚਾਲੂ ਕੀਤੇ ਜਾ ਚੁੱਕੇ ਹਨ। ਇਨਾਂ ਵਿੱਚ ਜਲੰਧਰ ’ਚ 1000 ਬਿਸਤਰਿਆਂ ਦੀ ਸਮਰੱਥਾ ਹੈ, ਅੰਮ੍ਰਿਤਸਰ ਵਿੱਚ 1000, ਪਟਿਆਲਾ ਵਿੱਚ 470, ਬਠਿੰਡਾ ਵਿੱਚ 950, ਲੁਧਿਆਣਾ ਵਿੱਚ 1200, ਸੰਗਰੂਰ ਵਿੱਚ 800, ਐਸ.ਏ.ਐਸ. ਨਗਰ ਮੁਹਾਲੀ ਵਿੱਚ ਗਿਆਨ ਸਾਗਰ ਹਸਪਤਾਲ ਵਿਖੇ 500 ਬੈੱਡ ਅਤੇ ਚੰਡੀਗੜ ਯੂਨੀਵਰਸਿਟੀ ਵਿੱਚ 1000 ਬਿਸਤਰੇ, ਪਠਾਨਕੋਟ ਵਿੱਚ 400, ਫਾਜ਼ਿਲਕਾ ਵਿੱਚ 100 ਅਤੇ ਫਰੀਦਕੋਟ ਵਿੱਚ 100 ਬਿਸਤਰਿਆਂ ਦੀ ਸਮਰੱਥਾ ਹੈ। 7000 ਬਿਸਤਰਿਆਂ ਦੀ ਸਮਰੱਥਾ ਵਾਲੇ ਇਹ ਕੇਂਦਰ ਮੈਰੀਟੋਰੀਅਸ ਸਕੂਲਾਂ ਅਤੇ ਹੋਰ ਸੰਸਥਾਵਾਂ ਵਿੱਚ ਚਲਾਏ ਜਾ ਰਹੇ ਹਨ ਅਤੇ ਕੇਸ ਵਧਣ ਦੀ ਸੂਰਤ ਵਿੱਚ ਇਨਾਂ ਨੂੰ 28000 ਬੈੱਡਾਂ ਤੱਕ ਵਧਾਇਆ ਜਾ ਸਕਦਾ ਹੈ। ਇਨਾਂ ਕੇਂਦਰਾਂ ਨੂੰ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਨਾਂ ਵਿੱਚ ਬਿਨਾਂ ਕਿਸੇ ਲੱਛਣ ਅਤੇ ਸ਼ੂਗਰ ਤੇ ਹਾਈਪਰਟੈਂਸ਼ਨ ਵਰਗੀਆਂ ਕਰੌਨਿਕ ਬਿਮਾਰੀਆਂ ਜਿਹੇ ਸਹਿ-ਰੋਗ ਤੋਂ ਬਿਨਾਂ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਅਲਹਿਦਗੀ ਵਿੱਚ ਰੱਖਣ ਲਈ ਵਰਤਿਆ ਜਾ ਰਿਹਾ ਹੈ।
—————–